ਡਾ.ਐੱਸ.ਪੀ.ਓਬਰਾਏ ਨੇ ਝੁੱਗੀਆਂ ‘ਚ ਰਹਿਣ ਵਾਲੇ ਪਰਿਵਾਰਾਂ ਦੀ ਫੜੀ ਬਾਂਹ

635

ਫਾਜ਼ਿਲਕਾ , 8 ਅਕਤੂਬਰ, (ਪੰਜਾਬ ਮੇਲ)-ਬੇਸ਼ਕ ਸੇਵਾ ਦੇ ਕੰਮ ‘ਚ ਸਵਾਰਥ ਪਹਿਲਾਂ ਹੁੰਦਾ ਹੈ, ਪਰ ਇਕ ਅਜਿਹੀ ਸਮਾਜ ਸੇਵੀ ਸੰਸਥਾ ਹੈ ਜਿਸਦਾ ਕੰਮ ਆਪਣੇ ਨਾਮ ਮੁਤਾਬਕ ਹੀ ਹੈ। ਸਰਬੱਤ ਦਾ ਭਲਾ ਟਰੱਸਟ ਦੇ ਸੰਯੋਜਕ ਡਾ. ਐੱਸ.ਪੀ. ਓਬਰਾਏ ਦੀ ਸੋਚ ਅਤੇ ਕੀਤੇ ਜਾ ਰਹੇ ਕੰਮ ਬੇਮਿਸਾਲ ਹਨ ਜਿਸਦੀ ਉਧਾਰਣ ਇਕ ਵਾਰ ਮੁੜ ਅਬੋਹਰ ‘ਚ ਵੇਖਣ ਨੂੰ ਮਿਲੀ ਹੈ।  ਜਾਣਕਾਰੀ ਮੁਤਾਬਕ ਸਰਬੱਤ ਦਾ ਭਲਾ ਟਰੱਸਟ ਵਲੋਂ ਅਬੋਹਰ ਮਲੋਟ ਰੋਡ ‘ਤੇ ਸਥਿਤ ਗੁਰੂ ਕ੍ਰਿਪਾ ਦੇ ਸਾਹਮਣੇ ਬਣੀਆਂ ਝੁੱਗੀਆਂ ‘ਚ ਰਹਿ ਕੇ ਆਪਣਾ ਗੁਜ਼ਾਰਾ ਕਰ ਰਹੇ ਲੋਕਾਂ ਨੂੰ ਰਾਸ਼ਨ ਕਿੱਟਾਂ ਵੰਡੀਆਂ ਗਈਆਂ। ਟਰੱਸਟ ਦੇ ਜ਼ਿਲ੍ਹਾ ਇੰਚਾਰਜ ਮਹਿੰਦਰ ਸਰਸਵਾ ਅਤੇ ਟਰੱਸਟ ਦੇ ਸਕੱਤਰ ਕੁਲਜੀਤ ਸਿੰਘ ਤਿੰਨਾਂ ਨੇ ਦੱਸਿਆ ਕਿ ਟਰੱਸਟ ਦੇ ਸਰਪ੍ਰਸਤ ਡਾ. ਐੱਸ.ਪੀ.ਓਬਰਾਏ ਵਲੋਂ ਆਪਣੀ ਕਮਾਈ ਦੇ 99 ਫੀਸਦੀ ਹਿੱਸੇ ਨੂੰ ਲੋਕ ਸੇਵਾ ਦੇ ਕੰਮਾਂ ‘ਚ ਲਾਇਆ ਜਾ ਰਿਹਾ ਹੈ ਅਤੇ ਇਸ ਹਿੱਸੇ ‘ਚੋਂ ਹੀ ਅਬੋਹਰ ‘ਚ ਵੀ ਲੋੜਵੰਦ ਲੋਕਾਂ ਨੂੰ ਮਦਦ ਪਹੁੰਚਾਈ ਜਾਂਦੀ ਹੈ। ਇਸਦੇ ਤਹਿਤ ਹੀ ਅੱਜ ਇਨ੍ਹਾਂ ਝੁੱਗੀਆਂ ‘ਚ ਰਹਿਣ ਵਾਲੇ 23 ਪਰਿਵਾਰਾਂ ਨੂੰ ਰਾਸ਼ਨ ਕਿੱਟਾਂ ਵੰਡੀਆਂ ਗਈਆਂ ਹਨ ਅਤੇ ਇਸ ਤਰ੍ਹਾਂ ਹੀ ਸਕੂਲਾਂ ਦੇ ਬੱਸ ਡਰਾਈਵਰਾਂ ਨੂੰ ਵੀ, ਜੋ ਕੋਵਿਡ-19 ਕਰਕੇ ਘਰਾਂ ‘ਚ ਵਿਹਲੇ ਬੈਠੇ ਹਨ ਨੂੰ ਵੀ ਰਾਸ਼ਨ ਦੀਆਂ ਕਿੱਟਾਂ ਦਿੱਤੀਆਂ ਗਈਆਂ ਹਨ।