ਡਾ.ਓਬਰਾਏ ਦੀ ਬਦੌਲਤ ਗੁਰਮੁੱਖ ਤੇ ਗੁਰਜੰਟ ਦੇ ਮਾਪਿਆਂ ਨੇ ਕੀਤੇ ਆਪਣੇ ਲਾਡਲਿਆਂ ਦੇ ਅੰਤਿਮ ਦਰਸ਼ਨ

430
ਰਾਜਾਸਾਂਸੀ ਹਵਾਈ ਅੱਡੇ 'ਤੇ ਮ੍ਰਿਤਕ ਦੇਹਾਂ ਪ੍ਰਾਪਤ ਕਰਨ ਮੌਕੇ ਪਰਿਵਾਰਕ ਮੈਂਬਰ।
Share

ਬੀਤੀ ਰਾਤ ਦੋਵਾਂ ਨੌਜਵਾਨਾਂ ਦੇ ਮ੍ਰਿਤਕ ਸਰੀਰ ਦੁਬਈ ਤੋਂ ਵਤਨ ਪੁੱਜੇ
ਹੁਣ ਤੱਕ 180 ਮ੍ਰਿਤਕ ਸਰੀਰ ਵਾਰਸਾਂ ਤੱਕ ਪਹੁੰਚਾ ਚੁੱਕੇ ਹਾਂ : ਡਾ.ਓਬਰਾਏ
ਅੰਮ੍ਰਿਤਸਰ, 17 ਜੁਲਾਈ (ਪੰਜਾਬ ਮੇਲ)- ਘਰ ਤੇ ਜ਼ਮੀਨਾਂ ਗਹਿਣੇ ਰੱਖ ਕੇ ਆਪਣੇ ਪਰਿਵਾਰਾਂ ਨੂੰ ਆਰਥਿਕ ਮੰਦਹਾਲੀ ‘ਚੋਂ ਬਾਹਰ ਕੱਢਣ ਲਈ ਖਾੜੀ ਦੇਸ਼ਾਂ ‘ਚ ਜਾ ਕੇ ਮਜ਼ਦੂਰੀ ਕਰਨ ਵਾਲੇ ਲੋਕਾਂ ਲਈ ਫ਼ਰਿਸ਼ਤੇ ਵੱਜੋਂ ਜਾਣੇ ਜਾਂਦੇ ਦੁਬਈ ਦੇ ਉੱਘੇ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ.ਐੱਸ.ਪੀ.ਸਿੰਘ ਓਬਰਾਏ ਦੇ ਵਿਸ਼ੇਸ਼ ਯਤਨਾਂ ਸਦਕਾ ਧੂਰੀ (ਸੰਗਰੂਰ) ਨਾਲ ਸਬੰਧਤ 38 ਸਾਲਾ ਗੁਰਮੁੱਖ ਸਿੰਘ ਪੁੱਤਰ ਗੁਰਜੰਟ ਸਿੰਘ ਅਤੇ ਤਰਨ ਤਾਰਨ ਜ਼ਿਲ੍ਹੇ ਦੇ ਪਿੰਡ ਗਗੜੇਵਾਲ ਦੇ 29 ਸਾਲਾ ਗੁਰਜੰਟ ਸਿੰਘ ਪੁੱਤਰ ਗੁਰਮੰਗਤ ਸਿੰਘ ਦੀਆਂ ਮ੍ਰਿਤਕ ਦੇਹਾਂ ਬੀਤੀ ਦੇਰ ਰਾਤ ਦੁਬਈ ਤੋਂ ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡਾ ਅੰਮ੍ਰਿਤਸਰ ਵਿਖੇ ਪੁੱਜੀਆਂ।

ਮ੍ਰਿਤਕ ਗੁਰਮੁੱਖ ਸਿੰਘ ਦੀ ਫ਼ਾਈਲ ਫ਼ੋਟੋ ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਗੁਰਮੁੱਖ ਸਿੰਘ ਦੇ ਭਰਾ ਦਰਸ਼ਨ ਸਿੰਘ,ਰਿਸ਼ਤੇਦਾਰਾਂ ਹੰਸ ਰਾਜ ਤੇ ਰਾਜੂ ਸਿੰਘ ਨੇ ਦੱਸਿਆ ਕਿ ਗੁਰਮੁੱਖ ਸਿੰਘ ਅੱਤ ਦਰਜੇ ਦੀ ਗਰੀਬੀ ਚੋਂ ਗੁਜ਼ਰ ਰਹੇ ਆਪਣੇ ਪਰਿਵਾਰ ਨੂੰ ਪੈਰਾਂ ਸਿਰ ਖੜ੍ਹਾ ਕਰਨ ਲਈ ਕਰੀਬ 2 ਸਾਲ ਪਹਿਲਾਂ ਦੁਬਈ ਗਿਆ ਸੀ ਕਿ ਇਸ ਸਾਲ ਕਰੋਨਾ ਮਹਾਂਮਾਰੀ ਨਾਲ ਪੈਦਾ ਹੋਏ ਹਾਲਾਤ ਕਾਰਨ ਕੰਮਕਾਰ ਬੰਦ ਹੋਣ ਕਰਕੇ ਪ੍ਰੇਸ਼ਾਨ ਗੁਰਮੁੱਖ ਸਿੰਘ ਦੀ ਬੀਤੀ 2 ਜੁਲਾਈ ਨੂੰ ਦਿਲ ਦਾ ਦੌਰਾ ਪੈਣ ਕਾਰਨ ਅਚਾਨਕ ਮੌਤ ਹੋ ਗਈ ਸੀ। ਉਨ੍ਹਾਂ ਦੱਸਿਆ ਕਿ ਦੁਬਈ ਸਥਿਤ ਭਾਰਤੀ ਦੂਤਾਵਾਸ ਨੇ ਡਾ. ਓਬਰਾਏ ਨਾਲ ਸੰਪਰਕ ਕਰਕੇ ਉਨ੍ਹਾਂ ਨੂੰ ਗੁਰਮੁੱਖ ਸਿੰਘ ਦੀ ਮੌਤ ਬਾਰੇ ਦੱਸਦਿਆਂ ਇਸ ਦੇ ਵਾਰਸ ਲੱਭਣ ਬਾਰੇ ਕਿਹਾ ਸੀ। ਜਿਸ ਤੇ ਡਾ.ਓਬਰਾਏ ਵੱਲੋਂ ਉਨ੍ਹਾਂ ਨਾਲ ਸੰਪਰਕ ਕਰਕੇ ਉਨ੍ਹਾਂ ਦੇ ਪਰਿਵਾਰ ‘ਤੇ ਟੁੱਟੇ ਇਸ ਕਹਿਰ ਦੀ ਜਾਣਕਾਰੀ ਦਿੱਤੀ ਸੀ। ਜਦ ਉਨ੍ਹਾਂ ਦੇ ਇਲਾਕੇ ਦੇ ਮੋਹਤਬਰ ਸੱਜਣਾਂ ਨੂੰ ਵੀ ਇਸ ਘਟਨਾ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਵੀ ਆਪਣੇ ਪੱਧਰ ਤੇ ਡਾ. ਓਬਰਾਏ ਨਾਲ ਸੰਪਰਕ ਕਰ ਗੁਰਮੁੱਖ ਦੇ ਪਰਿਵਾਰ ਦੀ ਬਹੁਤ ਹੀ ਪਤਲੀ ਆਰਥਿਕ ਹਾਲਤ ਦਾ ਹਵਾਲਾ ਦਿੰਦਿਆਂ ਉਸਦੀ ਮ੍ਰਿਤਕ ਦੇਹ ਭਾਰਤ ਲਿਆਉਣ ਦੀ ਬੇਨਤੀ ਕੀਤੀ ਸੀ।

ਮ੍ਰਿਤਕ ਗੁਰਜੰਟ ਸਿੰਘ ਦੀ ਫਾਈਲ ਫੋਟੋ ।

ਦੂਜੇ ਪਾਸੇ ਮ੍ਰਿਤਕ ਗੁਰਜੰਟ ਸਿੰਘ ਦੇ ਪਿਤਾ ਗੁਰਮੰਗਤ ਸਿੰਘ, ਭਰਾ ਬਲਜੀਤ ਸਿੰਘ ਤੇ ਗੁਰਸੇਵ ਸਿੰਘ ਨੇ ਦੱਸਿਆ ਕਿ ਗੁਰਜੰਟ ਸਿੰਘ 3 ਸਾਲ ਪਹਿਲਾਂ ਕਰਜ਼ਾ ਚੁੱਕ ਕੇ ਦੁਬਈ ਗਿਆ ਸੀ ਅਤੇ ਉਹ ਉੱਥੇ ਪੱਥਰ ਦਾ ਕੰਮ ਕਰਦਾ ਸੀ। ਉਨ੍ਹਾਂ ਦੱਸਿਆ ਕਿ ਬੀਤੀ 30 ਜੂਨ ਨੂੰ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਦੁਬਈ ਅੰਦਰ ਉਸਦੀ ਮੌਤ ਹੋ ਗਈ ਸੀ। ਜਿਸ ਬਾਰੇ ਡਾ.ਓਬਰਾਏ ਨਾਲ ਦੁਬਈ ਰਹਿੰਦੇ ਗੁਰਜੰਟ ਦੇ ਚਾਚੇ ਨੇ ਗੱਲਬਾਤ ਕਰਕੇ ਉਨ੍ਹਾਂ ਨੂੰ ਉਸ ਦੀ ਮਿ੍ਤਕ ਦੇਹ ਵਾਪਸ ਭੇਜਣ ਲਈ ਅਰਜੋਈ ਕੀਤੀ ਸੀ । ਉਸ ਦੇ ਵਾਰਸਾਂ ਨੇ ਰੋਂਦਿਆਂ ਹੋਇਆਂ ਦੱਸਿਆ ਕਿ ਗੁਰਜੰਟ ਦੁਬਈ ਜਾਣ ਤੋਂ ਬਾਅਦ ਆਪਣੇ ਘਰ ਪੈਦਾ ਹੋਈ ਆਪਣੀ 3 ਸਾਲਾ ਪੁੱਤਰੀ ਦਾ ਮੂੰਹ ਵੇਖੇ ਬਗੈਰ ਹੀ ਇਸ ਦੁਨੀਆਂ ਤੋਂ ਹਮੇਸ਼ਾ ਲਈ ਚਲਾ ਗਿਆ ਹੈ।
ਉਪਰੋਕਤ ਦੋਵਾਂ ਪੀੜਤ ਪਰਿਵਾਰਾਂ ਨੇ ਡਾ.ਐੱਸ.ਪੀ.ਸਿੰਘ ਓਬਰਾਏ ਦਾ ਇਸ ਔਖੀ ਘੜੀ ‘ਚ ਵੱਡਾ ਸਾਥ ਦੇਣ ਲਈ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਿਆਂ ਕਿਹਾ ਕਿ ਜੇਕਰ ਡਾ. ਓਬਰਾਏ ਉਨ੍ਹਾਂ ਦੀ ਮਦਦ ਨਾ ਕਰਦੇ ਤਾਂ ਉਹ ਆਪਣੇ ਪੁੱਤਰਾਂ ਦੇ ਅੰਤਿਮ ਦਰਸ਼ਨ ਕਦੇ ਵੀ ਨਾ ਕਰ ਪਾਉਂਦੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਟਰੱਸਟ ਦੇ ਬਾਨੀ ਡਾ.ਐੱਸ.ਪੀ. ਸਿੰਘ ਓਬਰਾਏ ਨੇ ਦੋਵਾਂ ਪੀੜਤ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਦਿਆਂ ਦੱਸਿਆ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਹੁਣ ਤੱਕ ਵੱਖ-ਵੱਖ ਦੇਸ਼ਾਂ ਤੋਂ 180 ਲੋਕਾਂ ਦੇ ਮ੍ਰਿਤਕ ਸਰੀਰ ਉਨ੍ਹਾਂ ਦੇ ਵਾਰਸਾਂ ਤੱਕ ਪਹੁੰਚਾਏ ਜਾ ਚੁੱਕੇ ਹਨ ਅਤੇ ਮਿ੍ਤਕਾਂ ਦੇ ਲੋੜਵੰਦ ਪਰਿਵਾਰਾਂ ਨੂੰ ਘਰ ਗੁਜ਼ਾਰੇ ਲਈ ਟਰੱਸਟ ਵੱਲੋਂ ਮਹੀਨੇਵਾਰ ਪੈਨਸ਼ਨ ਵੀ ਦਿੱਤੀ ਜਾ ਰਹੀ ਹੈ।ਉਨ੍ਹਾਂ ਇਹ ਵੀ ਦੱਸਿਆ ਕਿ ਟਰੱਸਟ ਵੱਲੋਂ ਪਿਛਲੇ 6 ਦਿਨਾਂ ਅੰਦਰ ਹੀ 3 ਮ੍ਰਿਤਕ ਸਰੀਰ ਦੁਬਈ ਤੋਂ ਭਾਰਤ ਲਿਆਂਦੇ ਗਏ ਹਨ ਜਦੋਂਕਿ 4 ਹੋਰ ਬਦਨਸੀਬ ਨੌਜਵਾਨਾਂ ਦੇ ਮ੍ਰਿਤਕ ਸਰੀਰ ਆਉਂਦੇ ਇੱਕ-ਦੋ ਦਿਨਾਂ ‘ਚ ਹੀ ਲਿਆਂਦੇ ਜਾਣਗੇ।
ਜ਼ਿਕਰਯੋਗ ਹੈ ਕਿ ਇਹ ਮ੍ਰਿਤਕ ਦੇਹਾਂ ਭਾਰਤ ਭੇਜਣ ‘ਚ ਡਾ. ਉਬਰਾਏ ਤੇ ਨਿੱਜੀ ਸਕੱਤਰ ਬਲਦੀਪ ਸਿੰਘ ਚਾਹਲ ਅਤੇ ਭਾਰਤੀ ਦੂਤਾਵਾਸ ਨੇ ਵੀ ਵਿਸ਼ੇਸ਼ ਭੂਮਿਕਾ ਨਿਭਾਈ ਹੈ। ਇਸ ਮੌਕੇ ਟਰੱਸਟ ਤੋਂ ਸੁਖਦੀਪ ਸਿੱਧੂ, ਸੁਖਜਿੰਦਰ ਸਿੰਘ ਹੇਰ, ਮਨਪ੍ਰੀਤ ਸੰਧੂ,ਸਿਸ਼ਪਾਲ ਸਿੰਘ ਲਾਡੀ ਤੇ ਨਵਜੀਤ ਸਿੰਘ ਘਈ ਵੀ ਮੌਜੂਦ ਸਨ।

 


Share