ਡਾ. ਐੱਸ.ਪੀ. ਸਿੰਘ ਓਬਰਾਏ ਵੱਲੋਂ ਪੰਜਾਬ ਦੇ ਨੌਜਵਾਨਾਂ ਨੂੰ ਹੁਨਰਮੰਦ ਬਣਾਉਣ ਲਈ ਪਹਿਲਕਦਮੀ

185
ਡਾ. ਐੱਸ.ਪੀ. ਸਿੰਘ ਓਬਰਾਏ
Share

ਸਰਕਾਰ ਵੱਲੋਂ 8 ਬੰਦ ਪਈਆਂ ਆਈ.ਟੀ. ਆਈਜ਼ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਨੂੰ ਦੇਣ ’ਤੇ ਵਿਚਾਰ
ਜਲੰਧਰ, 25 ਦਸੰਬਰ (ਪੰਜਾਬ ਮੇਲ)-ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਡਾਇਰੈਕਟਰ ਡਾ. ਐੱਸ. ਪੀ. ਸਿੰਘ ਓਬਰਾਏ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਮੀਟਿੰਗ ਦੌਰਾਨ ਕਈ ਪੁਆਇੰਟਸ ’ਤੇ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਯੂਥ ਨੂੰ ਲੈ ਕੇ ਗੱਲਬਾਤ ਕੀਤੀ, ਜੋ ਵਿਦੇਸ਼ ਨੂੰ ਭੱਜ ਰਿਹਾ ਹੈ। ਉਨ੍ਹਾਂ ਮੁੱਖ ਮੰਤਰੀ ਚੰਨੀ ਨੂੰ ਕਿਹਾ ਕਿ ਬੰਦ ਪਈਆਂ ਆਈ.ਟੀ. ਆਈਜ਼ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਨੂੰ ਦਿੱਤੀਆਂ ਜਾਣ ਤਾਂ ਕਿ ਇਨ੍ਹਾਂ ’ਚ ਨੌਜਵਾਨਾਂ ਨੂੰ ਕਾਰਪੈਂਟਰ, ਮੈਸਨ, ਪਲੰਬਰ ਆਦਿ ਕੋਰਸ ਕਰਵਾ ਕੇ ਹੁਨਰਮੰਦ ਬਣਾਇਆ ਜਾਵੇ। ਇਹ ਕੋਰਸ ਉਨ੍ਹਾਂ ਦੇ ਟਰੱਸਟ ਵੱਲੋਂ ਮੁਫ਼ਤ ਕਰਵਾਏ ਜਾਣਗੇ।
ਇਨ੍ਹਾਂ ਕੋਰਸਾਂ ਨਾਲ ਨੌਜਵਾਨਾਂ ਨੂੰ ਹੁਨਰਮੰਦ ਬਣਾਇਆ ਜਾਵੇਗਾ, ਜਿਸ ਤੋਂ ਬਾਅਦ ਉਹ ਦੇਸ਼ ’ਚ ਰਹਿ ਕੇ ਕੰਮ ਕਰ ਸਕਦੇ ਹਨ। ਉਹ ਲੇਬਰ ’ਚ ਨਹੀਂ, ਸਗੋਂ ਵਿਦੇਸ਼ ’ਚ ਜਾ ਕੇ ਵਧੀਆ ਕੰਮ ਕਰ ਸਕਦੇ ਹਨ। ਹੁਣ ਇਸ ਬਾਰੇ ਫ਼ੈਸਲਾ ਕਰਦਿਆਂ ਸਰਕਾਰ ਨੇ 8 ਬੰਦ ਪਈਆਂ ਆਈ.ਟੀ. ਆਈਜ਼ ਸਾਨੂੰ ਦੇਣ ’ਤੇ ਵਿਚਾਰ ਕੀਤਾ ਹੈ। ਇਨ੍ਹਾਂ ਬੰਦ ਪਈਆਂ ਆਈ.ਟੀ. ਆਈਜ਼ ਨੂੰ ਰੈਨੋਵੇਟ ਕਰ ਕੇ ਇਥੇ ਇੰਸਟਰੱਕਟਰ ਰੱਖੇ ਜਾਣਗੇ ਤੇ ਨੌਜਵਾਨਾਂ ਨੂੰ ਮੁਫ਼ਤ ’ਚ ਕੋਰਸ ਕਰਵਾਏ ਜਾਣਗੇ। ਡਾ. ਓਬਰਾਏ ਨੇ ਕਿਹਾ ਕਿ ਪੰਜਾਬ ’ਚ ਨੌਕਰੀਆਂ ਦੀ ਕਮੀ ਨਹੀਂ ਹੈ ਪਰ ਟੈਕਨੀਸ਼ੀਅਨ ਪੈਦਾ ਕਰਨ ਦੀ ਲੋੜ ਹੈ, ਜਿਸ ਲਈ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਪੰਜਾਬ ਸਰਕਾਰ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਲਈ ਤਿਆਰ ਹੈ।

Share