ਡਾ. ਐੱਸ.ਪੀ. ਸਿੰਘ ਓਬਰਾਏ ਦੇ ਯਤਨਾਂ ਸਦਕਾ 37 ਸਾਲਾ ਨੌਜਵਾਨ ਦਾ ਮਿ੍ਰਤਕ ਸਰੀਰ ਦੁਬਈ ਤੋਂ ਵਤਨ ਪੁੱਜਾ

175
ਬਲਜੀਤ ਸਿੰਘ ਦਾ ਮਿ੍ਰਤਕ ਸਰੀਰ ਪ੍ਰਾਪਤ ਕਰਨ ਮੌਕੇ ਟਰੱਸਟ ਦੇ ਅਹੁਦੇਦਾਰ ਸੁਖਜਿੰਦਰ ਹੇਰ, ਮਨਪ੍ਰੀਤ ਸੰਧੂ, ਨਵਜੀਤ ਘਈ ਤੇ ਹੋਰ।
Share

– ਟਰੱਸਟ ਹੁਣ ਤੱਕ 218 ਬਦਨਸੀਬਾਂ ਦੇ ਮਿ੍ਰਤਕ ਸਰੀਰ ਪਹੁੰਚਾ ਚੁੱਕਾ ਹੈ ਵਾਰਸਾਂ ਤੱਕ
– ਮਾਪੇ ਪੂਰੀ ਤਰ੍ਹਾਂ ਘੋਖ ਕਰਨ ਉਪਰੰਤ ਹੀ ਆਪਣੇ ਬੱਚਿਆਂ ਨੂੰ ਭੇਜਣ ਵਿਦੇਸ਼ : ਡਾ.ਓਬਰਾਏ
ਅੰਮਿ੍ਰਤਸਰ, 25 ਫਰਵਰੀ (ਪੰਜਾਬ ਮੇਲ)- ਆਪਣੇ ਪਰਿਵਾਰਾਂ ਨੂੰ ਆਰਥਿਕ ਮੰਦਹਾਲੀ ’ਚੋਂ ਕੱਢਣ ਲਈ ਆਪਣੇ ਘਰ, ਜ਼ਮੀਨਾਂ ਗਹਿਣੇ ਧਰ ਖਾੜੀ ਮੁਲਕਾਂ ’ਚ ਮਜ਼ਦੂਰੀ ਕਰਨ ਗਏ ਲੋਕਾਂ ਦੀ ਹਰ ਮੁਸ਼ਕਲ ਘੜੀ ’ਚ ਰਹਿਬਰ ਬਣ ਸੇਵਾ ਰੂਪੀ ਮਦਦ ਕਰਨ ਵਾਲੇ ਦੁਬਈ ਦੇ ਉੱਘੇ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਟਰੱਸਟ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਡਾ. ਐੱਸ.ਪੀ. ਸਿੰਘ ਓਬਰਾਏ ਦੇ ਵੱਡੇ ਯਤਨਾਂ ਸਦਕਾ ਜਲੰਧਰ ਸ਼ਹਿਰ ਨਾਲ ਸਬੰਧਤ 37 ਸਾਲਾ ਬਲਜੀਤ ਸਿੰਘ ਪੁੱਤਰ ਮੋਹਨ ਸਿੰਘ ਦਾ ਮਿ੍ਰਤਕ ਸਰੀਰ ਦੁਬਈ ਤੋਂ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ ਅੰਮਿ੍ਰਤਸਰ ਵਿਖੇ ਪੁੱਜਿਆ।
ਮਿ੍ਰਤਕ ਦੀ ਫਾਈਲ ਫੋਟੋ।

ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ. ਐੱਸ.ਪੀ. ਸਿੰਘ ਓਬਰਾਏ ਨੇ ਦੱਸਿਆ ਕਿ ਬਲਜੀਤ ਸਿੰਘ ਕਰੀਬ ਪੰਜ ਸਾਲ ਪਹਿਲਾਂ ਆਪਣੇ ਪਰਿਵਾਰ ਦੇ ਆਰਥਿਕ ਹਾਲਾਤਾਂ ਨੂੰ ਸੁਧਾਰਨ ਦੀ ਕੋਸ਼ਿਸ਼ ’ਚ ਦੁਬਈ ਮਿਹਨਤ ਮਜ਼ਦੂਰੀ ਕਰਨ ਲਈ ਗਿਆ ਸੀ ਕਿ ਬੀਤੀ 29 ਜਨਵਰੀ ਨੂੰ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ ਸੀ। ਉਨ੍ਹਾਂ ਦੱਸਿਆ ਕਿ ਮਿ੍ਰਤਕ ਦੇ ਪਰਿਵਾਰ ਨੇ ਸੋਸ਼ਲ ਮੀਡੀਆ ਰਾਹੀਂ ਉਨ੍ਹਾਂ ਨਾਲ ਸੰਪਰਕ ਕੀਤਾ, ਤਾਂ ਉਨ੍ਹਾਂ ਨੇ ਸਾਰੀ ਜਾਣਕਾਰੀ ਇਕੱਤਰ ਕਰਨ ਉਪਰੰਤ ਤੁਰੰਤ ਲੋੜੀਂਦੀ ਸਾਰੀ ਕਾਗਜ਼ੀ ਕਾਰਵਾਈ ਮੁਕੰਮਲ ਕਰਵਾ ਕੇ ਭਾਰਤੀ ਦੂਤਾਵਾਸ ਦੇ ਵੱਡੇ ਸਹਿਯੋਗ ਸਦਕਾ ਬਲਜੀਤ ਸਿੰਘ ਦਾ ਮਿ੍ਰਤਕ ਸਰੀਰ ਲਿਆ ਕੇ ਟਰੱਸਟ ਦੀ ਅੰਮਿ੍ਰਤਸਰ ਇਕਾਈ ਦੇ ਪ੍ਰਧਾਨ ਸੁਖਜਿੰਦਰ ਸਿੰਘ ਹੇਰ, ਜਨਰਲ ਸਕੱਤਰ ਮਨਪ੍ਰੀਤ ਸੰਧੂ, ਵਿੱਤ ਸਕੱਤਰ ਨਵਜੀਤ ਸਿੰਘ ਘਈ ਅਤੇ ਮੀਤ ਪ੍ਰਧਾਨ ਸ਼ਿਸ਼ਪਾਲ ਸਿੰਘ ਲਾਡੀ ਦੀ ਮੌਜੂਦਗੀ ’ਚ ਹਵਾਈ ਅੱਡੇ ਤੋਂ ਪ੍ਰਾਪਤ ਕਰ ਕੇ ਪਰਿਵਾਰ ਨੂੰ ਸੌਂਪ ਦਿੱਤਾ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਮਿ੍ਰਤਕ ਦੇਹ ਨੂੰ ਭਾਰਤ ਭੇਜਣ ਦਾ ਖਰਚਾ ਭਾਰਤੀ ਦੂਤਾਵਾਸ ਵੱਲੋਂ ਕੀਤਾ ਗਿਆ ਹੈ, ਜਦਕਿ ਮਿ੍ਰਤਕ ਦੀ ਪਤਨੀ ਜੋ ਕਿ ਮਿ੍ਰਤਕ ਦੇਹ ਨਾਲ ਹੀ ਦੁਬਈ ਤੋਂ ਭਾਰਤ ਆਈ ਹੈ, ਉਸ ਦੀ ਟਿਕਟ ਦਾ ਖ਼ਰਚਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਕੀਤਾ ਗਿਆ।

ਡਾ. ਓਬਰਾਏ ਨੇ ਦੱਸਿਆ ਕਿ ਉਹ ਹੁਣ ਤੱਕ 218 ਬਦਨਸੀਬ ਲੋਕਾਂ ਦੇ ਮਿ੍ਰਤਕ ਸਰੀਰ ਵਾਰਸਾਂ ਤੱਕ ਪਹੁੰਚਾ ਚੁੱਕੇ ਹਨ। ਉਨ੍ਹਾਂ ਮਾਪਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਪੂਰੀ ਤਰ੍ਹਾਂ ਜਾਂਚ ਪੜਤਾਲ ਕਰਨ ਉਪਰੰਤ ਹੀ ਆਪਣੇ ਬੱਚਿਆਂ ਨੂੰ ਵਿਦੇਸ਼ਾਂ ਅੰਦਰ ਭੇਜਣ।
ਹਵਾਈ ਅੱਡੇ ’ਤੇ ਦੁਬਈ ਤੋਂ ਪਹੁੰਚੀ ਮਿ੍ਰਤਕ ਦੀ ਪਤਨੀ ਸੁਨੀਤਾ ਤੋਂ ਇਲਾਵਾ ਮਿ੍ਰਤਕ ਦੇ ਭਰਾ ਸਰਬਜੀਤ ਸਿੰਘ, ਸੰਦੀਪ ਸਿੰਘ, ਚਾਚਾ ਦਵਿੰਦਰ ਸਿੰਘ, ਜੀਜਾ ਸਤਨਾਮ ਕੁਮਾਰ ਆਦਿ ਬਲਜੀਤ ਦੀ ਮਿ੍ਰਤਕ ਦੇਹ ਲੈ ਕੇ ਆਉਣ ’ਤੇ ਡਾ. ਐੱਸ.ਪੀ. ਸਿੰਘ ਓਬਰਾਏ ਦਾ ਤਹਿ ਦਿਲੋਂ ਸ਼ੁਕਰਾਨਾ ਕਰਦਿਆਂ ਦੱਸਿਆ ਕਿ ਮਿ੍ਰਤਕ ਸਰੀਰ ਭਾਰਤ ਲੈ ਕੇ ਆਉਣਾ ਉਨ੍ਹਾਂ ਦੇ ਵੱਸ ਦੀ ਹੀ ਗੱਲ ਨਹੀਂ ਸੀ। ਉਨ੍ਹਾਂ ਕਿਹਾ ਕਿ ਡਾ. ਓਬਰਾਏ ਦੀ ਬਦੌਲਤ ਹੀ ਬਲਜੀਤ ਦੇ ਬਜ਼ੁਰਗ ਮਾਪਿਆਂ, ਛੋਟੇ-ਛੋਟੇ ਬੱਚਿਆਂ ਤੇ ਹੋਰ ਰਿਸ਼ਤੇਦਾਰਾਂ ਨੂੰ ਉਸ ਦੇ ਅੰਤਿਮ ਦਰਸ਼ਨ ਕਰਨੇ ਨਸੀਬ ਹੋਏ ਹਨ।
ਜ਼ਿਕਰਯੋਗ ਹੈ ਕਿ ਇਸ ਮਿ੍ਰਤਕ ਦੇਹ ਨੂੰ ਭਾਰਤ ਭੇਜਣ ਲਈ ਡਾ. ਓਬਰਾਏ ਦੇ ਨਿੱਜੀ ਸਕੱਤਰ ਬਲਦੀਪ ਸਿੰਘ ਚਾਹਲ ਨੇ ਵੀ ਵਿਸ਼ੇਸ਼ ਭੂਮਿਕਾ ਨਿਭਾਈ ਹੈ ।

Share