ਡਾ.ਓਬਰਾਏ ਦੇ ਯਤਨਾਂ ਸਦਕਾ 24 ਸਾਲਾ ਚਾਹਤਬੀਰ ਦਾ ਮ੍ਰਿਤਕ ਸਰੀਰ ਦੁਬਈ ਤੋਂ ਵਤਨ ਪੁੱਜਾ

490
ਚਾਹਤਬੀਰ ਸਿੰਘ ਮ੍ਰਿਤਕ ਸਰੀਰ ਪ੍ਰਾਪਤ ਕਰਨ ਮੌਕੇ ਪਰਿਵਾਰਕ ਮੈਂਬਰ।
Share

ਮ੍ਰਿਤਕ ਵਿਧਵਾ ਅਧਿਆਪਕਾ ਦਾ ਇਕਲੌਤਾ ਪੁੱਤਰ ਸੀ
ਸਰਬੱਤ ਦਾ ਭਲਾ ਟਰੱਸਟ ਨੇ ਹੁਣ ਤੱਕ 246 ਬਦਨਸੀਬਾਂ ਦੇ ਮ੍ਰਿਤਕ ਸਰੀਰ ਵਾਰਸਾਂ ਤੱਕ ਪਹੁੰਚਾਏ

ਅੰਮ੍ਰਿਤਸਰ,  8 ਅਗਸਤ (ਪੰਜਾਬ ਮੇਲ)- ਖਾੜੀ ਮੁਲਕਾਂ ‘ਚ ਕਰਨ ਵਾਲੇ ਲੋਕਾਂ ਦੀ ਹਰ ਮੁਸ਼ਕਲ ਘੜੀ ‘ਚ ਰਹਿਬਰ ਬਣ ਮਦਦ ਕਰਨ ਵਾਲੇ ਦੁਬਈ ਦੇ ਉੱਘੇ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਟਰੱਸਟ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਡਾ.ਐਸ.ਪੀ.ਸਿੰਘ ਓਬਰਾਏ ਦੇ ਯਤਨਾਂ ਸਦਕਾ ਤਰਨਤਾਰਨ  ਜ਼ਿਲ੍ਹੇ ਦੇ ਪਿੰਡ ਸਰਹਾਲੀ ਕਲਾਂ ਦੇ 24 ਸਾਲਾ ਨੌਜਵਾਨ ਚਾਹਤਬੀਰ ਸਿੰਘ ਪੁੱਤਰ ਸਵ. ਸੁਖਬੀਰ ਸਿੰਘ ਦਾ ਮਿ੍ਤਕ ਸਰੀਰ ਮੌਤ ਤੋਂ ਕਰੀਬ 18 ਦਿਨਾਂ ਬਾਅਦ ਬੀਤੀ ਦੇਰ ਰਾਤ ਦੁਬਈ ਤੋਂ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ ਰਾਜਾਸਾਂਸੀ,ਅੰਮ੍ਰਿਤਸਰ ਵਿਖੇ ਪਹੁੰਚਿਆ।
ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ.ਐੱਸ.ਪੀ.ਸਿੰਘ ਓਬਰਾਏ ਨੇ ਦੱਸਿਆ ਕਿ ਚਾਹਤਬੀਰ ਸਿੰਘ ਤਰਨਤਾਰਨ ਜ਼ਿਲ੍ਹੇ ਦੀ ਇੱਕ ਵਿਧਵਾ ਅਧਿਆਪਕਾ ਦਾ ਇਕਲੌਤਾ ਪੁੱਤਰ ਸੀ। ਉਹ ਦਸੰਬਰ 2020 ਨੂੰ ਆਪਣੇ ਚੰਗੇਰੇ ਭਵਿੱਖ ਦੀ ਆਸ ਲੈ ਕੇ ਦੁਬਈ ‘ਚ ਕੰਮ ਕਰਨ ਲਈ ਆਇਆ ਸੀ ਪਰ ਬੀਤੀ 19 ਜੁਲਾਈ ਨੂੰ ਅਚਾਨਕ ਕਿਸੇ ਕਾਰਨ ਉਸ ਦੀ ਮੌਤ ਹੋ ਗਈ ਸੀ।   ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰ ਵੱਲੋਂ ਕੀਤੀ ਗਈ ਵੱਡੀ ਜੱਦੋ ਜਹਿਦ ਉਪਰੰਤ ਜਦ ਉਹ ਚਾਹਤਬੀਰ ਦਾ ਮ੍ਰਿਤਕ ਸਰੀਰ ਵਾਪਸ ਭਾਰਤ ਲਿਆਉਣ ‘ਚ ਸਫ਼ਲ ਨਹੀਂ ਹੋਏ ਤਾਂ ਉਨ੍ਹਾਂ ਨੇ ਟਰੱਸਟ ਦੀ ਅੰਮ੍ਰਿਤਸਰ ਇਕਾਈ ਰਾਹੀਂ ਉਨ੍ਹਾਂ ਨਾਲ ਸੰਪਰਕ ਕਰ ਕੇ ਆਪਣੀ ਬੇਵਸੀ ਦਾ ਹਵਾਲਾ ਦਿੰਦਿਆਂ ਮ੍ਰਿਤਕ ਦੇਹ ਭਾਰਤ ਪਹੁੰਚਾਉਣ ਵਿਚ ਸਹਿਯੋਗ ਕਰਨ ਲਈ ਕਿਹਾ ਸੀ। ਜਿਸ ਉਪਰੰਤ ਉਨ੍ਹਾਂ ਨੇ ਭਾਰਤੀ ਦੂਤਾਵਾਸ ਦੇ ਵਿਸ਼ੇਸ਼ ਸਹਿਯੋਗ ਸਦਕਾ ਆਪਣੇ ਨਿੱਜੀ ਸਕੱਤਰ ਬਲਦੀਪ ਸਿੰਘ ਚਾਹਲ ਦੀ ਦੇਖ-ਰੇਖ ‘ਚ ਜਲਦ ਸਾਰੀ ਲੋੜੀਂਦੀ ਕਾਗਜ਼ੀ ਕਾਰਵਾਈ ਮੁਕੰਮਲ ਕਰਵਾ ਕੇ ਚਾਹਤਬੀਰ ਦੇ ਮ੍ਰਿਤਕ ਸਰੀਰ ਨੂੰ ਬੀਤੀ ਦੇਰ ਰਾਤ  ਭਾਰਤ ਭੇਜ ਕੇ ਉਸ ਦੇ ਵਾਰਸਾਂ ਨੂੰ ਸੌੰਪ ਦਿੱਤਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਪੀੜਤ ਪਰਿਵਾਰ ਦੇ ਆਰਥਿਕ ਪੱਖੋਂ ਸਮਰੱਥ ਹੋਣ ਕਾਰਨ ਚਾਹਤਬੀਰ ਦੇ ਮ੍ਰਿਤਕ ਸਰੀਰ ਨੂੰ ਭਾਰਤ ਭੇਜਣ ਤੇ ਹੋਇਆ ਖ਼ਰਚ ਉਸਦੇ ਪਰਿਵਾਰ ਨੇ ਹੀ ਕੀਤਾ ਹੈ।
ਜ਼ਿਕਰਯੋਗ ਹੈ ਕਿ ਡਾ. ਓਬਰਾਏ ਦੇ ਯਤਨਾਂ ਸਦਕਾ ਹੁਣ ਤੱਕ 246 ਬਦਨਸੀਬ ਲੋਕਾਂ ਦੇ ਮਿ੍ਤਕ ਸਰੀਰ ਉਨ੍ਹਾਂ ਦੇ ਵਾਰਸਾਂ ਤੱਕ ਪਹੁੰਚਾਏ ਜਾ ਚੁੱਕੇ ਹਨ।
ਹਵਾਈ ਅੱਡੇ ਤੋਂ ਮ੍ਰਿਤਕ ਸਰੀਰ ਲੈਣ ਪਹੁੰਚੇ ਚਾਹਤਬੀਰ ਸਿੰਘ ਮਾਸੜ ਇੰਸ: ਸੁੱਖਸਿਮਰਤਪਾਲ ਸਿੰਘ,ਚਾਚਾ ਪ੍ਰਦੀਪ ਸਿੰਘ ਤੇ ਹੋਰਨਾਂ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਮਾਸਟਰ ਗੁਰਵਿੰਦਰ ਸਿੰਘ ਬੱਬੂ ਪੱਟੀ ਤੇ ਗੁਰਿੰਦਰ ਸਿੰਘ ਜੌਹਲ  ਆਦਿ ਨੇ ਉਸਦੀ ਮ੍ਰਿਤਕ ਦੇਹ ਲੈ ਕੇ ਆਉਣ ਲਈ ਵੱਡਾ ਸਹਿਯੋਗ ਕਰਨ ‘ਤੇ ਡਾ.ਐੱਸ.ਪੀ.ਸਿੰਘ ਓਬਰਾਏ ਦਾ ਤਹਿ ਦਿਲੋਂ ਸ਼ੁਕਰਾਨਾ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਦੇ ਸਹਿਯੋਗ ਸਦਕਾ ਹੀ ਚਾਹਤਬੀਰ ਦੀਆਂ ਅੰਤਿਮ ਰਸਮਾਂ ਉਸ ਦੇ ਜੱਦੀ ਪਿੰਡ ਵਿਖੇ ਹੋਣੀਆਂ ਸੰਭਵ ਹੋਈਆਂ ਹਨ। ਦੱਸਣਯੋਗ ਹੈ ਕਿ ਅੱਜ ਸਵੇਰੇ 9 ਕਰੀਬ ਵਜੇ ਦੇ ਕਰੀਬ ਚਾਹਤਬੀਰ ਦਾ ਅੰਤਿਮ ਸਸਕਾਰ ਉਸਦੇ ਜੱਦੀ ਪਿੰਡ ਸਰਹਾਲੀ ਕਲਾਂ ਵਿਖੇ ਕਰ ਦਿੱਤਾ ਗਿਆ ਹੈ।


Share