ਡਾ. ਐੱਸ.ਪੀ. ਓਬਰਾਏ ਵਲੋਂ ਮਈ ਮਹੀਨੇ ‘ਚ 36 ਹਜ਼ਾਰ ਪਰਿਵਾਰਾਂ ਨੂੰ ਰਾਸ਼ਨ ਦੇਣ ਦਾ ਐਲਾਨ

1301
Share

– ਜਦ ਤੱਕ ਲਾਕਡਾਊਨ ਰਹੇਗਾ, ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦੇਣਾ ਜਾਰੀ ਰੱਖਾਂਗੇ: ਓਬਰਾਏ
– ਟਰੱਸਟ ਵਲੋਂ ਲਾਕਡਾਊਨ ਦੌਰਾਨ ਉੱਤਰੀ ਭਾਰਤ ਦੇ ਵੱਖ-ਵੱਖ ਹਸਪਤਾਲਾਂ ਵਿਚ ਲੱਗੇ 172 ਡਾਇਲਸਿਸ ਯੂਨਿਟਾਂ ਤੇ ਡਾਇਲਸਿਸ ਜਾਰੀ
ਪਟਿਆਲਾ, 2 ਮਈ (ਪੰਜਾਬ ਮੇਲ)- ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਕੋਰੋਨਾਵਾਇਰਸ ਦੇ ਚੱਲਦਿਆਂ ਕਰਫ਼ਿਊ  ਅਤੇ ਲਾਕਡਾਊਨ ਦੌਰਾਨ ਲੋੜਵੰਦ ਲੋਕਾਂ ਦੇ ਲਈ ਰਾਸ਼ਨ ਦੀ ਵੰਡ ਕੀਤੀ ਜਾ ਰਹੀ ਹੈ । ਅਪ੍ਰੈਲ ਦੇ ਮਹੀਨੇ ਲਗਭਗ 22 ਹਜ਼ਾਰ ਪਰਿਵਾਰਾਂ ਨੂੰ ਪੰਜਾਬ, ਹਿਮਾਚਲ, ਰਾਜਸਥਾਨ ਵਿਚ ਰਾਸ਼ਨ ਦਿੱਤਾ ਗਿਆ ।
ਇਸ ਮਹੀਨੇ ਵੀ ਇਸ ਦੀ ਤਿਆਰੀ ਕੀਤੀ ਜਾ ਰਹੀ ਹੈ, ਜਿਸ ਦੌਰਾਨ 36 ਹਜ਼ਾਰ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਕਿੱਟਾਂ ਮੁਹਈਆ ਕਰਵਾਈਆਂ ਜਾਣਗੀਆਂ ।
ਪਟਿਆਲਾ ਦੇ ਨਜ਼ਦੀਕ ਇੱਕ ਫਾਰਮ ਹਾਊਸ ਵਿਚ ਰਾਸ਼ਨ ਕਿੱਟਾਂ ਦੀ ਪੈਕਿੰਗ ਦਾ ਜਾਇਜ਼ਾ ਲੈਣ ਪੁੱਜੇ ਡਾ. ਐੱਸ.ਪੀ. ਸਿੰਘ ਓਬਰਾਏ ਨੇ ਦੱਸਿਆ ਕਿ ਪਿਛਲੇ ਮਹੀਨੇ ਪੰਜਾਬ, ਹਿਮਾਚਲ, ਹਰਿਆਣਾ ਅਤੇ ਰਾਜਸਥਾਨ ਦੇ ਕੁਝ ਹਿੱਸਿਆਂ ਵਿੱਚ ਟਰੱਸਟ ਵੱਲੋਂ ਸਵਾ ਕਰੋੜ ਦੀ ਲਾਗਤ ਦੇ ਨਾਲ ਲਿਆਂਦੇ ਗਏ ਰਾਸ਼ਨ ਦੀਆਂ 22 ਹਜ਼ਾਰ ਕਿੱਟਾਂ ਵੰਡੀਆਂ ਗਈਆਂ ਸਨ ।
ਇਸ ਵਾਰ 36 ਹਜ਼ਾਰ ਦੇ ਕਰੀਬ ਰਾਸ਼ਨ ਦੀਆਂ ਕਿੱਟਾਂ ਵੰਡੀਆਂ ਜਾਣਗੀਆਂ ਇਸ ਵਿੱਚ ਇੱਕ ਹਜ਼ਾਰ ਦੇ ਕਰੀਬ ਕਿੱਟਾਂ ਸ਼੍ਰੀਨਗਰ ਭੇਜੀਆਂ ਜਾ ਰਹੀਆਂ ਹਨ।
ਉਨ੍ਹਾਂ ਦੱਸਿਆ ਕਿ ਟਰੱਸਟ ਵਲੋਂ ਵਿਧਵਾ ਬੁਢਾਪਾ ਪੈਨਸ਼ਨਾਂ ਦਿੱਤੀਆਂ ਜਾ ਰਹੀਆਂ ਹਨ ਉਹ ਲਿਸਟਾਂ ਉਨ੍ਹਾਂ ਕੋਲ ਮੌਜੂਦ ਹਨ ਇਹ ਰਾਸ਼ਨ ਉਨ੍ਹਾਂ ਤੱਕ ਪੁੱਜਦਾ ਕੀਤਾ ਜਵੇਗਾ ।
ਇਸ ਤੋਂ ਇਲਾਵਾ 5 ਹਜ਼ਾਰ ਦੇ ਕਰੀਬ ਉਹ ਬੱਚੇ ਹਨ ਜਿਨ੍ਹਾਂ ਨੂੰ ਟਰੱਸਟ ਵਲੋਂ ਉਚੇਰੀ ਸਿੱਖਿਆ ਦੇ ਲਈ ਅਡੋਪ ਕੀਤਾ ਹੋਇਆ ਹੈ ਅਤੇ  ਉਨ੍ਹਾਂ ਸਾਰਿਆਂ ਨੂੰ ਵੀ ਰਾਸ਼ਨ ਮਿਲੇਗਾ ।
ਡਾ ਓਬਰਾਏ ਨੇ ਕਿਹਾ ਕਿ ਕੁੱਝ ਅਜਿਹੇ ਪਰਿਵਾਰਾਂ ਦਾ ਉਨ੍ਹਾਂ ਨੂੰ ਪਤਾ ਲੱਗਾ ਹੈ ਕਿ ਜਿਹੜੇ ਮਿਡਲ ਕਲਾਸ ਪ੍ਰੀਵਾਰ ਹਨ ਅਤੇ ਕਿਸੇ ਤੋਂ ਮੰਗਣ ਤੋਂ ਵੀ ਸੰਗਦੇ ਹਨ ਨੂੰ ਵੀ ਰਾਸ਼ਨ ਦਿੱਤਾ ਜਾਵੇਗਾ।
ਡਾ ਐਸਪੀ ਸਿੰਘ ਓਬਰਾਏ ਨੇ ਦੱਸਿਆ ਕਿ ਲਗਭਗ 20 ਕਿਲੋ ਦੇ ਇਸ ਬੈਗ ਵਿਚ 10 ਕਿਲੋ ਆਟਾ, 3 ਕਿਲੋ ਚੌਲ, ਦਾਲ, ਖੰਡ ਅਤੇ ਚਾਹ ਪੱਤੀ  ਦੀਆਂ ਕਿੱਟਾਂ ਬਣਾ ਕੇ ਲੋਕਾਂ ਨੂੰ ਇੱਕ ਮਹੀਨੇ ਦਾ ਰਾਸ਼ਨ ਮੁਹਈਆ ਕਰਵਾਇਆ ਜਾ ਰਿਹਾ ।
ਇਥੇ ਇਹ ਜ਼ਿਕਰਯੋਗ ਹੈ ਕਿ ਨਿਰਸੁਆਰਥ ਵੱਡੇ ਤੇ ਵਿਲੱਖਣ ਸੇਵਾ ਕਾਰਜ ਨੇਪਰੇ ਚੜ੍ਹਾਉਣ ਵਾਲੇ ਦੁਬਈ ਦੇ ਉੱਘੇ ਕਾਰੋਬਾਰੀ ਡਾ.ਐੱਸ.ਪੀ. ਸਿੰਘ ਓਬਰਾਏ ਦੀ ਯੋਗ ਸਰਪ੍ਰਸਤੀ ਹੇਠ ਚੱਲਣ ਵਾਲੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਪੰਜਾਬ ਦੇ  ਅੰਮ੍ਰਿਤਸਰ,ਪਟਿਆਲਾ,ਫ਼ਰੀਦਕੋਟ ਅਤੇ ਪੀ.ਜੀ.ਆਈ.ਮੈਡੀਕਲ ਕਾਲਜਾਂ ਤੋਂ ਇਲਾਵਾ ਸੂਬੇ ਦੇ ਸਾਰੇ ਹੀ ਸਰਕਾਰੀ ਹਸਪਤਾਲਾਂ,ਜ਼ਿਲ੍ਹਾ ਪੁਲਿਸ ਪ੍ਰਸ਼ਾਸਨਾਂ,ਪੀ.ਏ.ਪੀ.ਦੇ ਸੈਂਟਰਾਂ ਅਤੇ ਮੀਡੀਆ ਕਰਮੀਆਂ ਨੂੰ ਜਾਨਲੇਵਾ ਕਰੋਨਾ ਵਾਇਰਸ ਦੀ ਲਾਗ ਤੋਂ ਬਚਾਉਣ ਲਈ ਵੱਡੀ ਗਿਣਤੀ ‘ਚ ਪੀ.ਪੀ. ਈ.ਕਿੱਟਾਂ,ਐੱਨ.-95 ਮਾਸਕ,ਤੀਹਰੀ ਪਰਤ ਵਾਲੇ (ਧੋਣ ਯੋਗ) ਮਾਸਕ ਅਤੇ ਸੈਨੀਟਾਈਜ਼ਰ ਆਦਿ ਲੋੜੀਂਦਾ ਸਮਾਨ ਪੁੱਜਦਾ ਕਰ ਦਿੱਤਾ ਗਿਆ ਹੈ।
ਡਾ ਓਬਰਾਏ ਨੇ ਦੱਸਿਆ ਕਿ ਆਉੰਦੇ ਤਿੰਨ ਮਹੀਨਿਆਂ ਲਈ ਵੀ ਪ੍ਰਤੀ ਮਹੀਨਾ 36 ਹਜ਼ਾਰ ਲੋੜਵੰਦ ਪਰਿਵਾਰਾਂ ਲਈ ਸੁੱਕੇ ਰਾਸ਼ਨ ਦਾ ਆਰਡਰ ਦੇ ਚੁੱਕੇ ਹਨ।
ਉਨ੍ਹਾਂ ਦੱਸਿਆ ਕਿ ਪੂਰੀ ਵਿਉਂਤਬੰਦੀ ਨਾਲ ਮੈਡੀਕਲ ਕਾਲਜ ਅੰਮ੍ਰਿਤਸਰ,ਪਟਿਆਲਾ, ਫ਼ਰੀਦਕੋਟ ਅਤੇ ਪੀ.ਜੀ.ਆਈ. ਤੋਂ ਇਲਾਵਾ ਸਾਰੇ ਹੀ ਜ਼ਿਲ੍ਹਿਆਂ ਅੰਦਰ ਆਉਂਦੇ ਪ੍ਰਮੁੱਖ ਸਰਕਾਰੀ ਹਸਪਤਾਲਾਂ,ਜਿਲ੍ਹਾ ਪੁਲਿਸ ਪ੍ਰਸ਼ਾਸਨਾਂ,ਪੀ.ਏ.ਪੀ.ਵੱਲੋਂ ਖੋਲ੍ਹੇ ਤਿੰਨ ਸੈਂਟਰਾਂ ਅਤੇ ਮੀਡੀਆ ਕਰਮੀਆਂ ਲਈ ਜਾਨਲੇਵਾ ਕਰੋਨਾ ਵਾਇਰਸ ਦੀ ਲਾਗ ਤੋਂ ਬਚਣ ਲਈ ਹਜ਼ਾਰਾਂ ਦੀ ਗਿਣਤੀ ‘ਚ ਪੀ.ਪੀ. ਈ.ਕਿੱਟਾਂ, ਐੱਨ.-95 ਮਾਸਕ,ਸੈਨੀਟਾਈਜ਼ਰ ਜਦ ਕਿ ਲੱਖਾਂ ਦੀ ਗਿਣਤੀ ‘ਚ ਤੀਹਰੀ ਪਰਤ ਵਾਲੇ ਮਾਸਕ (ਧੋਣ ਯੋਗ) ਆਦਿ ਲੋੜੀਂਦਾ ਸਮਾਨ ਭੇਜ ਦਿੱਤਾ ਗਿਆ ਹੈ। ਜਿਸ ਦੀ ਬਦੌਲਤ ਕਰੋਨਾ ਜੰਗ ਨੂੰ ਹਰਾਉਣ ਲਈ ਮੂਹਰਲੀ ਕਤਾਰ ‘ਚ ਲੜ ਰਹੇ ਡਾਕਟਰਾਂ,ਸਿਹਤ ਵਿਭਾਗ ਦੇ ਹੋਰਨਾਂ ਕਰਮਚਾਰੀਆਂ, ਪੁਲਸ ਮੁਲਾਜ਼ਮਾਂ ਤੋਂ ਇਲਾਵਾ ਘਰ-ਘਰ ਖ਼ਬਰਾਂ ਪਹੁੰਚਾਉਣ ਵਾਲੇ ਪੱਤਰਕਾਰ ਸਾਥੀਆਂ ਨੂੰ ਵੀ ਵੱਡੀ ਸਹੂਲਤ ਮਿਲੇਗੀ। ਡਾ. ਓਬਰਾਏ ਨੇ ਇਹ ਵੀ ਦੱਸਿਆ ਕਿ ਟਰੱਸਟ ਵੱਲੋਂ 20 ਵੈਂਟੀਲੇਟਰ ਆਰਡਰ ਕੀਤੇ ਗਏ ਹਨ ਜਿਨ੍ਹਾਂ ਵਿੱਚੋਂ 8 ਵੈਂਟੀਲੇਟਰ ਪ੍ਰਸ਼ਾਸ਼ਨ ਦੀ ਮੰਗ ‘ਤੇ ਵੱਖ-ਵੱਖ ਹਸਪਤਾਲਾਂ ਨੂੰ ਦਿੱਤੇ ਜਾ ਚੁੱਕੇ ਹਨ ਅਤੇ ਬਾਕੀ 12 ਵੈਂਟੀਲੇਟਰ ਵੀ ਜਲਦ ਹੀ ਲੋੜੀਂਦੀਆਂ ਥਾਵਾਂ ਤੇ ਦੇ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿ ਟਰੱਸਟ ਵੱਲੋਂ ਪਹਿਲਾਂ ਵੀ 40 ਇਨਫਰਾਰੈੱਡ ਥਰਮਾਮੀਟਰ ਦਿੱਤੇ ਜਾ ਚੁੱਕੇ ਹਨ ਜਦ ਕਿ 200 ਹੋਰ ਬਹੁਤ ਛੇਤੀ ਦਿੱਤੇ ਜਾਣਗੇ।
ਇਸ ਤੋਂ ਇਲਾਵਾ ਕਣਕ ਦਾ ਸੀਜ਼ਨ ਸ਼ੁਰੂ ਹੋਣ ਤੇ ਮਾਰਕਫੈੱਡ ਨੇ ਉਨ੍ਹਾਂ ਪਾਸੋਂ ਮੰਡੀਆਂ ‘ਚ ਕੰਮ ਕਰਨ ਵਾਲੀ ਲੇਬਰ ਵਾਸਤੇ 20 ਹਜ਼ਾਰ ਮਾਸਕ ਦੀ ਮੰਗ ਕੀਤੀ ਗਈ ਸੀ,ਜਿਸ ਨੂੰ ਪੂਰਿਆਂ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਕੀਤੀ ਜਾ ਰਹੀ ਇਹ ਸਾਰੀ ਸੇਵਾ ਨਿਰੰਤਰ ਜਾਰੀ ਰੱਖੀ ਜਾਵੇਗੀ ਅਤੇ ਕਿਸੇ ਵੀ ਜ਼ਿਲ੍ਹੇ ਦੇ ਪ੍ਰਸ਼ਾਸ਼ਨ ਵੱਲੋਂ ਮੰਗ ਕਰਨ ਤੇ ਉਸ ਨੂੰ ਲੋੜੀਂਦਾ ਸਾਮਾਨ ਮੁਹੱਈਆ ਕਰਵਾਇਆ ਜਾਵੇਗਾ।
ਡਾ ਓਬਰਾਏ ਨਾਲ ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਰਾਸ਼ਟਰੀ ਪ੍ਰਧਾਨ ਜੱਸਾ ਸਿੰਘ ਜਨਰਲ ਸਕੱਤਰ ਗਗਨਦੀਪ ਆਹੂਜਾ, ਰਵੀ ਦੀਪ ਸਿੰਘ ਸੰਧੂ ਆਦਿ ਵੀ ਮੌਜੂਦ ਸਨ।


Share