ਡਾ. ਓਬਰਾਏ ਦੇ ਯਤਨਾਂ ਸਦਕਾ ਦੁਬਈ ’ਚ 2 ਮਹੀਨਿਆਂ ਤੋਂ ਲਾਵਾਰਸ ਪਈ ਨਿਰਮਲ ਚੰਦ ਦੀ ਮ੍ਰਿਤਕ ਦੇਹ ਪਰਿਵਾਰਕ ਮੈਂਬਰਾਂ ਦੇ ਸਪੁਰਦ

112
ਹਵਾਈ ਅੱਡੇ ’ਤੇ ਪੀੜਤ ਪਰਿਵਾਰ ਨੂੰ ਨਿਰਮਲ ਚੰਦ ਦੀ ਮਿ੍ਰਤਕ ਦੇਹ ਸੌਂਪਣ ਮੌਕੇ ਟਰੱਸਟ ਦੇ ਅਹੁਦੇਦਾਰ ਤੇ ਮ੍ਰਿਤਕ ਨਿਰਮਲ ਚੰਦ ਦੀ ਫਾਈਲ ਤਸਵੀਰ।
Share

ਅੰਮਿ੍ਰਤਸਰ, 13 ਅਪ੍ਰੈਲ (ਪੰਜਾਬ ਮੇਲ)- ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਡਾ. ਐੱਸ.ਪੀ. ਸਿੰਘ ਓਬਰਾਏ ਦੇ ਯਤਨਾਂ ਸਦਕਾ ਨਵਾਂਸ਼ਹਿਰ ਜ਼ਿਲ੍ਹੇ ਦੇ ਪਿੰਡ ਸੰਧਵਾਂ ਨਾਲ ਸੰਬੰਧਤ 27 ਸਾਲਾ ਨਿਰਮਲ ਚੰਦ ਪੁੱਤਰ ਗੁਰਮੇਲ ਰਾਮ ਦੀ ਮ੍ਰਿਤਕ ਦੇਹ ਦੁਬਈ ਤੋਂ ਅੰਮਿ੍ਰਤਸਰ ਦੇ ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਪੁੱਜੀ। ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਡਾ. ਐੱਸ.ਪੀ. ਸਿੰਘ ਓਬਰਾਏ ਨੇ ਦੱਸਿਆ ਕਿ ਨਿਰਮਲ ਚੰਦ ਵੀ ਹੋਰਨਾਂ ਨੌਜਵਾਨਾਂ ਵਾਂਗ ਆਪਣੇ ਪਰਿਵਾਰ ਦੇ ਆਰਥਿਕ ਹਾਲਾਤ ਸੁਧਾਰਨ ਲਈ ਕਰੀਬ ਢਾਈ ਵਰ੍ਹੇ ਪਹਿਲਾਂ ਦੁਬਈ ਮਿਹਨਤ ਕਰਨ ਆਇਆ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਵੇਲੇ ਇਥੇ ਪੇਂਟਰ ਦਾ ਕੰਮ ਕਰਦਾ ਸੀ ਕਿ ਬੀਤੀ 2 ਫਰਵਰੀ ਨੂੰ ਉਸ ਦੀ ਕਿਸੇ ਕਾਰਨ ਇਕ ਉੱਚੀ ਬਿਲਡਿੰਗ ਤੋਂ ਡਿੱਗਣ ਕਰਕੇ ਮੌਤ ਹੋ ਗਈ ਸੀ। ਉਨ੍ਹਾਂ ਦੱਸਿਆ ਕਿ ਦੁਬਈ ਪੁਲਿਸ ਨੇ ਭਾਰਤੀ ਦੂਤਾਵਾਸ ਰਾਹੀਂ ਉਨ੍ਹਾਂ ਨਾਲ ਸੰਪਰਕ ਕਰਕੇ ਉਕਤ ਨੌਜਵਾਨ ਦੀ ਪਿਛਲੇ 2 ਮਹੀਨਿਆਂ ਤੋਂ ਲਾਵਾਰਸ ਪਈ ਮਿ੍ਰਤਕ ਦੇਹ ਸੰਬੰਧੀ ਉਸ ਦੇ ਵਾਰਸਾਂ ਨੂੰ ਜਾਣੂੰ ਕਰਵਾਉਣ ਲਈ ਕਿਹਾ ਸੀ, ਜਿਸ ਉਪਰੰਤ ਸਾਰੀ ਜਾਣਕਾਰੀ ਲੈ ਕੇ ਉਨ੍ਹਾਂ ਟਰੱਸਟ ਦੀ ਦੋਆਬਾ ਟੀਮ ਦੇ ਇੰਚਾਰਜ ਅਮਰਜੋਤ ਸਿੰਘ ਰਾਹੀਂ ਪਿੰਡ ਸੰਧਵਾ ਦੀ ਪੰਚਾਇਤ ਦੀ ਹਾਜ਼ਰੀ ’ਚ ਪੀੜਤ ਪਰਿਵਾਰ ਨੂੰ ਇਸ ਅਣਹੋਣੀ ਤੋਂ ਜਾਣੂ ਕਰਵਾਇਆ ਸੀ। ਪਰਿਵਾਰ ਨਾਲ ਰਾਬਤਾ ਹੋਣ ’ਤੇ ਉਨ੍ਹਾਂ ਭਾਰਤੀ ਦੂਤਾਵਾਸ ਦੇ ਸਹਿਯੋਗ ਅਤੇ ਆਪਣੇ ਨਿੱਜੀ ਸਕੱਤਰ ਬਲਦੀਪ ਸਿੰਘ ਚਾਹਲ ਦੀ ਦੇਖਰੇਖ ’ਚ ਤੁਰੰਤ ਸਾਰੀ ਲੋੜੀਂਦੀ ਕਾਗਜ਼ੀ ਕਾਰਵਾਈ ਮੁਕੰਮਲ ਕਰਵਾ ਕੇ ਨਿਰਮਲ ਚੰਦ ਦਾ ਮਿ੍ਰਤਕ ਸਰੀਰ ਭਾਰਤ ਭੇਜਿਆ। ਉਨ੍ਹਾਂ ਦੱਸਿਆ ਕਿ ਉਨ੍ਹਾਂ ਫੈਸਲਾ ਕੀਤਾ ਹੈ ਕਿ ਨਿਰਮਲ ਚੰਦ ਦੀ ਬਜ਼ੁਰਗ ਮਾਤਾ ਨੂੰ ਗੁਜ਼ਾਰੇ ਲਈ ਟਰੱਸਟ ਵੱਲੋਂ ਦੋ ਹਜ਼ਾਰ ਰੁਪਏ ਮਹੀਨਾਵਾਰ ਪੈਨਸ਼ਨ ਦਿੱਤੀ ਜਾਵੇਗੀ। ਇਸ ਦੌਰਾਨ ਹਵਾਈ ਅੱਡੇ ਮਿ੍ਰਤਕ ਦੇ ਭਰਾ ਰਵੀ ਕੁਮਾਰ ਅਤੇ ਸੁਖਵਿੰਦਰ ਨੇ ਡਾ. ਐੱਸ.ਪੀ. ਸਿੰਘ ਓਬਰਾਏ ਦਾ ਇਸ ਵੱਡੇ ਉਪਰਾਲੇ ਲਈ ਤਹਿ ਦਿਲੋਂ ਸ਼ੁਕਰਾਨਾ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਬਦੌਲਤ ਹੀ ਉਨ੍ਹਾਂ ਦੇ ਪਰਿਵਾਰ ਨੂੰ ਉਸ ਦੇ ਅੰਤਿਮ ਦਰਸ਼ਨ ਨਸੀਬ ਹੋ ਸਕਦੇ ਹਨ। ਇਸ ਮੌਕੇ ਟਰੱਸਟ ਦੇ ਅਹੁਦੇਦਾਰ ਸੁਖਜਿੰਦਰ ਸਿੰਘ ਹੇਰ, ਸੁਖਦੀਪ ਸਿੱਧੂ, ਮਨਪ੍ਰੀਤ ਸੰਧੂ ਚਮਿਆਰੀ ਤੇ ਨਵਜੀਤ ਘਈ ਚੁਗਾਵਾਂ ਆਦਿ ਹਾਜ਼ਰ ਸਨ।

Share