ਕੈਨੇਡਾ, 10 ਅਕਤੂਬਰ (ਪੰਜਾਬ ਮੇਲ)- ਬਾਰਬਰਾ ਗਿੱਲ ਨੇ ਆਪਣੇ ਪੁੱਤਰ ਦੇ ਕਤਲ ਕੇਸ ਨੂੰ ਸੁਲਝਾਉਣ ਲਈ ਪੁਲਸ ਪ੍ਰਸ਼ਾਸਨ ਅਤੇ ਕੈਨੇਡਾ ਸਰਕਾਰ ਨੂੰ ਗੁਹਾਰ ਲਾਈ ਹੈ। ਉਸ ਦਾ ਕਹਿਣਾ ਹੈ ਕਿ ਜਦੋਂ ਤੱਕ ਉਸ ਨੂੰ ਇਨਸਾਫ਼ ਨਹੀਂ ਮਿਲਦਾ, ਉਹ ਟਿਕ ਕੇ ਨਹੀਂ ਬੈਠੇਗੀ। ਕੈਨੇਡਾ ਦੇ ਟੋਰਾਂਟੋ ਵਿਚ ਰਹਿੰਦੀ ਪੰਜਾਬਣ ਬਾਰਬਰਾ ਗਿੱਲ ਆਪਣੇ ਕਤਲ ਹੋਏ ਪੁੱਤ ਦੇ ਜਨਮ ਦਿਨ ਵਾਲੇ ਦਿਨ ਕੇਕ ਲੈ ਕੇ ਉਸ ਦੀ ਕਬਰ ਕੋਲ ਬੈਠੀ ਸੀ ਤੇ ਦੁਹਾਈਆਂ ਦੇ ਰਹੀ ਸੀ ਕਿ ਉਸ ਦੇ ਪੁੱਤ ਦੇ ਕਾਤਲਾਂ ਨੂੰ ਸਜ਼ਾ ਦਿੱਤੀ ਜਾਵੇ। 23 ਜਨਵਰੀ, 2017 ਨੂੰ ਪੰਜਾਬੀ ਨੌਜਵਾਨ ਡਾਇਲਨ ਗਿੱਲ ਦਾ ਕਤਲ ਕਰ ਦਿੱਤਾ ਗਿਆ ਸੀ, ਉਸ ਨੂੰ ਹਸਪਤਾਲ ਲੈ ਜਾਇਆ ਗਿਆ ਪਰ ਬਚਾਇਆ ਨਾ ਜਾ ਸਕਿਆ।
ਬਾਰਬਰਾ ਗਿੱਲ ਨੇ ਰੋਂਦਿਆਂ ਹੋਇਆਂ ਕਿਹਾ ਜੇ ਉਸ ਦਾ ਪੁੱਤ ਜਿਊਂਦਾ ਹੁੰਦਾ ਤਾਂ ਅੱਜ 28 ਸਾਲ ਦਾ ਹੋ ਜਾਣਾ ਸੀ। ਮੈਂ ਹਰ ਵੇਲੇ ਆਪਣੇ ਪੁੱਤ ਬਾਰੇ ਸੋਚਦੀ ਰਹਿੰਦੀ ਹਾਂ, ਕੋਈ ਅਜਿਹਾ ਦਿਨ ਨਹੀਂ ਜਦ ਮੈਂ ਉਸ ਨੂੰ ਯਾਦ ਨਾ ਕੀਤਾ ਹੋਵੇ।
ਉਸ ਦੇ ਪੁੱਤਰ ਦੇ ਕਾਤਲਾਂ ਬਾਰੇ ਕੁਝ ਪਤਾ ਨਹੀਂ ਲੱਗਾ। ਉਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜਿਸ ਕਿਸੇ ਕੋਲ ਉਸ ਦੇ ਪੁੱਤਰ ਦੇ ਕਤਲ ਨਾਲ ਸਬੰਧਤ ਕੋਈ ਜਾਣਕਾਰੀ ਹੈ ਤਾਂ ਉਹ ਪੁਲਸ ਜਾਂ ਫਿਰ ਉਸ ਨਾਲ ਸਾਂਝੀ ਕਰੇ ਤਾਂ ਜੋ ਕਾਤਲਾਂ ਨੂੰ ਸਜ਼ਾ ਹੋ ਸਕੇ।