ਡਾ. ਐੱਸ.ਪੀ. ਸਿੰਘ ਓਬਰਾਏ ਦੇ ਯਤਨਾਂ ਸਦਕਾ ਸੁਖਮਿੰਦਰ ਦੇ ਮ੍ਰਿਤਕ ਸਰੀਰ ਨੂੰ ਵੀ ਆਪਣੀ ਮਿੱਟੀ ਹੋਈ ਨਸੀਬ

664
ਹਵਾਈ ਅੱਡੇ ਤੇ ਸੁਖਮਿੰਦਰ ਸਿੰਘ ਦਾ ਮ੍ਰਿਤਕ ਸਰੀਰ ਪਰਿਵਾਰ ਨੂੰ ਸੌਂਪਣ ਮੌਕੇ ਟਰੱਸਟ ਦੇ ਜ਼ਿਲ੍ਹਾ ਪ੍ਰਧਾਨ ਸੁਖਜਿੰਦਰ ਸਿੰਘ ਹੇਰ ਤੇ ਨਵਜੀਤ ਸਿੰਘ ਘਈ।
Share

-ਟਰੱਸਟ ਹੁਣ ਤੱਕ 184 ਬਦਨਸੀਬ ਲੋਕਾਂ ਦੇ ਮ੍ਰਿਤਕ ਸਰੀਰ ਪਹੁੰਚਾ ਚੁੱਕਾ ਹੈ ਵਾਰਸਾਂ ਤੱਕ
-ਬੇਰੁਜ਼ਗਾਰੀ ਕਾਰਨ ਹੀ ਵੱਧ ਰਹੀਆਂ ਨੇ ਆਤਮ ਹੱਤਿਆ ਤੇ ਛੋਟੀ ਉਮਰੇ ਦਿਲ ਦੇ ਦੌਰੇ ਕਾਰਨ ਮੌਤਾਂ : ਡਾ. ਓਬਰਾਏ
ਸਾਡੇ ਵੱਸੋਂ ਬਾਹਰ ਸੀ ਪੁੱਤ ਦੇ ਮ੍ਰਿਤਕ ਸਰੀਰ ਨੂੰ ਵਤਨ ਲੈ ਕੇ ਆਉਣਾ : ਪੀੜਤ ਪਰਿਵਾਰ
ਅੰਮ੍ਰਿਤਸਰ, 29 ਜੁਲਾਈ (ਪੰਜਾਬ ਮੇਲ)- ਆਪਣੇ ਪਰਿਵਾਰਾਂ ਨੂੰ ਆਰਥਿਕ ਮੰਦਹਾਲੀ ‘ਚੋਂ ਕੱਢਣ ਲਈ ਆਪਣੇ ਘਰ, ਜ਼ਮੀਨਾਂ ਗਹਿਣੇ ਪਾ ਕੇ ਖਾੜੀ ਮੁਲਕਾਂ ‘ਚ ਮਜ਼ਦੂਰੀ ਕਰਨ ਗਏ ਲੋਕਾਂ ਤੇ ਇਸ ਵੇਲੇ ਮੁਸੀਬਤਾਂ ਦਾ ਪਹਾੜ ਡਿੱਗਾ ਦਿਖਾਈ ਦੇ ਰਿਹਾ ਹੈ। ਜਿਸ ਦੀ ਮਿਸਾਲ ਆਏ ਦਿਨ ਮੁਸੀਬਤ ‘ਚ ਫਸੇ ਲੋਕਾਂ ਲਈ ਰਹਿਬਰ ਬਣ ਸੇਵਾ ਰੂਪੀ ਮਦਦ ਕਰ ਰਹੇ ਸਰਬੱਤ ਦਾ ਭਲਾ ਟਰੱਸਟ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਡਾ. ਐੱਸ.ਪੀ. ਸਿੰਘ ਓਬਰਾਏ ਦੇ ਵੱਡੇ ਯਤਨਾਂ ਸਦਕਾ ਖਾੜੀ ਦੇਸ਼ਾਂ ‘ਚੋਂ ਬਦਨਸੀਬ ਲੋਕਾਂ ਦੇ ਬਕਸੇ ‘ਚ ਬੰਦ ਹੋ ਕੇ ਆ ਰਹੇ ਮ੍ਰਿਤਕ ਸਰੀਰਾਂ ਤੋਂ ਮਿਲਦੀ ਹੈ। ਇਸੇ ਸਿਲਸਿਲੇ ਤਹਿਤ ਹੀ ਡਾ. ਓਬਰਾਏ ਦੀ ਬਦੌਲਤ ਸ੍ਰੀ ਮੁਕਤਸਰ ਸਾਹਿਬ ਨਾਲ ਸਬੰਧਤ 32 ਸਾਲਾ ਸੁਖਮਿੰਦਰ ਸਿੰਘ ਨਾਮੀ ਨੌਜਵਾਨ ਦਾ ਮ੍ਰਿਤਕ ਸਰੀਰ ਦੁਬਈ ਤੋਂ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਵਿਖੇ ਪੁੱਜਿਆ।

ਮ੍ਰਿਤਕ ਸੁਖਮਿੰਦਰ ਸਿੰਘ ਦੀ ਫਾਈਲ ਫੋਟੋ।

ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ. ਐੱਸ.ਪੀ. ਸਿੰਘ ਓਬਰਾਏ ਨੇ ਦੱਸਿਆ ਕਿ ਸੁਖਮਿੰਦਰ ਸਿੰਘ ਕਾਫੀ ਵਰ੍ਹੇ ਪਹਿਲਾਂ ਆਪਣੇ ਪਰਿਵਾਰ ਦੇ ਬੇਹੱਦ ਮਾੜੇ ਆਰਥਿਕ ਹਾਲਾਤ ਨੂੰ ਸੁਧਾਰਨ ਦੀ ਕੋਸ਼ਿਸ਼ ‘ਚ ਦੁਬਈ ਮਜ਼ਦੂਰੀ ਕਰਨ ਵਾਸਤੇ ਗਿਆ ਸੀ ਕਿ ਬਦਕਿਸਮਤੀ ਨਾਲ ਬੀਤੀ 23 ਜੂਨ ਨੂੰ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ ਸੀ। ਉਨ੍ਹਾਂ ਦੱਸਿਆ ਕਿ ਜਦ ਪਰਿਵਾਰ ਨੇ ਉਨ੍ਹਾਂ ਨਾਲ ਸੰਪਰਕ ਕਰਕੇ ਇਸ ਬਾਬਤ ਦੱਸਿਆ ਤਾਂ ਉਨ੍ਹਾਂ ਤੁਰੰਤ ਕਾਰਵਾਈ ਕਰਦਿਆਂ ਦੁਬਈ ‘ਚ ਸਾਰੀ ਕਾਗਜ਼ੀ ਕਾਰਵਾਈ ਮੁਕੰਮਲ ਕਰਵਾ ਕੇ ਭਾਰਤੀ ਦੂਤਾਵਾਸ ਦੇ ਸਹਿਯੋਗ ਸਦਕਾ ਸੁਖਮਿੰਦਰ ਦਾ ਮ੍ਰਿਤਕ ਸਰੀਰ ਲਿਆ ਕੇ ਅੰਮ੍ਰਿਤਸਰ ਹਵਾਈ ਅੱਡੇ ‘ਤੇ ਪਰਿਵਾਰ ਨੂੰ ਸੌਂਪ ਦਿੱਤਾ ਹੈ, ਜਿਸ ਦੌਰਾਨ ਉੱਥੇ ਟਰੱਸਟ ਦੀ ਅੰਮ੍ਰਿਤਸਰ ਇਕਾਈ ਦੇ ਪ੍ਰਧਾਨ ਸੁਖਜਿੰਦਰ ਸਿੰਘ ਹੇਰ ਤੇ ਵਿੱਤ ਸਕੱਤਰ ਨਵਜੀਤ ਸਿੰਘ ਘਈ ਵੀ ਮੌਜੂਦ ਸਨ। ਡਾ. ਓਬਰਾਏ ਨੇ ਦੱਸਿਆ ਕਿ ਉਹ ਹੁਣ ਤੱਕ 184 ਬਦਨਸੀਬ ਲੋਕਾਂ ਦੇ ਮ੍ਰਿਤਕ ਸਰੀਰ ਵਾਰਸਾਂ ਤੱਕ ਪਹੁੰਚਾ ਚੁੱਕੇ ਹਨ, ਜਦਕਿ ਪਿਛਲੇ 10 ਦਿਨਾਂ ਅੰਦਰ ਹੀ 7 ਨੌਜਵਾਨਾਂ ਦੇ ਮ੍ਰਿਤਕ ਸਰੀਰ ਵਾਪਸ ਲਿਆਏ ਹਨ ਅਤੇ ਆਉਂਦੇ ਕੁਝ ਦਿਨਾਂ ਅੰਦਰ ਹੋਰ ਵੀ ਮ੍ਰਿਤਕ ਸਰੀਰ ਲਿਆਉਣ ਲਈ ਕਾਗਜ਼ੀ ਕਾਰਵਾਈ ਚੱਲ ਰਹੀ ਹੈ।
ਇੱਕ ਸਵਾਲ ਦਾ ਜਵਾਬ ਦਿੰਦਿਆਂ ਡਾ. ਓਬਰਾਏ ਨੇ ਦੱਸਿਆ ਕਿ ਖਾੜੀ ਦੇਸ਼ਾਂ ਅੰਦਰ ਵੱਡੀ ਗਿਣਤੀ ‘ਚ ਹੋ ਰਹੀਆਂ ਮੌਤਾਂ ਦਾ ਮੁੱਖ ਵੱਡਾ ਕਾਰਨ ਕਰੋਨਾ ਮਹਾਂਮਾਰੀ ਦੇ ਚੱਲਦਿਆਂ ਕੰਮ ਬੰਦ ਹੋਣਾ ਹੈ। ਉਨ੍ਹਾਂ ਦੱਸਿਆ ਕਿ ਪ੍ਰੇਸ਼ਾਨੀ ਕਾਰਨ ਬਹੁਤ ਸਾਰੇ ਨੌਜਵਾਨ ਜਾਂ ਤਾਂ ਆਤਮ ਹੱਤਿਆ ਕਰ ਰਹੇ ਹਨ ਜਾਂ ਛੋਟੀ ਉਮਰ ‘ਚ ਹੀ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦੀ ਮੌਤ ਹੋ ਰਹੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਉਹ ਵਿਸ਼ੇਸ਼ ਚਾਰਟਰਡ ਜਹਾਜ਼ਾਂ ਰਾਹੀਂ ਉੱਥੇ ਫਸੇ ਮਜਬੂਰ ਤੇ ਬੇਵੱਸ ਲੋਕਾਂ ਨੂੰ ਲਿਆਉਣ ਲਈ ਪੂਰੇ ਯਤਨਸ਼ੀਲ ਹਨ ਅਤੇ ਇਸੇ ਤਹਿਤ ਹੀ ਉਨ੍ਹਾਂ ਵੱਲੋਂ ਆਪਣੇ ਖਰਚ ‘ਤੇ ਕੀਤਾ ਕੀਤਾ ਚੌਥਾ ਵਿਸ਼ੇਸ਼ ਸਾਲਮ (ਚਾਰਟਰਡ) ਜਹਾਜ਼ 30 ਜੁਲਾਈ ਨੂੰ ਦੁਬਈ ‘ਚ ਫਸੇ ਲੋਕਾਂ ਨੂੰ ਲੈ ਕੇ ਅੰਮ੍ਰਿਤਸਰ ਆ ਰਿਹਾ ਹੈ।
ਇਸ ਦੌਰਾਨ ਮ੍ਰਿਤਕ ਦੇ ਭਰਾ ਰਮਨਦੀਪ ਸਿੰਘ, ਪਿਤਾ ਗੁਰਮੇਲ ਸਿੰਘ ਤੋਂ ਇਲਾਵਾ ਹੋਰਨਾਂ ਪਰਿਵਾਰਕ ਮੈਂਬਰਾਂ ਨੇ ਸੁਖਮਿੰਦਰ ਦੀ ਮ੍ਰਿਤਕ ਦੇਹ ਲੈ ਕੇ ਆਉਣ ਤੇ ਡਾ. ਐੱਸ.ਪੀ. ਸਿੰਘ ਓਬਰਾਏ ਦਾ ਤਹਿ ਦਿਲੋਂ ਸ਼ੁਕਰਾਨਾ ਕਰਦਿਆਂ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਦੀ ਆਰਥਿਕ ਹਾਲਤ ਬਹੁਤ ਹੀ ਮਾੜੀ ਹੋਣ ਕਾਰਨ ਸੁਖਮਿੰਦਰ ਦਾ ਮ੍ਰਿਤਕ ਸਰੀਰ ਵਾਪਸ ਲੈ ਕੇ ਆਉਣਾ ਉਨ੍ਹਾਂ ਦੇ ਵੱਸ ਦੀ ਹੀ ਗੱਲ ਨਹੀਂ ਸੀ। ਉਨ੍ਹਾਂ ਕਿਹਾ ਕਿ ਡਾ. ਓਬਰਾਏ ਦੀ ਬਦੌਲਤ ਹੀ ਉਨ੍ਹਾਂ ਦੇ ਲਾਡਲੇ ਪੁੱਤ ਦੇ ਮ੍ਰਿਤਕ ਸਰੀਰ ਨੂੰ ਆਪਣੀ ਮਿੱਟੀ ਨਸੀਬ ਹੋ ਸਕੀ ਹੈ।
ਜ਼ਿਕਰਯੋਗ ਹੈ ਕਿ ਸੁਖਮਿੰਦਰ ਸਿੰਘ ਦੀ ਮ੍ਰਿਤਕ ਦੇਹ ਭਾਰਤ ਭੇਜਣ ‘ਚ ਡਾ. ਉਬਰਾਏ ਤੇ ਨਿੱਜੀ ਸਕੱਤਰ ਬਲਦੀਪ ਸਿੰਘ ਚਾਹਲ ਅਤੇ ਭਾਰਤੀ ਦੂਤਾਵਾਸ ਨੇ ਵੀ ਵਿਸ਼ੇਸ਼ ਭੂਮਿਕਾ ਨਿਭਾਈ ਹੈ।


Share