ਡਾ. ਇੰਦਰਜੀਤ ਕੌਰ ਸੰਧੂ ਅੰਤਿਮ ਅਰਦਾਸ ’ਚ ਨਾਮਵਰ ਸ਼ਖ਼ਸੀਅਤਾਂ ਸ਼ਾਮਲ ਹੋਈਆਂ

142
Share

ਚੰਡੀਗੜ੍ਹ, 9 ਫਰਵਰੀ (ਹਰਦਮ ਮਾਨ/ਪੰਜਾਬ ਮੇਲ)- ਉੱਘੀ ਸਿੱਖਿਆ ਸ਼ਾਸਤਰੀ ਡਾ: ਇੰਦਰਜੀਤ ਕੌਰ ਦਾ ਅੰਤਿਮ ਅਰਦਾਸ ਸਮਾਗਮ ਚੰਡੀਗੜ੍ਹ ਦੇ ਸੈਕਟਰ 11 ਦੇ ਗੁਰਦੁਆਰੇ ਵਿਚ ਸੰਪੰਨ ਹੋਇਆ। ਇਸ ਸਮਾਗਮ ’ਚ ਉੱਤਰੀ ਭਾਰਤ ਦੇ ਨਾਮਵਰ ਵਿਦਵਾਨ, ਚਿੰਤਕ, ਬੁੱਧੀਜੀਵੀ, ਲੇਖਕ, ਪੱਤਰਕਾਰ, ਸਮਾਜਸੇਵੀ ਤੇ ਸਮਾਜ ਦੀਆਂ ਉੱਘੀਆਂ ਸ਼ਖਸੀਅਤਾਂ ਨੇ ਸ਼ਮੂਲੀਅਤ ਕੀਤੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਮਲਕੀਤ ਸਿੰਘ ਵਿਸ਼ੇਸ਼ ਤੌਰ ’ਤੇ ਅੰਤਮ ਅਰਦਾਸ ਵਿਚ ਪੁੱਜੇ।
ਲੋਕਲ ਗੁਰਦੁਆਰਾ ਸਾਹਿਬ ਦੇ ਕੀਰਤਨੀ ਜੱਥੇ ਨੇ ਗੁਰੂ ਜਸ ਗਾਇਨ ਕਰਕੇ ਕੀਰਤਨ ਰੂਪੀ ਅਸੀਸਾਂ ਦਿੱਤੀਆਂ। ਸਿੰਘ ਸਾਹਿਬ ਮਲਕੀਤ ਸਿੰਘ ਨੇ ਅੰਤਮ ਅਰਦਾਸ ਰਾਹੀਂ ਆਪਣੇ ਫਰਜ਼ ਦੀ ਅਦਾਇਗੀ ਕੀਤੀ। ਡਾ. ਖੁਸ਼ਹਾਲ ਸਿੰਘ ਕੇਂਦਰੀ ਸਿੰਘ ਸਭਾ ਨੇ ਮੰਚ ਸੰਚਾਲਨ ਕਰਦੇ ਹੋਏ ਸਭ ਤੋਂ ਪਹਿਲਾਂ ਡਾ. ਇੰਦਰਜੀਤ ਕੌਰ ਦੇ ਅਰਦਾਸ ਸਮਾਗਮ ’ਚ ਸਿੰਘ ਸਾਹਿਬ ਭਾਈ ਮਲਕੀਤ ਸਿੰਘ ਦਾ ਤਹਿ ਦਿਲੋਂ ਧੰਨਵਾਦ ਕੀਤਾ। ਸਿੰਘ ਸਾਹਿਬ ਭਾਈ ਮਲਕੀਤ ਸਿੰਘ ਨੇ ਗੁਰਬਾਣੀ ਦੇ ਆਧਾਰ ਨਾਲ ਸ਼ਰਧਾਂਜਲੀ ਭੇਟ ਕਰਦਿਆਂ ਬੀਬੀ ਇੰਦਰਜੀਤ ਕੌਰ ਦੀਆਂ ਆਪਣੇ ਜੀਵਨ ਕਾਲ ਵਿਚ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਯੂਨੀਵਰਸਿਟੀ ਦੀ ਪਹਿਲੀ ਮਹਿਲਾ ਉੱਪ ਕੁਲਪਤੀ, ਦਿੱਲੀ ਸਟਾਫ ਸਲੈਕਸ਼ਨ ਕਮੇਟੀ ਦੀ ਚੇਅਰਪਰਸਨ ਅਤੇ ਖਾਲਸਾ ਕਾਲਜ ਅੰਮਿ੍ਰਤਸਰ ਦੀ ਗਵਰਨਿੰਗ ਕੌਂਸਲ ਵਿਚ ਪ੍ਰਤੀਨਿਧਤਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ।
ਮਨਜੀਤ ਸਿੰਘ ਖੈਰ੍ਹਾ ਐਡਵੋਕੇਟ ਨੇ ਕਿਹਾ ਕਿ ਬੀਬੀ ਇੰਦਰਜੀਤ ਕੌਰ ਸੰਧੂ ਇਕ ਉੱਚ ਕਿਰਦਾਰ ਦੀ ਸ਼ਖਸੀਅਤ ਸਨ। ਪੈਪਸੂ ਵਿਚ ਪੰਜਾਬੀ ਲਾਗੂ ਕਰਵਾਉਣ ’ਚ ਉਨ੍ਹਾਂ ਦਾ ਤੇ ਗਿਆਨੀ ਗੁਰਦਿੱਤ ਸਿੰਘ ਦਾ ਬੜਾ ਵੱਡਾ ਹੱਥ ਰਿਹਾ। ਉਨ੍ਹਾਂ ਦੁਨੀਆਂ ਭਰ ਵਿਚੋਂ ਵੱਡੀ ਗਿਣਤੀ ’ਚ ਸੰਸਥਾਵਾਂ ਵਲੋਂ ਭੇਜੇ ਸ਼ੋਕ ਮਤਿਆਂ ਦਾ ਜ਼ਿਕਰ ਕੀਤਾ, ਜਿਨ੍ਹਾਂ ਵਿਚ ਪੰਜਾਬੀ ਯੂਨਵਿਰਸਿਟੀ ਪਟਿਆਲਾ, ਹਰਿਦਰਸ਼ਨ ਮੈਮੋਰੀਅਲ ਇੰਟਰਨੈਸ਼ਨਲ ਟਰੱਸਟ ਕੈਨੇਡਾ ਦੇ ਇੰਡੀਅਨ ਚੈਪਟਰ ਦੇ ਕੋਆਰਡੀਨੇਟਰ ਸ. ਉਜਾਗਰ ਸਿੰਘ, ਵਰਲਡ ਪੰਜਾਬੀ ਸੈਂਟਰ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਕੈਨੇਡੀਅਨ ਰਾਮਗੜ੍ਹੀਆ ਸੁਸਾਇਟੀ ਸਰੀ ਕੈਨੇਡਾ, ਭਾਈ ਸਾਹਿਬ ਰਣਧੀਰ ਸਿੰਘ ਟਰੱਸਟ ਯੂ.ਕੇ., ਗੁਰਦੁਆਰਾ ਮਿਲਵੁਡਜ਼ ਐਡਮਿੰਟਨ ਕੈਨੇਡਾ, ਸ੍ਰੀ ਗੁਰੂ ਗ੍ਰੰਥ ਸਾਹਿਬ ਵਿਦਿਅਕ ਕੇਂਦਰ ਨਵੀਂ ਦਿੱਲੀ, ਅਦਾਰਾ ਆਤਮ ਰੰਗ ਚੰਡੀਗੜ੍ਹ ਤੇ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਚੰਡੀਗੜ੍ਹ ਦੇ ਨਾਮ ਵਰਨਣ ਕੀਤੇ।
ਅੰਤਿਮ ਅਰਦਾਸ ਵਿਚ ਵਿਸ਼ੇਸ਼ ਤੌਰ ’ਤੇ ਨਾਮਵਰ ਵਿਦਵਾਨ ਤੇ ਚਿੰਤਕ ਭਾਈ ਅਸ਼ੋਕ ਸਿੰਘ ਬਾਗੜੀਆਂ, ਨਾਮਵਰ ਇਤਿਹਾਸਕਾਰ ਡਾ. ਇੰਦੂਬਾਲੀ, ਸਿੱਖ ਸਟੱਡੀਜ਼ ਚੰਡੀਗੜ੍ਹ ਦੇ ਰੂਹੇ ਰਵਾਂ ਗੁਰਪ੍ਰੀਤ ਸਿੰਘ, ਆਲਮੀ ਜਗਤ ਦੇ ਥੀਏਟਰ ਦੀ ਕਲਾਕਾਰ ਨੀਲਮ ਮਾਨ ਸਿੰਘ, ਗੁਰਦੀਪ ਸਿੰਘ ਚੀਮਾ ਆਈ.ਏ.ਐੱਸ., ਪੁਸ਼ਪਿੰਦਰ ਚੀਮਾ, ਗੁਰਨਿਹਾਲ ਸਿੰਘ ਪੀਰਜ਼ਾਦਾ ਸੇਵਾ ਮੁਕਤ ਆਈ.ਏ.ਐੱਸ., ਪ੍ਰੋ: ਹੋਮੀਦਾ ਸੇਠੀ, ਮਹੀਨੇਵਾਰ ਆਤਮ ਰੰਗ ਦੇ ਸੰਪਾਦਕ ਮਨਪ੍ਰੀਤ ਸਿੰਘ, ਅਮਰਿੰਦਰ ਸਿੰਘ ਸਾਬਕਾ ਮੈਂਬਰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਜੀਤਪਾਲ ਸਿੰਘ ਸ਼ਾਮਲ ਹੋਏ।

Share