ਨਿਊਯਾਰਕ, 21 ਅਕਤੂਬਰ (ਪੰਜਾਬ ਮੇਲ)- ਡਾਕਟਰਾਂ ਨੂੰ ਮਨੁੱਖੀ ਸਰੀਰ ਵਿਚ ਸੂਰ ਦੀ ਕਿਡਨੀ ਟਰਾਂਸਪਲਾਂਟ ਕਰਨ ਵਿਚ ਵੱਡੀ ਸਫ਼ਲਤਾ ਮਿਲੀ ਹੈ। ਕਈ ਪ੍ਰੀਖਣਾਂ ਦੇ ਬਾਅਦ ਹੁਣ ਡਾਕਟਰਾਂ ਨੇ ਦੱਸਿਆ ਕਿ ਮਨੁੱਖੀ ਸਰੀਰ ਵਿਚ ਸੂਰ ਦੀ ਕਿਡਨੀ ਸੁਚਾਰੂ ਰੂਪ ਨਾਲ ਕੰਮ ਕਰ ਰਹੀ ਹੈ ਅਤੇ ਟਰਾਂਸਪਲਾਂਟ ਪੂਰੀ ਤਰ੍ਹਾਂ ਨਾਲ ਸਫ਼ਲ ਰਿਹਾ ਹੈ। ਇਹ ਵੱਡੀ ਸਫ਼ਲਤਾ ਅਮਰੀਕੀ ਡਾਕਟਰਾਂ ਨੂੰ ਮਿਲੀ ਹੈ, ਜਿਸ ਨਾਲ ਹੁਣ ਮਨੁੱਖੀ ਸਰੀਰ ਵਿਚ ਟਰਾਂਸਪਲਾਂਟ ਕਰਨ ਲਈ ਮਨੁੱਖੀ ਅੰਗਾਂ ਦੀ ਘਾਟ ਨੂੰ ਪੂਰਾ ਕੀਤਾ ਜਾ ਸਕਦਾ ਹੈ। ਅਜਿਹਾ ਪਹਿਲੀ ਵਾਰ ਸੰਭਵ ਹੋਇਆ ਹੈ ਜਦੋਂ ਮਨੁੱਖੀ ਸਰੀਰ ਵਿਚ ਕਿਸੇ ਦੂਜੇ ਪ੍ਰਾਣੀ ਦੀ ਕਿਡਨੀ ਦਾ ਸਫ਼ਲ ਟਰਾਂਸਪਲਾਂਟ ਕੀਤਾ ਗਿਆ ਹੈ। ਹਾਲਾਂਕਿ ਇਸ ਤੋਂ ਪਹਿਲਾਂ ਵੀ ਅਜਿਹੇ ਕਈ ਪ੍ਰਯੋਗ ਕੀਤੇ ਗਏ ਹਨ ਪਰ ਸਰੀਰ ਦਾ ਪ੍ਰਤੀਰੱਖਿਆ ਤੰਤਰ ਬਾਹਰੀ ਅੰਗਾਂ ਨੂੰ ਸਵੀਕਾਰ ਨਹੀਂ ਕਰਦਾ ਹੈ ਅਤੇ ਟਰਾਂਸਪਲਾਂਟ ਸਫ਼ਲ ਨਹੀਂ ਹੋ ਪਾਉਂਦਾ ਹੈ ਪਰ ਅਜਿਹਾ ਪਹਿਲੀ ਵਾਰ ਹੋਇਆ ਹੈ, ਜਦੋਂ ਸੂਰ ਦੀ ਕਿਡਨੀ ਨੂੰ ਮਨੁੱਖੀ ਸਰੀਰ ਵਿਚ ਸਫ਼ਲਤਾਪੂਰਵ ਟਰਾਂਸਪਲਾਂਟ ਕੀਤਾ ਗਿਆ ਹੈ ਅਤੇ ਸਰੀਰ ਨੇ ਵੀ ਇਸ ਨੂੰ ਸਫ਼ਲਤਾਪੂਰਵਕ ਗ੍ਰਹਿਣ ਕਰ ਲਿਆ ਹੈ।