ਡਾ. ਐੱਸ.ਪੀ. ਸਿੰਘ ਓਬਰਾਏ ਨੇ 248 ਸੀਟਾਂ ਵਾਲੇ ਜਹਾਜ਼ ’ਚ 14800 ਰੁਪਏ ਦੀ ਦੀ ਟਿਕਟ ਲੈ ਕੇ ਇਕੱਲਿਆਂ ਕੀਤਾ ਸਫ਼ਰ

385
Share

ਪਟਿਆਲਾ, 25 ਜੂਨ (ਪੰਜਾਬ ਮੇਲ)- ਦੁਬਈ ਦੇ ਸਟਾਰ ਜੈਮ ਗਰੁੱਪ ਮੁੱਖੀ ਭਾਵੇਸ਼ ਜਾਵੇਰੀ ਤੋਂ ਬਾਅਦ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁਖੀ ਅਤੇ ਦੁਬਈ ਦੇ ਉੱਘੇ ਬਿਜ਼ਨੈੱਸਮੈਨ ਡਾ. ਐੱਸ.ਪੀ. ਸਿੰਘ ਓਬਰਾਏ ਅੰਤਰਰਾਸ਼ਟਰੀ ਫਲਾਈਟ ਵਿਚ ਜਾਣ ਵਾਲੇ ਦੂਜੇ ਸ਼ਖਸ ਬਣੇ, ਜਿਨ੍ਹਾਂ ਨੇ ਇੱਕਲੇ ਯਾਤਰੀ ਵਜੋਂ 248 ਸੀਟਾਂ ਵਾਲੇ ਜਹਾਜ਼ ਵਿਚ ਸਫ਼ਰ ਕੀਤਾ। ਦੱਸ ਦੇਈਏ ਕਿ ਭਾਵੇਸ਼ ਜਾਵੇਰੀ ਇੱਕਲੇ ਯਾਤਰੀ ਵਜੋਂ ਮੁੰਬਈ ਤੋਂ ਐਮੀਰੇਟਸ ਫਲਾਈਟ ’ਤੇ ਦੁਬਈ ਗਏ ਸਨ।
ਡਾ. ਓਬਰਾਏ ਵਲੋਂ 740 ਦਿਰਹਮ (ਦੁਬਈ ਦੀ ਕਰੰਸੀ) ਜੋ ਕਿ ਭਾਰਤੀ 14800 ਰੁਪਏ ਦੇ ਕੇ ਇਹ ਯਾਤਰਾ ਕੀਤੀ ਗਈ। ਬੀਤੇ ਦਿਨੀਂ ਡਾ. ਐੱਸ.ਪੀ. ਸਿੰਘ ਓਬਰਾਏ ਪਟਿਆਲੇ ਵਿਚ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜੱਥੇਦਾਰ ਗਿਆਨੀ ਰਣਜੀਤ ਸਿੰਘ ਮੁਖੀ ਗੋਹਰੇ ਮਸਕੀਨ ਨੂੰ ਪੰਡਤ ਸੋਮਦੱਤ ਦੀ ਯਾਦ ’ਚ ਇਕ ਐਂਬੂਲੈਂਸ ਭੇਂਟ ਕਰਨ ਤੋਂ ਬਾਅਦ ਗੁਰਦਾਸਪੁਰ ’ਚ ਇਕ ਲੈਬਾਰਟਰੀ ਦੇ ਲਈ ਜਗ੍ਹਾ ਵੇਖਣ ਤੋਂ ਬਾਅਦ ਤੜਕੇ ਏਅਰ ਇੰਡੀਆ ਦੀ ਫਲਾਈਟ ਲਈ ਅੰਮਿ੍ਰਤਸਰ ਪੁੱਜੇ ਸਨ।
ਉੱਥੇ ਜਾ ਕੇ ਏਅਰ ਇੰਡੀਆ ਦੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਲਿਜਾਣ ਤੋਂ ਆਨਾਕਾਨੀ ਕੀਤੀ। ਇਹ ਏਅਰ ਇੰਡੀਆ ਦੀ ਫਲਾਈਟ ਅੰਮਿ੍ਰਤਸਰ ਤੋਂ ਦੁਬਈ ਲਈ ਰਿਟਰਨ ਫਲਾਈਟ ਸੀ ਅਤੇ ਡਾ. ਓਬਰਾਏ ਨੂੰ ਇਉਂ ਲੱਗਾ ਕਿ ਕੋਵਿਡ ਪ੍ਰੋਟੋਕੋਲ ਦੇ ਚੱਲਦਿਆਂ ਏਅਰ ਇੰਡੀਆ ਦੇ ਅਧਿਕਾਰੀ ਉਨ੍ਹਾਂ ਨੂੰ ਨਾਲ ਨਹੀਂ ਲਿਜਾ ਰਹੇ।
ਡਾ. ਓਬਰਾਏ ਨੇ ਦੱਸਿਆ ਕਿ ਉਹ ਪੂਰੀ ਤਰ੍ਹਾਂ ਵੈਕਸੀਨੇਟਡ ਹਨ ਅਤੇ ਕੋਵਿਡ ਦੀ ਨੈਗੇਟਿਵ ਰਿਪੋਰਟ ਉਨ੍ਹਾਂ ਕੋਲ ਹੈ, ਦੁਬਈ ਦੇ ਗੋਲਡ ਵੀਜ਼ਾ ਕਾਰਡ ਹੋਲਡਰ ਉਹ ਖੁਦ ਆਪ ਹਨ, 48 ਘੰਟਿਆਂ ਦੀ ਪੀ.ਸੀ.ਆਰ. ਰਿਪੋਰਟ ਤੋਂ ਇਲਾਵਾ 4 ਘੰਟੇ ਪਹਿਲਾਂ ਦੀ ਰੇਪਿਡ ਰਿਪੋਰਟ ਵੀ ਉਨ੍ਹਾਂ ਕੋਲ ਹੈ। ਇਸ ਤੋਂ ਉਪਰ ਦੁਬਈ ਤੋਂ ਰਿਟਰਨ ਪਰਮਿਟ ਵੀ ਉਨ੍ਹਾਂ ਕੋਲ ਹੈ। ਪਰ ਫੇਰ ਵੀ ਏਅਰ ਇੰਡੀਆ ਅਧਿਕਾਰੀ ਨਹੀਂ ਮੰਨੇ।
ਫਲਾਈਟ ਦੇ ਉੱਡਣ ਨੂੰ ਮਹਿਜ਼ 4 ਘੰਟੇ ਦਾ ਸਮਾਂ ਰਹਿ ਗਿਆ ਸੀ ਅਤੇ ਇਸ ਦੇ ਚੱਲਦਿਆਂ ਡਾ. ਓਬਰਾਏ ਨੇ ਅੰਮਿ੍ਰਤਸਰ ਏਅਰਪੋਰਟ ਦੇ ਚੇਅਰਮੈਨ ਐੱਮ.ਪੀ. ਗੁਰਜੀਤ ਔਜਲਾ ਅਤੇ ਏਵੀਏਸ਼ਨ ਮੰਤਰੀ ਹਰਦੀਪ ਪੁਰੀ ਨਾਲ ਸੰਪਰਕ ਸਾਧਿਆ ਅਤੇ ਮੰਤਰੀ ਹਰਦੀਪ ਪੁਰੀ ਦੇ ਦਖ਼ਲ ਤੋਂ ਬਾਅਦ ਏਅਰ ਇੰਡੀਆ ਦਾ ਸਟਾਫ਼ ਲਿਜਾਉਣ ਲਈ ਰਾਜ਼ੀ ਹੋਇਆ।
ਡਾ. ਓਬਰਾਏ ਨੇ ਦੁਬਈ ਤੋਂ ਫੋਨ ’ਤੇ ਦੱਸਿਆ ਕਿ ਉਹ ਯੂ.ਏ.ਈ. ਦੇ ਗੋਲਡਨ ਵੀਜ਼ਾ ਧਾਰਕ ਹਨ ਅਤੇ 12 ਜੂਨ ਨੂੰ ਭਾਰਤ ਆਏ ਸਨ।¿;
ਕੋਵਿਡ ਦੀ ਦੂਜੀ ਵੇਵ ਦੇ ਚੱਲਦਿਆਂ 24 ਅਪ੍ਰੈਲ ਤੋਂ ਯੂ.ਏ.ਈ. ਤੋਂ ਭਾਰਤ ਲਈ ਆਮ ਯਾਤਰੀਆਂ ਦੇ ਲਈ ਫਲਾਈਟਾਂ ਬੰਦ ਹਨ ਪਰ ਡਿਪਲੋਮੈਟਿਕ ਅਧਿਕਾਰੀ, ਗੋਲਡ ਵੀਜ਼ਾ ਧਾਰਕ ਅਤੇ ਖਾਸ ਵਿਅਕਤੀਆਂ ਨੂੰ ਇਸ ਵਿਚ ਛੋਟ ਹੈ।
ਡਾ. ਐੱਸ.ਪੀ. ਸਿੰਘ ਓਬਰਾਏ ਨੇ ਕੇਂਦਰੀ ਮੰਤਰੀ ਹਰਦੀਪ ਪੁਰੀ ਅਤੇ ਮੈਂਬਰ ਪਾਰਲੀਮੈਂਟ ਗੁਰਜੀਤ ਔਜਲਾ ਦਾ ਵੀ ਖ਼ਾਸ ਤੌਰ ’ਤੇ ਧੰਨਵਾਦ ਕੀਤਾ।

Share