ਡਾਕਟਰਾਂ ਵੱਲੋਂ ਸੋਸ਼ਲ ਮੀਡੀਆ ’ਤੇ ਕੋਰੋਨਾ ਨੁਸਖ਼ਿਆਂ ਤੋਂ ਬਚਣ ਦੀ ਬੇਨਤੀ

97
Share

ਨਵੀਂ ਦਿੱਲੀ, 27 ਮਈ (ਪੰਜਾਬ ਮੇਲ)- ਭਾਰਤ ਵਿਚ ਭਾਵੇਂ ਰਿਕਵਰੀ ਦਰ ਵਧ ਰਹੀ ਹੈ ਪਰ ਡਾਕਟਰਾਂ ਨੇ ਲੋਕਾਂ ਨੂੰ ਆਪਣੀ ਸਿਹਤ ਦਾ ਕੋਵਿਡ ਤੋਂ ਉੱਭਰਨ ਤੋਂ ਬਾਅਦ ਵੀ ਖਿਆਲ ਰੱਖਣ ਲਈ ਕਿਹਾ ਹੈ। ਡਾਕਟਰਾਂ ਨੇ ਲੋਕਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਸੋਸ਼ਲ ਮੀਡੀਆ ’ਤੇ ਉਪਲੱਬਧ ਨੁਸਖ਼ਿਆਂ ’ਤੇ ਭਰੋਸਾ ਨਾ ਕਰਨ ਤੇ ਕਿਸੇ ਵੀ ਤਰ੍ਹਾਂ ਦੀ ਦਵਾਈ ਲੈਣ ਤੋਂ ਪਹਿਲਾਂ ਡਾਕਟਰ ਤੋਂ ਪੁੱਛਣ। ਦਵਾਈਆਂ ਦੀ ਜ਼ਿਆਦਾ ਵਰਤੋਂ ਵੀ ਖ਼ਤਰਨਾਕ ਸਾਬਿਤ ਹੋ ਸਕਦੀ ਹੈ।
ਨੋਇਡਾ ਦੇ ਮਾਹਿਰ ਡਾਕਟਰ ਅਸ਼ੀਸ਼ ਜੈਸਵਾਲ ਮੁਤਾਬਕ ਜੇ ਕੋਈ ਕਰੋਨਾ ਪਾਜ਼ੀਟਿਵ ਹੈ ਤੇ ਘਰੇ ਇਕਾਂਤ ਵਿਚ ਹੈ, ਤਾਂ ਉਸ ਨੂੰ ਆਪਣੀਆਂ ਸਮੱਸਿਆਵਾਂ ਦੀ ਸ਼ਨਾਖ਼ਤ ਕਰਨ ਦੀ ਲੋੜ ਹੈ। ਕਈ ਵਾਰ ਥਕਾਵਟ, ਸਰੀਰ ਵਿਚ ਦਰਦ ਤੇ ਛਾਤੀ ’ਚ ਤਕਲੀਫ਼ ਲੰਮੇ ਸਮੇਂ ਤੱਕ ਰਹਿ ਸਕਦੀ ਹੈ।
ਕਈ ਮਰੀਜ਼ ‘ਬ੍ਰੇਨ ਫੌਗ’ ਦੀ ਸ਼ਿਕਾਇਤ ਕਰ ਰਹੇ ਹਨ। ਉਹ ਮਹਿਸੂਸ ਕਰਨ ਵਿਚ ਰੁਕਾਵਟ ਮਹਿਸੂਸ ਕਰਦੇ ਹਨ, ਉਲਝਣ ਵਿਚ ਰਹਿੰਦੇ ਹਨ ਤੇ ਫ਼ੈਸਲੇ ਨਹੀਂ ਲੈ ਪਾਉਂਦੇ। ਇਸ ਤੋਂ ਇਲਾਵਾ ਭੁੱਖ ਨਹੀਂ ਲੱਗਦੀ। ਅਜਿਹਾ ਵੀ ਕੋਵਿਡ ਰਿਕਵਰੀ ਤੋਂ ਬਾਅਦ ਹੋ ਸਕਦਾ ਹੈ। ਕਈ ਇਸ ਨੂੰ ‘ਡਿਪਰੈਸ਼ਨ’ ਮੰਨਦੇ ਹਨ ਪਰ ਸਾਰੇ ਕੇਸਾਂ ਵਿਚ ਅਜਿਹਾ ਨਹੀਂ ਹੈ। ਡਾਕਟਰ ਨੇ ਇਸ ਨੂੰ ‘ਪੋਸਟ ਕੋਵਿਡ ਸਿੰਡਰੋਮ’ ਦਾ ਨਾਂ ਦਿੱਤਾ ਹੈ। ਉਨ੍ਹਾਂ ਅਪੀਲ ਕੀਤੀ ਕਿ ਲੋਕ ਸਕਾਰਾਤਮਕ ਰਹਿਣ ਤੇ ਚੰਗਾ ਸੋਚਣ।

Share