ਡਾ. ਐੱਸ.ਪੀ.ਸਿੰਘ ਓਬਰਾਏ ਦੇ ਯਤਨਾਂ ਨਾਲ 174 ਲੋਕਾਂ ਨੂੰ ਲੈ ਕੇ ਦੂਜੀ ਚਾਰਟਰਡ ਉਡਾਣ ਅੰਮ੍ਰਿਤਸਰ ਪਹੁੰਚੀ

625
Share

ਅੰਮ੍ਰਿਤਸਰ, 15 ਜੁਲਾਈ (ਪੰਜਾਬ ਮੇਲ)- ਬਿਨਾਂ ਪੈਸਾ ਇਕੱਠਾ ਕੀਤਿਆਂ ਆਪਣੀ ਨਿੱਜੀ ਕਮਾਈ ਵਿੱਚੋਂ ਕਰੋੜਾਂ ਰੁਪਏ ਖਰਚ ਕੇ ਅਰਬ ਦੇਸ਼ਾਂ ‘ਚੋਂ ਸੈਂਕੜੇ ਮਾਵਾਂ ਦੇ ਪੁੱਤਾਂ ਨੂੰ ਮੌਤ ਦੇ ਮੂੰਹ ਵਿਚੋਂ ਬਚਾ ਕੇ ਲਿਆਉਣ ਵਾਲੇ ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੋਢੀ ਡਾ. ਐੱਸ.ਪੀ.ਸਿੰਘ ਓਬਰਾਏ ਨੇ ਇੱਕ ਵਾਰ ਫਿਰ ਯੂ.ਏ.ਈ.ਅੰਦਰ ਫਸੇ ਹਜ਼ਾਰਾਂ ਭਾਰਤੀਆਂ ‘ਚੋਂ 174 ਲੋਕਾਂ ਨੂੰ ਆਪਣੇ ਖਰਚ ‘ਤੇ ਬੁੱਕ ਕੀਤੇ ਦੂਸਰੇ ਵਿਸ਼ੇਸ਼ ਸਾਲਮ (ਚਾਰਟਰਡ) ਜਹਾਜ਼ ਰਾਹੀਂ ਵਤਨ ਲਿਆ ਕੇ ਸੇਵਾ ਦੇ ਖੇਤਰ ਅੰਦਰ ਇਕ ਵਾਰ ਮੁੜ ਇਤਿਹਾਸ ਸਿਰਜ ਦਿੱਤਾ ਹੈ।

ਇਸ ਸਬੰਧੀ ਅੱਜ ਇੱਥੇ ਜਾਣਕਾਰੀ ਸਾਂਝੀ ਕਰਦਿਆਂ ਡਾ.ਐੱਸ.ਪੀ. ਸਿੰਘ ਓਬਰਾਏ ਨੇ ਦੱਸਿਆ ਕਿ ਕਰੋਨਾ ਮਹਾਂਮਾਰੀ ਕਾਰਨ ਅਰਬ ਦੇਸ਼ਾਂ ਅੰਦਰ ਹਜ਼ਾਰਾਂ ਹੀ ਅਜਿਹੇ ਭਾਰਤੀ ਫਸੇ ਹੋਏ ਹਨ ਜੋ ਆਪਣੇ ਦੇਸ਼ ਆਉਣ ਲਈ ਤਰਲੋਮੱਛੀ ਹੋ ਰਹੇ ਹਨ। ਉਨ੍ਹਾਂ ਦੱਸਿਆ ਕਿ ਉੱਥੇ ਫਸੇ ਲੋਕ ਚਾਰ ਵੱਖ-ਵੱਖ ਵਰਗਾਂ ਨਾਲ ਸਬੰਧਤ ਹਨ ਅਤੇ ਉਹ ਵਰਗ ਜੋ ਸਭ ਤੋੰ ਵੱਧ ਗਿਣਤੀ ਭਾਵ ਹਜ਼ਾਰਾਂ ‘ਚ ਹੈ,ਉਹ ਅਜਿਹੇ ਕਾਮੇ ਹਨ ਜੋ ਕਰੋਨਾ ਮਹਾਂਮਾਰੀ ਦੌਰਾਨ ਕੰਪਨੀਆਂ ਬੰਦ ਹੋਣ ਕਾਰਨ ਸੜਕਾਂ ‘ਤੇ ਆ ਚੁੱਕੇ ਹਨ ਉਨ੍ਹਾਂ ਦੀ ਹਾਲਤ ਇੰਨੀ ਖ਼ਰਾਬ ਹੈ ਕਿ ਉਹ ਦੋ ਵਕਤ ਦੀ ਰੋਟੀ ਨੂੰ ਵੀ ਤਰਸ ਰਹੇ ਹਨ। ਉਨ੍ਹਾਂ ਦੱਸਿਆ ਕਿ ਦੁਬਈ ਅੰਦਰ ਉਨ੍ਹਾਂ ਦੀਆਂ ਨਿੱਜੀ ਰਿਹਾਇਸ਼ੀ ਪਨਾਹਗਾਹਾਂ ਅੰਦਰ ਜਿੰਨੀ ਜਗ੍ਹਾ ਖਾਲੀ ਸੀ,ਉਨ੍ਹਾਂ ਅੰਦਰ ਤਾਂ ਉਹ ਸੈੰਕੜੇ ਬੇਰੁਜ਼ਗਾਰ ਕਾਮਿਆਂ ਨੂੰ ਆਪਣੇ ਪੱਧਰ ‘ਤੇ ਮੁਫ਼ਤ ਰਿਹਾਇਸ਼ ਤੇ ਖਾਣਾ ਦੇ ਰਹੇ ਹਨ ਪਰ ਸਭ ਨੂੰ ਉੱਥੇ ਰੱਖਣਾ ਅਸੰਭਵ ਹੈ। ਉਨ੍ਹਾਂ ਇਹ ਵੀ ਕਿਹਾ ਕਿ ਬੇਸ਼ੱਕ ਦੁਬਈ ਤੋਂ ਭਾਰਤ ਆਉਣ ਲਈ ਜਿਸਟਰਡ ਹੋਏ ਲੋਕਾਂ ਨੂੰ ਵਿਸ਼ੇਸ਼ ਜਹਾਜ਼ਾਂ ਰਾਹੀਂ ਵਾਪਸ ਲਿਆਂਦਾ ਜਾ ਰਿਹਾ ਹੈ ਪਰ ਸੀਮਿਤ ਉਡਾਣਾਂ ਹੋਣ ਕਾਰਨ ਬਹੁਤ ਸਮਾਂ ਲੱਗ ਰਿਹਾ ਹੈ,ਜਿਸ ਕਾਰਨ ਦਿਨ ਬਦਿਨ ਉੱਥੇ ਬੇਰੁਜ਼ਗਾਰ ਹੋਏ ਲੋਕਾਂ ਦੀ ਹਾਲਤ ਖ਼ਰਾਬ ਹੁੰਦੀ ਜਾ ਰਹੀ ਹੈ।

ਉਨ੍ਹਾਂ ਦੱਸਿਆ ਕਿ ਪਹਿਲੇ ਪੜਾਅ ਤਹਿਤ ਉਨ੍ਹਾਂ ਆਪਣੇ ਖਰਚ ‘ਤੇ ਬੁੱਕ ਕਰਵਾਈਆਂ 4 ਵਿਸ਼ੇਸ਼ ਉਡਾਣਾਂ ‘ਚੋਂ  ਪਹਿਲੀ ਸਾਲਮ ਚਾਰਟਡ  ਉਡਾਣ ਜੋ 7 ਜੁਲਾਈ ਨੂੰ ਰਾਸ ਅਲ ਖੇਮਾ (ਯੂ.ਏ.ਈ.) ਹਵਾਈ ਅੱਡੇ ਤੋਂ ਚੰਡੀਗੜ੍ਹ ਏਅਰਪੋਰਟ ਤੇ ਪਹੁੰਚੀ ਸੀ,ਉਸ ਰਾਹੀਂ 177 ਪੰਜਾਬੀਆਂ ਨੂੰ ਵਾਪਸ ਲਿਆਂਦਾ ਸੀ। ਹੁਣ ਇਹ ਦੂਜੀ ਵਿਸ਼ੇਸ਼ ਸਾਲਮ ਉਡਾਣ ਵੀ ਜੋ ਰਾਸ ਅਲ ਖੇਮਾ (ਯੂ.ਏ.ਈ.) ਹਵਾਈ ਅੱਡੇ ਤੋਂ ਚੱਲ ਕੇ 174 ਹੋਰ ਫਸੇ ਹੋਏ ਪੰਜਾਬ ਤੇ ਹਰਿਆਣਾ ਨਾਲ ਸਬੰਧਿਤ ਲੋਕਾਂ ਨੂੰ ਲੈ ਕੇ ਬੀਤੀ ਦੇਰ ਰਾਤ ਅੰਮ੍ਰਿਤਸਰ ਦੇ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ ‘ਤੇ ਪਹੁੰਚੀ ਹੈ। ਉਨ੍ਹਾਂ ਦੱਸਿਆ ਕਿ ਇਹਨਾਂ ਵਾਪਿਸ ਪਰਤਣ ਵਾਲਿਆਂ ‘ਚੋਂ ਕੁਝ ਨੇ ਖੁਦ ਟਿਕਟ ਦੇ ਪੈਸੇ ਦਿੱਤੇ, ਕੁੱਝ ਨੇ 30 ਤੋਂ 50 ਫੀਸਦੀ ਪੈਸੇ ਦਿੱਤੇ ਹਨ ਪਰ ਬਹੁਗਿਣਤੀ ਉਨ੍ਹਾਂ ਲੋਕਾਂ ਦੀ ਹੈ ਜਿਨ੍ਹਾਂ ਦੀ ਟਿਕਟ ਦਾ ਸਾਰਾ ਖ਼ਰਚ ਟਰੱਸਟ ਵੱਲੋਂ ਕੀਤਾ ਗਿਆ ਹੈ। ਜਦ ਕਿ ਆਉਣ ਵਾਲੇ ਸਾਰੇ ਲੋਕਾਂ ਦਾ ਕਰੋਨਾ ਟੈਸਟ ਕਰਵਾਉਣ ਦਾ ਖ਼ਰਚਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਕੀਤਾ ਗਿਆ ਹੈ।

          ਉਨ੍ਹਾਂ ਇਹ ਵੀ ਦੱਸਿਆ ਕਿ ਉਨ੍ਹਾਂ ਦਾ ਮੁੱਖ ਮੰਤਵ ਉੱਥੇ ਫਸੇ ਬੇਰੁਜ਼ਗਾਰ ਤੇ ਬੇਵੱਸ ਲੋਕਾਂ ਨੂੰ ਮੁਫਤ ਉਨ੍ਹਾਂ ਦੇ ਘਰਾਂ ਤੱਕ ਪਹੁੰਚਾਉਣਾ ਹੈ ਤਾਂ ਜੋ ਇਹ ਨੌਜਵਾਨ ਵਿਦੇਸ਼ ‘ਚ ਦਰ-ਦਰ ਦੀਆਂ ਠੋਕਰਾਂ ਖਾ ਕੇ ਖ਼ੁਦਕਸ਼ੀ ਦੇ ਰਾਹ ਨਾ ਪੈ ਜਾਣ ਜਾਂ ਮਜਬੂਰੀ ਵੱਸ ਕਿਤੇ ਅਪਰਾਧ ਦੀ ਦੁਨੀਆਂ ‘ਚ ਸ਼ਾਮਲ ਨਾ ਹੋ ਜਾਣ। ਇਸ ਲਈ ਹੀ ਉਹ ਖਾੜੀ ਮੁਲਕਾਂ ‘ਚੋਂ ਲਾਸ਼ਾਂ ਵਾਪਿਸ ਲਿਆਉਣ ਜਾਂ ਬਲੱਡ ਮਨੀ ਦੇ ਕੇ ਜੇਲ੍ਹਾਂ ‘ਚੋਂ ਛੁਡਵਾਉਣ ਦੀ ਬਜਾਏ ਇਹ ਖ਼ਰਚਾ ਕਰਕੇ ਜਿਉਂਦੇ ਜਾਗਦੇ ਨੌਜਵਾਨਾਂ ਨੂੰ ਵਾਪਸ ਵਤਨ ਲੈ ਕੇ ਆਉਣ ਲਈ ਯਤਨਸ਼ੀਲ ਹਨ।
     ਇਸ ਉਪਰੰਤ ਡਾ: ਓਬਰਾਏ ਨੇ ਇੱਕ ਹੋਰ ਅਹਿਮ ਯੋਜਨਾ ਦਾ ਐਲਾਨ ਕਰਦਿਆਂ ਕਿਹਾ ਕਿ ਖਾੜੀ ਦੇਸ਼ਾਂ ‘ਤੋਂ ਵਾਪਿਸ ਪਰਤੇ ਇਨ੍ਹਾਂ ਲੋਕਾਂ ਨੂੰ ਸਵੈਰੁਜ਼ਗਾਰ ਦੇ ਰਾਹ ਪਾਉਣ ਵਾਸਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਹਰੇਕ ਜ਼ਿਲ੍ਹੇ ‘ਚ ‘ਹੁਨਰ ਵਿਕਾਸ ਕੇਂਦਰ’ ਖੋਲ੍ਹੇ ਜਾਣਗੇ ਅਤੇ ਹਰੇਕ ਕੇਂਦਰ ‘ਚ 40 ਤੋਂ 50 ਦੇ ਕਰੀਬ ਲੋੜਵੰਦਾਂ ਨੂੰ ਕਿੱਤਾ-ਮੁੱਖੀ ਸਿਖਲਾਈ ਮੁਫ਼ਤ ਮੁਹੱਈਆ ਕਰਵਾਈ ਜਾਵੇਗੀ ਤਾਂ ਜੋ ਉਹ ਪਹਿਲਾਂ ਹੀ ਹੁਨਰਮੰਦ ਮਜ਼ਦੂਰਾਂ ਦੀ ਘਾਟ ਨਾਲ ਜੂਝ ਰਹੇ ਸੂਬੇ ਪੰਜਾਬ ਵਿੱਚ ਹੀ ਆਪਣੇ ਪੈਰਾਂ ‘ਤੇ ਖੜੇ ਹੋ ਕੇ ਵਿਦੇਸ਼ਾਂ ਦੀ ਝਾਕ ਨਾ ਰੱਖਣ।
    ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਲੋੜ ਪਈ ਤਾਂ ਟਰੱਸਟ ਵੱਲੋਂ ਅਗਲੇ ਮਹੀਨੇ ਵੀ ਆਪਣੇ ਖਰਚ ‘ਤੇ 4 ਹੋਰ ਵਿਸ਼ੇਸ਼ ਉਡਾਣਾਂ ਦਾ ਪ੍ਰਬੰਧ ਕੀਤਾ ਜਾਵੇਗਾ। ਟਰੱਸਟ ਵੱਲੋਂ ਬੁੱਕ ਕਰਵਾਏ ਗਏ ਸਾਲਮ (ਚਾਰਟਰਡ) ਜਹਾਜ਼ਾਂ ‘ਚੋਂ ਅਗਲੀ ਭਾਵ ਤੀਸਰੀ ਸਾਲਮ ਉਡਾਣ 19 ਜੁਲਾਈ ਨੂੰ ਚੰਡੀਗੜ੍ਹ ਜਦ ਕਿ ਚੌਥੀ 25 ਜੁਲਾਈ ਨੂੰ ਮੁੜ ਅੰਮ੍ਰਿਤਸਰ ਵਿਖੇ ਪਹੁੰਚੇਗੀ। ਜਿੰਨ੍ਹਾਂ ਲਈ ਉੱਥੇ ਫਸੇ ਲੋਕਾਂ ਨੇ ਟਰੱਸਟ ਦੇ ਦੁਬਈ ਸਥਿਤ ਦਫਤਰ ‘ਚ ਆਪਣੇ ਨਾਂ ਰਜਿਸਟਰਡ ਕਰਵਾ ਲਏ ਹਨ। ਉਨ੍ਹਾਂ ਦੱਸਿਆ ਕਿ ਇਸ ਮਸਲੇ ‘ਚ ਅੰਮ੍ਰਿਤਸਰ ਦੇ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਅਤੇ ਸ਼ਹਿਰੀ ਹਵਾਬਾਜ਼ੀ ਵਿਭਾਗ ਨੇ ਵੀ ਉਨ੍ਹਾਂ ਨੂੰ ਸਹਿਯੋਗ ਦਿੱਤਾ ਹੈ।
       ਡਾ.ਐੱਸ.ਪੀ. ਸਿੰਘ ਓਬਰਾਏ ਵੱਲੋਂ ਬੇਗ਼ਾਨੇ ਮੁਲਕ ‘ਚ ਫਸੇ ਲੋਕਾਂ ਦੀ ਵਤਨ-ਵਾਪਸੀ ਲਈ ਚੁੱਕੇ ਗਏ ਇਸ ਵੱਡੇ ਕਦਮ ਕਾਰਨ ਜਿੱਥੇ ਸਰਕਾਰਾਂ ਵੀ ਹੈਰਾਨ ਹਨ ਉੱਥੇ ਹੀ ਪੂਰੀ ਦੁਨੀਆ ਅੰਦਰ ਬੈਠਾ ਹਰੇਕ ਪੰਜਾਬੀ ਇਸ ਵੱਡੇ ਦਿਲ ਵਾਲੇ ਸਰਦਾਰ ‘ਤੇ ਮਾਣ ਮਹਿਸੂਸ ਕਰ ਰਿਹਾ ਹੈ।

Share