ਡਾ.ਓਬਰਾਏ ਦੇ ਯਤਨਾਂ ਸਦਕਾ ਇਕ ਹਫ਼ਤੇ ‘ਚ 3 ਬਦਨਸੀਬਾਂ ਦੇ ਮ੍ਰਿਤਕ ਸਰੀਰ ਦੁਬਈ ਤੋਂ ਵਤਨ ਪੁੱਜੇ

497
 ਮ੍ਰਿਤਕ ਅਰਬਿੰਦਰ ਸਿੰਘ ਦੀ ਫਾਈਲ ਫੋਟੋ।
Share

ਟਰੱਸਟ ਨੇ ਅੱਜ 22 ਸਾਲਾ ਅਰਬਿੰਦਰ ਦਾ ਮ੍ਰਿਤਕ ਸਰੀਰ ਵਾਰਸਾਂ ਨੂੰ ਸੌਂਪਿਆ
ਕੰਮ ਨਾ ਮਿਲਣ ਕਾਰਨ ਪ੍ਰੇਸ਼ਾਨ  ਅਰਬਿੰਦਰ ਦੀ 28 ਜੁਲਾਈ ਨੂੰ ਹੋਈ ਸੀ ਮੌਤ
ਸਰਬੱਤ ਦਾ ਭਲਾ ਟਰੱਸਟ ਨੇ ਹੁਣ ਤੱਕ 247 ਬਦਨਸੀਬਾਂ ਦੇ ਮ੍ਰਿਤਕ ਸਰੀਰ ਵਾਰਸਾਂ ਤੱਕ ਪਹੁੰਚਾਏ

ਅੰਮ੍ਰਿਤਸਰ, 8 ਅਗਸਤ (ਪੰਜਾਬ ਮੇਲ)- ਆਪਣੇ ਪਰਿਵਾਰਾਂ ਨੂੰ ਆਰਥਿਕ ਮੰਦਹਾਲੀ ਚੋਂ ਕੱਢਣ ਲਈ ਆਪਣੇ ਘਰ,ਜ਼ਮੀਨਾਂ ਗਹਿਣੇ ਧਰ ਖਾੜੀ ਮੁਲਕਾਂ ‘ਚ ਮਿਹਨਤ ਮਜ਼ਦੂਰੀ ਕਰਨ ਗਏ ਲੋਕਾਂ ਦੀ ਹਰ ਮੁਸ਼ਕਲ ਘੜੀ ‘ਚ ਰਹਿਬਰ ਬਣ ਸੇਵਾ ਰੂਪੀ ਮਦਦ ਕਰਨ ਵਾਲੇ ਦੁਬਈ ਦੇ ਉੱਘੇ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਟਰੱਸਟ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਡਾ.ਐਸ.ਪੀ.ਸਿੰਘ ਓਬਰਾਏ ਦੇ ਯਤਨਾਂ ਸਦਕਾ ਲੁਧਿਆਣਾ ਜ਼ਿਲ੍ਹੇ ਦੀ ਜਗਰਾਓਂ ਤਹਿਸੀਲ ਦੇ ਪਿੰਡ ਰਸੂਲਪੁਰ ਮੱਲਾ ਦੇ 22 ਸਾਲਾ ਅਰਬਿੰਦਰ ਸਿੰਘ ਪੁੱਤਰ ਗੁਰਮੇਲ ਸਿੰਘ   ਸਿੰਘ ਦਾ ਮਿ੍ਤਕ ਸਰੀਰ ਅੱਜ ਸਵੇਰੇ ਤੜਕਸਾਰ ਦੁਬਈ ਤੋਂ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ ਰਾਜਾਸਾਂਸੀ,ਅੰਮ੍ਰਿਤਸਰ ਵਿਖੇ ਪਹੁੰਚਿਆ।

ਹਵਾਈ ਅੱਡੇ ਤੇ ਅਰਬਿੰਦਰ ਸਿੰਘ ਮ੍ਰਿਤਕ ਸਰੀਰ ਪ੍ਰਾਪਤ ਕਰਨ ਮੌਕੇ ਪਰਿਵਾਰਕ ਮੈਂਬਰ।

ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ.ਐੱਸ.ਪੀ.ਸਿੰਘ ਓਬਰਾਏ ਨੇ ਦੱਸਿਆ ਕਿ ਅਰਬਿੰਦਰ ਸਿੰਘ   ਆਪਣੇ ਪਰਿਵਾਰ ਦੇ ਆਰਥਿਕ ਹਾਲਾਤਾਂ ਨੂੰ ਸੁਧਾਰਨ ਦੀ ਕੋਸ਼ਿਸ਼ ‘ਚ ਕੁਝ ਸਮਾਂ ਪਹਿਲਾਂ ਹੀ ਮਿਹਨਤ ਮਜ਼ਦੂਰੀ ਕਰਨ ਲਈ ਦੁਬਈ ਆਇਆ ਸੀ। ਉਨ੍ਹਾਂ ਦੱਸਿਆ ਕਿ ਪਰਿਵਾਰਕ ਮੈਂਬਰਾਂ ਦੇ ਦੱਸੇ ਮੁਤਾਬਕ ਅਰਬਿੰਦਰ ਨੂੰ ਦੁਬਈ ਲੈ ਕੇ ਜਾਣ ਵਾਲੇ ਏਜੰਟ ਨੇ ਉਸ ਨੂੰ ਕਰੀਬ ਇੱਕ ਮਹੀਨਾ ਕਮਰੇ ਅੰਦਰ ਵਿਹਲਾ ਹੀ ਬਿਠਾ ਛੱਡਿਆ ਸੀ ਅਤੇ ਇਸੇ ਦੌਰਾਨ ਹੀ ਉਸ ਦੇ ਦੋ ਦੋਸਤਾਂ ‘ਚੋਂ ਇਕ ਦੋਸਤ ਆਬੂਧਾਬੀ ਚਲਾ ਗਿਆ ਸੀ ਤੇ ਇੱਕ ਵਾਪਸ ਭਾਰਤ ਪਰਤ ਆਇਆ ਸੀ। ਜਿਸ ਉਪਰੰਤ ਅਰਬਿੰਦਰ ਮਾਨਸਿਕ ਦਬਾਅ ਹੇਠ ਆ ਗਿਆ ਅਤੇ ਉਸ ਨੇ ਆਪਣੇ ਘਰ ਵੀ ਫੋਨ ਕਰਕੇ ਦੱਸਿਆ ਸੀ ਕਿ ਉਸ ਦਾ ਇੱਥੇ ਸਾਹ ਘੁੱਟਦਾ ਹੈ ਤੇ ਉਸ ਨੂੰ ਦਵਾਈ ਦੀ ਜ਼ਰੂਰਤ ਹੈ। ਜਿਸ ਉਪਰੰਤ ਮ੍ਰਿਤਕ ਦੇ ਭਰਾ ਨੇ ਏਜੰਟ ਨੂੰ ਫੋਨ ਕਰਕੇ ਉਸ ਨੂੰ ਅਰਬਿੰਦਰ ਨੂੰ ਦਵਾਈ ਦਿਵਾਉਣ ਲਈ ਕਿਹਾ ਸੀ ਪਰ ਏਜੰਟ ਨੇ ਉਸ ਦੀ ਸਾਰ ਨਹੀਂ ਲਈ। ਉਨ੍ਹਾਂ ਦੱਸਿਆ ਕਿ ਜਦ ਉਹ ਜ਼ਿਆਦਾ ਹੀ ਬਿਮਾਰ ਹੋ ਗਿਆ ਤਾਂ ਫਿਰ ਉਸ ਦੇ ਕਮਰੇ ‘ਚ ਰਹਿਣ ਵਾਲੇ ਉਸ ਦੇ ਸਾਥੀਆਂ ਨੇ   ਏਜੰਟ ਨੂੰ ਫੋਨ ਤੇ ਉਸ ਦੀ ਸਥਿਤੀ ਦੱਸੀ ਤਾਂ ਏਜੰਟ ਨੇ ਉਸ ਨੂੰ ਹਸਪਤਾਲ ‘ਚ ਦਾਖਲ ਕਰਵਾ ਦਿੱਤਾ ਜਿੱਥੇ ਕਰੀਬ 4 ਦਿਨਾਂ ਪਿੱਛੋਂ ਹੀ 28 ਜੁਲਾਈ ਨੂੰ ਉਸਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਇਸ ਉਪਰੰਤ ਪੀਡ਼ਤ ਪਰਿਵਾਰ ਨੇ  ਸਮਾਜ ਸੇਵੀ ਗੁਰਪਿੰਦਰ ਸਿੰਘ ਖ਼ਾਲਸਾ ਰਾਹੀਂ ਉਨ੍ਹਾਂ ਨਾਲ ਸੰਪਰਕ ਕਰ ਕੇ ਆਪਣੀ ਬੇਵਸੀ ਦਾ ਹਵਾਲਾ ਦਿੰਦਿਆਂ ਮ੍ਰਿਤਕ ਦੇਹ ਭਾਰਤ ਪਹੁੰਚਾਉਣ ‘ਚ ਸਹਿਯੋਗ ਕਰਨ ਲਈ ਕਿਹਾ ਸੀ। ਜਿਸ ਉਪਰੰਤ ਉਨ੍ਹਾਂ ਨੇ ਭਾਰਤੀ ਦੂਤਾਵਾਸ ਦੇ ਵਿਸ਼ੇਸ਼ ਸਹਿਯੋਗ ਸਦਕਾ ਆਪਣੇ ਨਿੱਜੀ ਸਕੱਤਰ ਬਲਦੀਪ ਸਿੰਘ ਚਾਹਲ ਦੀ ਦੇਖ-ਰੇਖ ‘ਚ ਜਲਦ ਸਾਰੀ ਲੋੜੀਂਦੀ ਕਾਗਜ਼ੀ ਕਾਰਵਾਈ ਮੁਕੰਮਲ ਕਰਵਾ ਕੇ ਅਰਬਿੰਦਰ ਸਿੰਘ ਦੇ ਮ੍ਰਿਤਕ ਸਰੀਰ ਨੂੰ ਅੱਜ ਸਵੇਰੇ ਤੜਕਸਾਰ ਭਾਰਤ ਭੇਜ ਕੇ ਉਸ ਦੇ ਵਾਰਸਾਂ ਨੂੰ ਸੌੰਪ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਡਾ. ਓਬਰਾਏ ਦੇ ਯਤਨਾਂ ਸਦਕਾ ਹੁਣ ਤੱਕ 247 ਬਦਨਸੀਬ ਲੋਕਾਂ ਦੇ ਮਿ੍ਤਕ ਸਰੀਰ ਉਨ੍ਹਾਂ ਦੇ ਵਾਰਸਾਂ ਤੱਕ ਪਹੁੰਚਾਏ ਜਾ ਚੁੱਕੇ ਹਨ।
ਹਵਾਈ ਅੱਡੇ ਤੋਂ ਮ੍ਰਿਤਕ ਸਰੀਰ ਲੈਣ ਪਹੁੰਚੇ ਮ੍ਰਿਤਕ ਦੇ ਪਿਤਾ ਗੁਰਮੇਲ ਸਿੰਘ, ਭਰਾ ਗੁਰਦੀਪ ਸਿੰਘ,ਲਵਪ੍ਰੀਤ ਸਿੰਘ, ਪ੍ਰਿਤਪਾਲ ਸਿੰਘ, ਭਾਨ ਸਿੰਘ, ਦਰਸ਼ਨ ਸਿੰਘ ਆਦਿ ਤੋਂ ਇਲਾਵਾ ਹੋਰਨਾਂ ਪਰਿਵਾਰਕ ਮੈਂਬਰਾਂ ਨੇ ਉਸਦੀ ਮ੍ਰਿਤਕ ਦੇਹ ਲੈ ਕੇ ਆਉਣ ਲਈ ਵੱਡਾ ਸਹਿਯੋਗ ਕਰਨ ‘ਤੇ ਡਾ.ਐੱਸ.ਪੀ.ਸਿੰਘ ਓਬਰਾਏ ਦਾ ਤਹਿ ਦਿਲੋਂ ਸ਼ੁਕਰਾਨਾ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਬਦੌਲਤ ਹੀ ਪਰਿਵਾਰ ਨੂੰ ਅਰਬਿੰਦਰ ਸਿੰਘ ਦੇ ਅੰਤਿਮ ਦਰਸ਼ਨ ਨਸੀਬ ਹੋ ਸਕੇ ਹਨ।


Share