ਡਾ. ਐੱਸ.ਪੀ. ਸਿੰਘ ਓਬਰਾਏ ਅਤੇ ਸੋਨੂੰ ਸੂਦ ਦਾ ‘ਸਪੈਸ਼ਲ ਹਿਊਮਨਟੇਰੀਅਨ ਐਕਸ਼ਨ’ ਪੁਰਸਕਾਰ ਨਾਲ ਸਨਮਾਨ

600

ਚੰਡੀਗੜ੍ਹ, 30 ਸਤੰਬਰ (ਪੰਜਾਬ ਮੇਲ)- ਪੰਜਾਬ ਦੇ ਯੋਜਨਾਬੰਦੀ ਵਿਭਾਗ ਵਲੋਂ ਸਥਾਈ ਵਿਕਾਸ ਟੀਚਿਆਂ (ਐੱਸ.ਡੀ.ਜੀ.) ਸਬੰਧੀ ਪੁਰਸਕਾਰਾਂ ਦੇ ਜੇਤੂਆਂ ਦਾ ਐਲਾਨ ਕੀਤਾ ਗਿਆ। ਇਹ ਵਿਸ਼ੇਸ਼ ਪੁਰਸਕਾਰ ਦੁਬਈ ਦੇ ਕਾਰੋਬਾਰੀ ਤੇ ਸਮਾਜ ਸੇਵੀ ਡਾ. ਐੱਸ.ਪੀ. ਸਿੰਘ ਓਬਰਾਏ (ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ) ਅਤੇ ਉੱਘੇ ਅਦਾਕਾਰ ਸੋਨੂੰ ਸੂਦ ਨੂੰ ਦਿੱਤਾ ਗਿਆ। ਇਸ ਪੁਰਸਕਾਰ ਸਮਾਰੋਹ ਦੀ ਪ੍ਰਧਾਨਗੀ ਮੁੱਖ ਸਕੱਤਰ ਸ਼੍ਰੀਮਤੀ ਵਿਨੀ ਮਹਾਜਨ ਨੇ ਕੀਤੀ। ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ ਦੇ ਸਸਟੇਨਏਬਲ ਡਿਵੈਲਪਮੈਂਟ ਗੋਲਜ਼ ਕੋਆਰਡੀਨੇਸ਼ਨ ਸੈਂਟਰ (ਐੱਸ.ਡੀ.ਜੀ.ਸੀ.ਸੀ.) ਦੇ ਸਹਿਯੋਗ ਨਾਲ ਕਰਵਾਏ ਗਏ ਇਸ ਸਮਾਗਮ ਦੌਰਾਨ ਵੱਖ-ਵੱਖ ਸ਼੍ਰੇਣੀਆਂ ‘ਚ 17 ਜੇਤੂਆਂ ਅਤੇ ਦੋ ਵਿਸ਼ੇਸ਼ ਐਂਟਰੀਆਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਲਾਈਵ ਸਮਾਰੋਹ ਨੂੰ ਸੰਬੋਧਨ ਕਰਦਿਆਂ ਮੁੱਖ ਸਕੱਤਰ ਨੇ ਕਿਹਾ ਕਿ ਸਥਾਈ ਵਿਕਾਸ ਟੀਚਿਆਂ ਸਬੰਧੀ ਪੁਰਸਕਾਰ ਇਸ ਗੱਲ ਦਾ ਸਬੂਤ ਹਨ ਕਿ ਮੁਸ਼ਕਿਲ ਹਾਲਾਤਾਂ ‘ਚ ਵੀ ਸਾਂਝੇ ਯਤਨਾਂ ਨਾਲ ਕੀ ਕੁਝ ਹਾਸਲ ਕੀਤਾ ਜਾ ਸਕਦਾ ਹੈ। ਇਹ ਪੁਰਸਕਾਰ ਉਨ੍ਹਾਂ ਸਰਕਾਰੀ ਵਿਭਾਗਾਂ, ਐੱਨ.ਜੀ.ਓਜ਼, ਆਮ ਲੋਕਾਂ, ਕਾਰਪੋਰੇਟਜ਼ ਨੂੰ ਦਿੱਤੇ ਗਏ ਹਨ, ਜਿਨ੍ਹਾਂ ਨੇ ਆਰਥਿਕ ਤਰੱਕੀ, ਸਮਾਜਿਕ ਉੱਨਤੀ ਤੇ ਭਲਾਈ ਲਈ ਪਹਿਲਕਦਮੀ, ਵਾਤਾਵਰਨ ਸਥਿਰਤਾ, ਸਾਰਿਆਂ ਨੂੰ ਨਾਲ ਲੈ ਕੇ ਚੱਲਣ ਵਾਲੀ ਭਾਵਨਾ ਤੋਂ ਇਲਾਵਾ ਏਕੀਕਰਨ, ਆਪਸੀ ਸਾਂਝ ਅਤੇ ਸਾਂਝੇ ਕਾਰਜਾਂ ਵਿਚ ਸੂਬੇ ‘ਚ ਸਥਾਈ ਵਿਕਾਸ ਲਈ ਯਤਨ ਕੀਤੇ ਹਨ। ਜੱਜਾਂ ਦੇ ਪੈਨਲ ਵਲੋਂ 17 ਜੇਤੂਆਂ ਅਤੇ ਦੋ ਵਿਸ਼ੇਸ਼ ਐਂਟਰੀਆਂ ਦੀ ਚੋਣ ਕੀਤੀ ਗਈ। ਵੱਡੇ ਪੱਧਰ ‘ਤੇ ਸਾਰੇ ਸਥਾਈ ਵਿਕਾਸ ਟੀਚਿਆਂ ‘ਚ ਯੋਗਦਾਨ ਪਾਉਣ ਵਾਲਿਆਂ ਨੂੰ ‘ਸਪੈਸ਼ਲ ਹਿਊਮਨਟੇਰੀਅਨ ਐਕਸ਼ਨ ਪੁਰਸਕਾਰ’ ਨਾਲ ਸਨਮਾਨਿਤ ਕੀਤਾ ਗਿਆ। ਇਸ ਸਮਾਰੋਹ ‘ਚ ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ ਦੇ ਭਾਰਤੀ ਪ੍ਰਤੀਨਿਧ ਸ੍ਰੀਮਤੀ ਨਾਡੀਆ ਰਾਸ਼ੀਦ, ਪੰਜਾਬ ਯੋਜਨਾਬੰਦੀ ਵਿਭਾਗ ਦੇ ਪ੍ਰਮੁੱਖ ਸਕੱਤਰ ਜਸਪਾਲ ਸਿੰਘ, ਯੂ.ਐੱਨ.ਡੀ.ਪੀ. ਦੇ ਰਿਜਨਲ ਹੈੱਡ (ਨਾਰਥ) ਵਿਕਾਸ ਵਰਮਾ ਅਤੇ ਸੇਵਾਮੁਕਤ ਆਈ.ਏ.ਐੱਸ. (ਲੇਖਕ ਤੇ ਬੁਲਾਰੇ) ਵਿਵੇਕ ਅਤਰੇ ਵੀ ਹਾਜ਼ਰ ਸਨ।