ਡਾ. ਐੱਸ.ਪੀ. ਸਿੰਘ ਓਬਰਾਏ ਨੇ ਆਪਣੇ ਜਨਮ ਦਿਨ ਮੌਕੇ ਮੈਡੀਕਲ ਦਾ ਸਾਮਾਨ ਭੇਜਿਆ

632
Share

ਪਟਿਆਲਾ, 15 ਅਪ੍ਰੈਲ (ਪੰਜਾਬ ਮੇਲ)- ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁਖੀ ਡਾ. ਐੱਸ.ਪੀ. ਸਿੰਘ ਓਬਰਾਏ ਵੱਲੋਂ ਆਪਣੇ 65ਵੇਂ ਜਨਮ ਦਿਨ ਮੌਕੇ ‘ਤੇ ਪੀ.ਜੀ.ਆਈ. ਤੋਂ ਇਲਾਵਾ, ਜਲੰਧਰ, ਨਵਾਂਸ਼ਹਿਰ, ਫਗਵਾੜਾ ਅਤੇ ਹੁਸ਼ਿਆਰਪੁਰ ਪ੍ਰਸ਼ਾਸਨ ਨੂੰ ਵੱਡੀ ਗਿਣਤੀ ‘ਚ ਪੀ.ਪੀ.ਈ. ਕਿੱਟਾਂ, ਐੱਨ-95 ਮਾਸਕ ਅਤੇ ਟ੍ਰਿਪਲ ਲੇਅਰ ਸਰਜੀਕਲ ਮਾਸਕ ਭੇਜੇ ਗਏ ਹਨ, ਜਿਸ ਸਦਕਾ ਕੋਰੋਨਾਵਾਇਰਸ ਦੀ ਲਾਗ ਤੋਂ ਲੋਕਾਂ ਨੂੰ ਬਚਾਉਣ ਲਈ ਜੂਝ ਰਹੇ ਇਨ੍ਹਾਂ ਜ਼ਿਲ੍ਹਿਆਂ ਦੇ ਸਿਹਤ ਸਿਵਲ ਤੇ ਪੁਲਿਸ ਪ੍ਰਸ਼ਾਸਨ ਨੂੰ ਵੱਡੀ ਰਾਹਤ ਮਿਲੇਗੀ। ਡਾ. ਐੱਸ.ਪੀ. ਸਿੰਘ ਓਬਰਾਏ ਨੇ ਦੱਸਿਆ ਕਿ ਉਨ੍ਹਾਂ ਨੇ ਅੱਧੀ ਰਾਤ ਜਦੋਂ ਉਨ੍ਹਾਂ ਦਾ ਜਨਮ ਮਿਤੀ ਸ਼ੁਰੂ ਹੁੰਦੀ ਸੀ, ਉਦੋਂ ਤੋਂ ਪੀ.ਪੀ.ਈ. ਕਿੱਟਾਂ ਨੂੰ ਗੱਡੀਆਂ ਤੋਂ ਅਨਲੋਡ ਕਰਵਾ ਰਹੇ ਸਨ ਅਤੇ ਸਵੇਰੇ ਸੁਵੱਖਤੇ ਆਪਣੇ ਪਹਿਲੇ ਪੜਾਅ ਤਹਿਤ ਜਲੰਧਰ, ਨਵਾਂਸ਼ਹਿਰ, ਹੁਸ਼ਿਆਰਪੁਰ, ਫਗਵਾੜਾ, ਕਪੂਰਥਲਾ, ਟਾਂਡਾ ਦੇ ਪ੍ਰਸ਼ਾਸਨ ਦੀ ਮੰਗ ਅਨੁਸਾਰ 1000 ਪੀ.ਪੀ.ਈ. ਕਿੱਟਾਂ, 1000 ਐੱਨ-95 ਮਾਸਕ, 5 ਹਜ਼ਾਰ ਧੋਣ ਉਪਰੰਤ ਮੁੜ ਵਰਤੋਂ ‘ਚ ਆਉਣ ਵਾਲਾ ਸਰਜੀਕਲ ਟ੍ਰਿਪਲ ਲੇਅਰ ਮਾਸਕ ਭੇਜੇ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਇਹ ਖੁਸ਼ੀ ਮਹਿਸੂਸ ਹੋਈ ਕਿ ਉਹ ਆਪਣੇ ਜਨਮ ਦਿਨ ਮੌਕੇ ਵੀ ਲੋਕਾਂ ਦੀ ਸੇਵਾ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਟਰੱਸਟ ਵੱਲੋਂ ਭੇਜਿਆ ਗਿਆ ਇਹ ਸਮਾਨ ਸੰਬੰਧਤ ਜ਼ਿਲ੍ਹਿਆਂ ਦੇ ਸਿਵਲ ਪ੍ਰਸ਼ਾਸਨ ਵੱਲੋਂ ਆਪਣੇ ਖੇਤਰ ਦੇ ਵੱਖ-ਵੱਖ ਸਰਕਾਰੀ ਹਸਪਤਾਲਾਂ ਅਤੇ ਕਰਫਿਊ ਦੌਰਾਨ ਲੋਕਾਂ ਦੀ ਸੁਰੱਖਿਆ ਲਈ ਕੰਮ ਕਰ ਰਹੇ ਪੁਲਿਸ ਕਰਮਚਾਰੀਆਂ ਨੂੰ ਲੋੜ ਅਨੁਸਾਰ ਦਿੱਤਾ ਜਾਵੇਗਾ।


Share