ਡਾ. ਐਂਥਨੀ ਫੌਸੀ ਨੂੰ ਧਮਕੀ ਭਰੀਆਂ ਈਮੇਲ ਭੇਜਣ ਵਾਲੇ ਵਿਅਕਤੀ ਨੂੰ ਲੰਮੇ ਸਮੇਂ ਲਈ ਭੇਜਿਆ ਜਾ ਸਕਦੈ ਜੇਲ੍ਹ

281
Share

ਵਾਸ਼ਿੰਗਟਨ, 29 ਜੁਲਾਈ (ਪੰਜਾਬ ਮੇਲ)-ਡਾਇਰੈਕਟਰ ਅਤੇ ਰਾਸ਼ਟਰਪਤੀ ਦੇ ਮੁੱਖ ਡਾਕਟਰੀ ਸਲਾਹਕਾਰ ਵਜੋਂ ਕੰਮ ਕਰਦੇ ਡਾਕਟਰ ਐਂਥਨੀ ਸਟੀਫਨ ਫੌਸੀ ਨੂੰ ਧਮਕੀ ਭਰੀਆਂ ਈਮੇਲ ਭੇਜਣ ਵਾਲੇ ਵਿਅਕਤੀ ਨੂੰ ਲੰਮੇ ਸਮੇਂ ਲਈ ਜੇਲ੍ਹ ਭੇਜਿਆ ਜਾ ਸਕਦਾ ਹੈ। ਇਸ ਮਾਮਲੇ ਵਿਚ ਮੈਰੀਲੈਂਡ ਦੇ ਇਕ ਵਿਅਕਤੀ ਨੂੰ ਡਾ. ਐਂਥਨੀ ਫੌਸੀ ਸਮੇਤ ਰਾਸ਼ਟਰੀ ਸਿਹਤ ਸੰਸਥਾ ਦੇ ਡਾਇਰੈਕਟਰ ਫ੍ਰਾਂਸਿਸ ਕੋਲਿਨਜ਼ ਅਤੇ ਉਸ ਦੇ ਪਰਿਵਾਰ ਨੂੰ ਨੁਕਸਾਨ ਪਹੁੰਚਾਉਣ ਦੀਆਂ ਧਮਕੀਆਂ ਦੇਣ ਲਈ ਗਿ੍ਰਫ਼ਤਾਰ ਕੀਤਾ ਗਿਆ ਹੈ।
ਥੌਮਸ ਪੈਟਰਿਕ ਕੌਨਲੀ ਜੂਨੀਅਰ (56) ਨਾਂ ਦੇ ਇਸ ਵਿਅਕਤੀ ਨੇ ਧਮਕੀ ਭਰੇ ਕਈ ਈਮੇਲ ਭੇਜੇ ਜੋ ਬੰਦੂਕ ਦੀ ਹਿੰਸਾ, ਸਰੀਰਕ ਕੁੱਟਮਾਰ, ਟਾਰਚਰ ਅਤੇ ਅਗਨੀ ਕਾਂਡ ਦੀਆਂ ਧਮਕੀਆਂ ਦਿੰਦੇ ਸਨ। ਐਂਥਨੀ ਨੂੰ ਧਮਕੀ ਭਰੇ ਈਮੇਲ ਸੰਦੇਸ਼ ਇਕ ਇਨਕਿ੍ਰਪਟਡ ਸਵਿਸ ਆਧਾਰਿਤ ਈਮੇਲ ਖਾਤੇ ਤੋਂ ਦਸੰਬਰ ਅਤੇ ਪਿਛਲੇ ਹਫ਼ਤੇ ਭੇਜੇ ਗਏ।
ਅਮਰੀਕੀ ਅਟਾਰਨੀ ਅਨੁਸਾਰ ਇਕ ਈਮੇਲ ’ਚ ਕੌਨਲੀ ਨੇ ਲਿਖਿਆ ਕਿ ਉਸਨੂੰ ਉਮੀਦ ਹੈ ਕਿ ਆਖ਼ਰੀ ਸੱਤ ਰਾਸ਼ਟਰਪਤੀਆਂ ਦੇ ਮੁੱਖ ਮੈਡੀਕਲ ਸਲਾਹਕਾਰ ਅਤੇ ਉਸ ਦੇ ਪਰਿਵਾਰ ਨੂੰ ਗਲੀ ’ਚ ਘਸੀਟਿਆ ਅਤੇ ਕੁੱਟਿਆ ਜਾਵੇਗਾ ਅਤੇ ਅੱਗ ਲਾ ਦਿੱਤੀ ਜਾਵੇਗੀ। ਇਸ ਮਾਮਲੇ ਵਿਚ ਇਸ ਹਫ਼ਤੇ ਕੌਨਲੀ ਨੂੰ ਇਕ ਫੈਡਰਲ ਅਧਿਕਾਰੀ ਖਿਲਾਫ਼ ਧਮਕੀਆਂ ਦੇਣ ਦੇ ਦੋਸ਼ ਵਿਚ ਜੱਜ ਸਾਹਮਣੇ ਪੇਸ਼ ਕੀਤੇ ਜਾਣ ਦੀ ਉਮੀਦ ਹੈ ਅਤੇ ਜੇ ਉਸ ਨੂੰ ਪਬਲਿਕ ਅਧਿਕਾਰੀਆਂ ਨੂੰ ਧਮਕੀਆਂ ਦੇਣ ਲਈ ਦੋਸ਼ੀ ਮੰਨਿਆ ਜਾਂਦਾ ਹੈ, ਤਾਂ ਕੌਨਲੀ ਨੂੰ 10 ਸਾਲ ਤੱਕ ਦੀ ਸਜ਼ਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ।


Share