ਡਾ. ਉਬਰਾਏ ਵਲੋਂ ਮਨੁੱਖਤਾ ਦੀ ਸੇਵਾ ਲਈ ਕੀਤੇ ਜਾ ਰਹੇ ਕਾਰਜ ਸ਼ਲਾਘਾਯੋਗ : ਮੋਗਾ ਐੱਸ.ਐੱਸ.ਪੀ

725
Share

ਮੋਗਾ, 4 ਜੂਨ (ਪੰਜਾਬ ਮੇਲ)-ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੀ ਮੋਗਾ ਇਕਾਈ ਵੱਲੋਂ ਕੋਰੋਨਾ ਮਹਾਮਾਰੀ ਖਿਲਾਫ ਲੜਾਈ ‘ਚ ਪ੍ਰਸ਼ਾਸ਼ਨ ਦੀ ਸਹਾਇਤਾ ਲਈ ਐਸ.ਐਸ.ਪੀ. ਮੋਗਾ, ਡਿਪਟੀ ਕਮਿਸ਼ਨਰ ਮੋਗਾ ਅਤੇ ਸਿਵਲ ਸਰਜਨ ਦਫਤਰ ਮੋਗਾ ਨੂੰ ਸੈਨੀਟਾਈਜ਼ਰ ਦੀਆਂ ਸ਼ੀਸ਼ੀਆਂ ਅਤੇ ਇੰਫਰਾਰੈਡ ਥਰਮਾਮੀਟਰ ਭੇਂਟ ਕੀਤੇ ਗਏ। ਇਸ ਮੌਕੇ ਡਿਪਟੀ ਕਮਿਸ਼ਨਰ ਮੋਗਾ ਸੰਦੀਪ ਹੰਸ ਨੇ ਕੋਰੋਨਾ ਮਹਾਮਾਰੀ ਖਿਲਾਫ ਲੜਾਈ ‘ਚ ਪ੍ਰਸ਼ਾਸ਼ਨ ਦਾ ਭਰਪੂਰ ਸਹਿਯੋਗ ਦੇਣ ਲਈ ਡਾ. ਐਸ.ਪੀ. ਸਿੰਘ ਉਬਰਾਏ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ। ਇਸ ਮੌਕੇ ਐਸ.ਐਸ.ਪੀ. ਮੋਗਾ ਹਰਮਨਬੀਰ ਸਿੰਘ ਗਿੱਲ ਨੇ ਕਿਹਾ ਕਿ ਡਾ. ਉਬਰਾਏ ਵੱਲੋਂ ਆਪਣੀ ਨਿੱਜੀ ਕਮਾਈ ਵਿੱਚੋਂ ਹੁਣ ਤੱਕ 20 ਕਰੋੜ ਤੋਂ ਜ਼ਿਆਦਾ ਰੁਪਏ ਖਰਚ ਕੇ 65 ਹਜਾਰ ਪਰਿਵਾਰਾਂ ਨੂੰ ਰਾਸ਼ਨ ਦੇ ਚੁੱਕੇ ਹਨ ਅਤੇ ਸਰਕਾਰੀ ਹਸਪਤਾਲਾਂ ਨੂੰ 20 ਵੈਂਟੀਲੇਟਰ, 15 ਹਜ਼ਾਰ ਪੀ.ਪੀ.ਈ ਕਿੱਟਾਂ, 3 ਲੱਖ ਟ੍ਰਿਪਲ ਲੇਅਰ ਮਾਸਕ, 20 ਹਜਾਰ ਐੱਨ-95 ਮਾਸਕ ਅਤੇ 50 ਹਜਾਰ ਸੈਨੀਟਾਇਜ਼ਰ ਦੀਆਂ ਸ਼ੀਸ਼ੀਆਂ ਦਿੱਤੀਆਂ ਜਾ ਚੁੱਕੀਆਂ ਹਨ। ਹੁਣ ਉਨ੍ਹਾਂ ਵੱਲੋਂ ਫਿਰ ਸੈਨੀਟਾਈਜ਼ਰ ਅਤੇ ਇੰਫਰਾਰੈਡ ਥਰਮਾਮੀਟਰ ਦਿੱਤੇ ਗਏ ਹਨ।

ਉਨ੍ਹਾਂ ਕਿਹਾ ਕਿ ਡਾ. ਐੱਸ.ਪੀ ਉਬਰਾਏ ਵਲੋਂ ਮਨੁੱਖਤਾ ਦੀ ਸੇਵਾ ਲਈ ਕੀਤੇ ਜਾ ਰਹੇ ਉਪਰਾਲੇ ਸ਼ਲਾਘਾਯੋਗ ਹਨ।ਟਰੱਸਟ ਦੀ ਮੋਗਾ ਇਕਾਈ ਦੇ ਐਕਟਿੰਗ ਪ੍ਰਧਾਨ ਮਹਿੰਦਰਪਾਲ ਲੂੰਬਾ ਅਤੇ ਜਨਰਲ ਸਕੱਤਰ ਦਵਿੰਦਰਜੀਤ ਸਿੰਘ ਗਿੱਲ ਨੇ ਦੱਸਿਆ ਕਿ ਟਰੱਸਟ ਵੱਲੋਂ ਅਪ੍ਰੈਲ ਮਹੀਨੇ ‘ਚ 25 ਹਜਾਰ ਅਤੇ ਮਈ ਮਹੀਨੇ ‘ਚ 40 ਹਜ਼ਾਰ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦਿੱਤਾ ਗਿਆ ਹੈ। ਹੁਣ ਜੂਨ ਮਹੀਨੇ ‘ਚ 60 ਹਜਾਰ ਪਰਿਵਾਰਾਂ ਦੀ ਟੀਚਾ ਮਿਥਿਆ ਗਿਆ ਹੈ ਅਤੇ ਇਹ ਸੇਵਾ ਸਤੰਬਰ ਤੱਕ ਜਾਰੀ ਰਹੇਗੀ।ਇਸ ਮੌਕੇ ਟਰੱਸਟ ਮੈਂਬਰ ਸੁਖਦੇਵ ਸਿੰਘ ਬਰਾੜ, ਗੁਰਸੇਵਕ ਸਿੰਘ ਸੰਨਿਆਸੀ, ਐਨ.ਜੀ.ਓ. ਮੈਂਬਰ ਭਵਨਦੀਪ ਸਿੰਘ ਪੁਰਬਾ ਅਤੇ ਕੁਲਦੀਪ ਸਿੰਘ ਬਰਾੜ, ਸਿਹਤ ਵਿਭਾਗ ਤੋਂ ਡਾ. ਨਰੇਸ਼ ਕੁਮਾਰ, ਗਗਨਦੀਪ ਸਿੰਘ, ਕਰਮਜੀਤ ਸਿੰਘ, ਵਪਿੰਦਰ ਸਿੰਘ ਆਦਿ ਹਾਜਰ ਸਨ।


Share