-ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਯੂਨੀਵਰਸਿਟੀ ਵਿਖੇ ਕੰਪਿਊਟਰ, ਕਿਤਾਬਾਂ ਤੇ ਕਰਮਸ਼ੀਅਲ ਆਰ.ਓ. ਸਿਸਟਮ ਦਾ ਉਦਘਾਟਨ
ਪਟਿਆਲਾ, 5 ਅਕਤੂਬਰ (ਰਵੀਕਾਂਤ ਸ਼ਰਮਾ/ਪੰਜਾਬ ਮੇਲ)- ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ. ਐੱਸ.ਪੀ. ਸਿੰਘ ਓਬਰਾਏ ਨੇ ਮੁੁੜ ਇੱਕ ਵਾਰ ਫਿਰ ਤੋਂ ਆਰਥਿਕ ਮੰਦਹਾਲੀ ਤੋਂ ਪੱਛੜੇ ਹੋਏ ਯੂਨੀਵਰਸਿਟੀ, ਕਾਲਜਾਂ ਨੂੰ ਮੁੜ ਤੋਂ ਲੀਹਾਂ ’ਤੇ ਲਿਆਉਣ ਦਾ ਵੱਡਾ ਬੀੜਾ ਚੁੱਕਿਆ ਹੈ। ਜਿਸ ਤਹਿਤ, ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ (ਰਜਿ.) ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਚੱਲ ਰਹੇ ਸਿੱਖਿਆ ਪ੍ਰੋਗਰਾਮਾਂ ਤਹਿਤ ਯੂਨੀਵਰਸਿਟੀ ਕਾਲਜ, ਘਨੌਰ ਵਿਖੇ ਕੰਪਿਊਟਰ ਲੈਬ ਲਈ 05 ਕੰਪਿਊਟਰ, ਲਾਇਬਰੇਰੀ ਲਈ 250 ਕਿਤਾਬਾਂ ਦੀ ਸੇਵਾ ਅਤੇ 02 ਕਮਰਸ਼ੀਅਲ ਆਰ.ਓ. ਲਗਾਏ ਗਏ ਹਨ, ਜਿਨ੍ਹਾਂ ਦਾ ਰਸਮੀ ਉਦਘਾਟਨ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾ. ਐੱਸ.ਪੀ. ਸਿੰਘ ਓਬਰਾਏ ਨੇ ਆਪਣੇ ਕਰ ਕਮਲਾਂ ਨਾਲ ਕੀਤਾ। ਇਸ ਦੌਰਾਨ ਡਾ. ਓਬਰਾਏ ਵੱਲੋਂ ਸਪੈਸ਼ਲ ਨਿਰੀਖਣ ਵੀ ਕੀਤਾ ਗਿਆ।

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾ. ਐੱਸ.ਪੀ. ਸਿੰਘ ਓਬਰਾਏ ਨੇ ਦੱਸਿਆ ਕਿ ਪਿਛਲੇ ਦਿਨੀਂ ਉਨ੍ਹਾਂ ਨੇ ਯੂਨੀਵਰਸਿਟੀ ਕਾਲਜ ਘਨੌਰ ਦਾ ਦੌਰਾ ਕੀਤਾ ਸੀ ਅਤੇ ਸੰਨੀ ਓਬਰਾਏ ਸਕਾਲਰਸ਼ਿਪ ਸਕੀਮ ਤਹਿਤ 16 ਬੱਚਿਆਂ ਨੂੰ ਵਜ਼ੀਫ਼ੇ ਦੇ ਚੈੱਕ ਭੇਂਟ ਕਰਨ ਆਏ ਸਨ। ਇਸਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਸੰਨੀ ਓਬਰਾਏ ਸਕਾਲਰਸ਼ਿਪ ਸਕੀਮ ਤਹਿਤ ਹੁਣ ਇਹ ਵਜ਼ੀਫ਼ਾ ਸਕੀਮ ਅਗਲੇ ਸਾਲ ਤੋਂ 16 ਬੱਚਿਆਂ ਤੋਂ ਵਧਾ ਕੇ 50 ਬੱਚਿਆਂ ਨੂੰ ਦਿੱਤੀ ਜਾਵੇਗੀ।
