ਡਾ. ਐੱਸ.ਪੀ. ਓਬਰਾਏ ਦੀ ਜੀਵਨੀ ’ਤੇ ਬਾਲੀਵੁੱਡ ਬਣਾਏਗਾ ਫਿਲਮ

702
Share

ਮੁੰਬਈ, 25 ਅਗਸਤ (ਪੰਜਾਬ ਮੇਲ)-ਵਿਦੇਸ਼ੀ ਜੇਲ੍ਹਾਂ ’ਚ ਫਸੇ ਹਿੰਦੁਸਤਾਨੀਆਂ ਦੀ ਘਰ ਵਾਪਸੀ ਕਰਵਾਉਣ ਤੋਂ ਬਾਅਦ ਅਫਗਾਨਿਸਤਾਨ ਦੇ ਰਫਿਊਜੀਆਂ ਲਈ ਫਰਿਸ਼ਤਾ ਬਣੇ ਡਾ. ਐੱਸ.ਪੀ. ਸਿੰਘ ਓਬਰਾਏ ਦੀ ਜੀਵਨੀ ’ਤੇ ਬਾਲੀਵੁੱਡ ਫਿਲਮ ਬਣਾਉਣ ਜਾ ਰਿਹਾ ਹੈ। ਮਸ਼ਹੂਰ ਨਿਰਦੇਸ਼ਕ ਮਹੇਸ਼ ਭੱਟ ਨੇ ‘ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ’ ਦੇ ਐੱਮ.ਡੀ. ਡਾ. ਓਬਰਾਏ ਨੂੰ ਓ.ਟੀ.ਟੀ. ’ਤੇ ਲਿਆਉਣ ਦਾ ਫੈਸਲਾ ਕੀਤਾ ਹੈ। ਇਸ ਤੋਂ ਇਲਾਵਾ ਡਾ. ਓਬਰਾਏ ਦੇ ਪੂਰੇ ਜੀਵਨ ’ਤੇ ਵੱਡੇ ਪਰਦੇ ਦੀ ਫਿਲਮ ਬਣਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਡਾ ਐੱਸ.ਪੀ. ਸਿੰਘ ਓਬਰਾਏ ਦੇ ਨਾਲ ਫਿਲਮ ਨਿਰਦੇਸ਼ਕ ਮਹੇਸ਼ ਭੱਟ ਨੇ ਫਿਲਮ ਲਈ ਗੱਲਬਾਤ ਵੀ ਕਰ ਲਈ ਹੈ ਅਤੇ ਓ.ਟੀ.ਟੀ. ’ਤੇ ਉਨ੍ਹਾਂ ਦੇ ਤਜ਼ਰਬੇ ਸਾਂਝੇ ਕਰਨ ਦੀ ਇਜਾਜ਼ਤ ਮੰਗੀ ਹੈ। ਡਾ. ਓਬਰਾਏ ਨੇ ਵੀ ਆਪਣੀ ਸਹਿਮਤੀ ਦੇ ਦਿੱਤੀ ਹੈ। ਅਦਾਕਾਰ ਅਮਿਤਾਭ ਬੱਚਨ ਦੀ ਫਿਲਮ ‘ਪਿੰਕ’ ਅਤੇ ‘ਏਅਰ ਲਿਫਟ’ ਵਰਗੀਆਂ ਮਸ਼ਹੂਰ ਫਿਲਮਾਂ ਦੀ ਸਕ੍ਰਿਪਟ ਲਿਖਣ ਵਾਲੇ ਰਿਤੇਸ਼ ਸ਼ਾਹ ਇਸ ਫਿਲਮ ਦੀ ਰੂਪਰੇਖਾ ਤਿਆਰ ਕਰ ਰਹੇ ਹਨ। ਫਿਲਮ ਨੂੰ ਸੰਗੀਤ ਬਾਲੀਵੁੱਡ ਦੇ ਪ੍ਰਸਿੱਧ ਸੰਗੀਤਕਾਰ ਏ.ਆਰ. ਰਹਿਮਾਨ ਦੇਣਗੇ। ਫਿਲਹਾਲ ਡਾ. ਓਬਰਾਏ ਦੀ ਭੂਮਿਕਾ ਨਿਭਾਉਣ ਵਾਲੇ ਚਿਹਰੇ ਦੀ ਤਲਾਸ਼ ਜਾਰੀ ਹੈ। ਸ੍ਰੀ ਆਨੰਦਪੁਰ ਸਾਹਿਬ ਦੇ ਕਸਬਾ ਨੰਗਲ ’ਚ ਪ੍ਰੀਤਮ ਸਿੰਘ ਦੇ ਘਰ 13 ਅਪ੍ਰੈਲ, 1956 ਨੂੰ ਜਨਮੇ ਡਾ. ਓਬਰਾਏ ਨੇ 1993 ’ਚ ਦੁਬਈ ’ਚ ਐਫੈਕਸ ਕੰਪਨੀ ਸਥਾਪਿਤ ਕੀਤੀ ਸੀ।
ਕਾਮਯਾਬ ਵਪਾਰੀ ਬਣਨ ਦੇ ਨਾਲ ਹੀ ਉਨ੍ਹਾਂ ਨੇ ਸਮਾਜ ਸੇਵਾ ਦਾ ਕਾਰਜ ਸ਼ੁਰੂ ਕੀਤਾ। ਯੂ.ਏ.ਈ. ’ਚ ਇਕ ਪਾਕਿਸਤਾਨੀ ਨੌਜਵਾਨ ਦੀ ਹੱਤਿਆ ਦੇ ਮਾਮਲੇ ’ਚ ਫਾਂਸੀ ਦੀ ਸਜ਼ਾ ਪ੍ਰਾਪਤ 17 ਹਿੰਦੁਸਤਾਨੀਆਂ ਨੂੰ ਬਲੱਡ ਮਨੀ ਦੇ ਕੇ ਉਨ੍ਹਾਂ ਦੀ ਘਰ ਵਾਪਸੀ ਕਰਵਾਉਣ ਦੇ ਨਾਲ ਵੱਖ-ਵੱਖ ਵਰਗਾਂ ਦੀ ਮਦਦ ਕਰਨ ਵਾਲੇ ਡਾ. ਓਬਰਾਏ ਹੁਣ ਅਫਗਾਨਿਸਤਾਨ ’ਚ ਫਸੇ ਲੋਕਾਂ ਦੀ ਮਦਦ ਲਈ ਅੱਗੇ ਆਏ ਹਨ। ਇਨ੍ਹਾਂ ਕੰਮਾਂ ਦੇ ਚੱਲਦਿਆਂ ਹੀ ਉਨ੍ਹਾਂ ਦੇ ਜੀਵਨ ’ਤੇ ਫਿਲਮ ਬਣਾਉਣ ਦਾ ਫੈਸਲਾ ਲਿਆ ਗਿਆ ਹੈ।


Share