ਡਾ. ਐੱਸ.ਪੀ. ਸਿੰਘ ਓਬਰਾਏ ਨੇ ਬੀ.ਐੱਸ.ਐੱਫ. ਦੇ ਯੋਧਿਆਂ ਦਾ ਵਧਾਇਆ ਹੌਂਸਲਾ

709
ਬੀ.ਐੱਸ.ਐੱਫ. ਨੂੰ ਸਾਮਾਨ ਸੌਂਪਣ ਮੌਕੇ ਡਾ. ਐੱਸ.ਪੀ. ਸਿੰਘ ਓਬਰਾਏ ਨਾਲ ਕਮਾਂਡੈਂਟ ਡੀ.ਆਈ.ਜੀ. ਭੁਪਿੰਦਰ ਸਿੰਘ ਤੇ ਟਰੱਸਟ ਦੇ ਅਹੁਦੇਦਾਰ।
Share

-ਬੀ.ਐੱਸ.ਐੱਫ. ਨੂੰ ਵੱਡੀ ਮਾਤਰਾ ‘ਚ ਕਰੋਨਾ ਤੋਂ ਸੁਰੱਖਿਆ ਨਾਲ ਸਬੰਧਤ ਦਿੱਤਾ ਸਾਮਾਨ
-ਬੇਸ਼ੱਕ ਕਰੋੜਾਂ ਖਰਚ ਹੋ ਜਾਣ ਨਿਰੰਤਰ ਜਾਰੀ ਰੱਖਾਂਗੇ ਸਾਰੇ ਸੇਵਾ ਕਾਰਜ : ਡਾ. ਓਬਰਾਏ
-ਨਾਜ਼ੁਕ ਹਾਲਾਤਾਂ ‘ਚ ਡਾ. ਓਬਰਾਏ ਦੀ ਵੱਡੀ ਸੇਵਾ ਨਾਲ ਪੂਰੀ ਦੁਨੀਆਂ ‘ਚ ਚਰਚਾ : ਡੀ.ਆਈ.ਜੀ.
ਅੰਮ੍ਰਿਤਸਰ, 10 ਜੂਨ (ਪੰਜਾਬ ਮੇਲ)- ਆਪਣੀ ਨਿੱਜੀ ਕਮਾਈ ‘ਚੋਂ ਕਰੋੜਾਂ ਰੁਪਏ ਖਰਚ ਕੇ ਪੂਰੀ ਦੁਨੀਆਂ ਅੰਦਰ ਵੱਡੀ ਸੇਵਾ ਕਰਨ ਵਾਲੇ ਡਾ. ਐਸ.ਪੀ. ਸਿੰਘ ਓਬਰਾਏ ਦੀ ਸਰਪ੍ਰਸਤੀ ਹੇਠ ਚੱਲਣ ਵਾਲੀ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਅੱਜ ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ.) ਦੇ ਮੁੱਖ ਦਫ਼ਤਰ ਖਾਸਾ, ਅੰਮ੍ਰਿਤਸਰ ਨੂੰ ਵੱਡੀ ਗਿਣਤੀ ‘ਚ ਪੀ.ਪੀ.ਈ. ਕਿੱਟਾਂ, ਸਰਜੀਕਲ ਮਾਸਕ, ਇਨਫਰਾਰੈੱਡ ਥਰਮਾਮੀਟਰ, ਸੈਨੀਟਾਈਜ਼ਰ ਸਮੇਤ ਕਰੋਨਾ ਤੋਂ ਸੁਰੱਖਿਆ ਲਈ ਸਬੰਧਤ ਹੋਰ ਲੋੜੀਂਦਾ ਸਾਮਾਨ ਦਿੱਤਾ ਗਿਆ।
ਇਸ ਦੌਰਾਨ ਉਚੇਚੇ ਤੌਰ ‘ਤੇ ਅੰਮ੍ਰਿਤਸਰ ਪਹੁੰਚੇ ਡਾ. ਐੱਸ.ਪੀ. ਸਿੰਘ ਓਬਰਾਏ ਨੇ ਸੀਮਾ ਸੁਰੱਖਿਆ ਬਲ ਦੇ ਕਮਾਂਡੈਂਟ ਡੀ.ਆਈ.ਜੀ. ਭੁਪਿੰਦਰ ਸਿੰਘ ਦੀ ਮੌਜੂਦਗੀ ‘ਚ ਦੱਸਿਆ ਕਿ ਕਰੋਨਾ ਮਹਾਂਮਾਰੀ ਕਾਰਨ ਪੈਦਾ ਹੋਏ ਹਾਲਾਤਾਂ ਨਾਲ ਨਜਿੱਠਣ ਲਈ ਉਨ੍ਹਾਂ ਵੱਲੋਂ ਹਰ ਮਹੀਨੇ ਕਰੀਬ 60 ਹਜ਼ਾਰ ਲੋੜਵੰਦ ਪਰਿਵਾਰਾਂ ਭਾਵ 3 ਲੱਖ ਲੋਕਾਂ ਨੂੰ ਸੁੱਕਾ ਰਾਸ਼ਨ ਦੇਣ ਤੋਂ ਇਲਾਵਾ ਸਾਰੇ ਮੈਡੀਕਲ ਕਾਲਜਾਂ, ਹਰੇਕ ਜ਼ਿਲ੍ਹੇ ਦੇ ਸਰਕਾਰੀ ਹਸਪਤਾਲਾਂ, ਏਅਰਪੋਰਟ ਅਥਾਰਟੀਆਂ ਅਤੇ ਸਿਵਲ ਤੇ ਪੁਲਿਸ ਪ੍ਰਸ਼ਾਸਨਾਂ ਆਦਿ ਨੂੰ ਮੋਹਰਲੀ ਕਤਾਰ ‘ਚ ਲੜਨ ਵਾਲੇ ਕਰਮਚਾਰੀਆਂ ਦੀ ਸਿਹਤ ਦੀ ਸੁਰੱਖਿਆ ਲਈ ਲੋੜੀਂਦਾ ਸਾਮਾਨ ਮੁਹੱਈਆ ਕਰਾਉਣ ਲਈ ਪਹਿਲੇ ਪੜਾਅ ਤਹਿਤ 20 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇੱਥੇ ਸੀਮਾ ਸੁਰੱਖਿਆ ਬਲ ਨੂੰ ਤਾਰ ਤੋਂ ਪਾਰ ਭਾਰਤੀ ਜ਼ਮੀਨ ਦੀ ਖੇਤੀ ਵੇਲੇ ਬੀ.ਐੱਸ.ਐੱਫ. ਦੀ ਸਹਾਇਕ ਵਲੰਟੀਅਰ ਕਿਸਾਨ ਗਾਰਦ ਲਈ 250 ਪੀ.ਪੀ.ਈ. ਕਿੱਟਾਂ, 2 ਇਨਫਰਾਰੈੱਡ ਥਰਮਾਮੀਟਰ, 100 ਲੀਟਰ ਵੱਖ-ਵੱਖ ਤਰ੍ਹਾਂ ਦਾ ਸੈਨੀਟਾਈਜ਼ਰ, 5 ਹਜ਼ਾਰ ਤੀਹਰੀ ਪਰਤ ਵਾਲੇ ਸਰਜੀਕਲ ਮਾਸਕ, 1 ਹਜ਼ਾਰ ਦਸਤਾਨੇ ਅਤੇ 50 ਫ਼ੇਸ ਸ਼ੀਲਡ ਦਿੱਤੇ ਗਏ ਹਨ। ਉਨ੍ਹਾਂ ਇਹ ਵੀ ਕਿਹਾ ਕਿ ਜਿੰਨਾ ਚਿਰ ਤੱਕ ਇਹ ਬਿਪਤਾ ਟਲ ਨਹੀਂ ਜਾਂਦੀ, ਓਨਾ ਚਿਰ ਤੱਕ ਉਹ ਸਾਰੇ ਸੇਵਾ ਕਾਰਜ ਨਿਰੰਤਰ ਨਿਭਾਉਂਦੇ ਰਹਿਣਗੇ, ਬੇਸ਼ੱਕ ਕਰੋੜਾਂ ਰੁਪਏ ਖਰਚ ਹੋ ਜਾਣ। ਉਨ੍ਹਾਂ ਮੁੜ ਕਿਹਾ ਕਿ ਕਿਸੇ ਵੀ ਜ਼ਿਲ੍ਹੇ ਦੇ ਪ੍ਰਸ਼ਾਸਨ ਵੱਲੋਂ ਮੰਗ ਕਰਨ ‘ਤੇ ਉਸ ਨੂੰ ਟਰੱਸਟ ਵੱਲੋਂ ਤੁਰੰਤ ਲੋੜੀਂਦਾ ਸਾਮਾਨ ਮੁਹੱਈਆ ਕਰਵਾਇਆ ਜਾਵੇਗਾ।
ਇਸੇ ਦੌਰਾਨ ਡੀ.ਆਈ.ਜੀ. ਭੁਪਿੰਦਰ ਸਿੰਘ ਨੇ ਡਾ. ਓਬਰਾਏ ਦਾ ਇਸ ਸੇਵਾ ਲਈ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਇਨ੍ਹਾਂ ਨਾਜ਼ੁਕ ਹਾਲਾਤਾਂ ਦੌਰਾਨ ਉਨ੍ਹਾਂ ਵੱਲੋਂ ਹਰੇਕ ਖੇਤਰ ਅੰਦਰ ਆਪਣੇ ਨਿਸ਼ਕਾਮ ਸੇਵਾ ਕਾਰਜਾਂ ਰਾਹੀਂ ਜਨਤਾ ਦਾ ਜੋ ਸਾਥ ਦਿੱਤਾ ਜਾ ਰਿਹਾ ਹੈ, ਉਸ ਦੀ ਚਰਚਾ ਪੂਰੀ ਦੁਨੀਆਂ ਅੰਦਰ ਸੁਣਨ ਨੂੰ ਮਿਲ ਰਹੀ ਹੈ।
ਇਸ ਦੌਰਾਨ ਟਰੱਸਟ ਤੋਂ ਰਵਿੰਦਰ ਰੌਬਿਨ, ਸੁਖਦੀਪ ਸਿੱਧੂ, ਜ਼ਿਲ੍ਹਾ ਪ੍ਰਧਾਨ ਸੁਖਜਿੰਦਰ ਸਿੰਘ ਹੇਰ, ਜਨਰਲ ਸਕੱਤਰ ਮਨਪ੍ਰੀਤ ਸੰਧੂ, ਮੀਤ ਪ੍ਰਧਾਨ ਸ਼ਿਸ਼ਪਾਲ ਸਿੰਘ ਲਾਡੀ, ਵਿੱਤ ਸਕੱਤਰ ਨਵਜੀਤ ਘਈ, ਡਾ. ਸਰਪ੍ਰੀਤ ਸਿੰਘ ਗਿੱਲ ਤੋਂ ਇਲਾਵਾ ਸੀਮਾ ਸੁਰੱਖਿਆ ਬਲ ਦੇ ਹੋਰ ਉੱਚ ਅਧਿਕਾਰੀ ਵੀ ਮੌਜੂਦ ਸਨ।

 


Share