ਡਬਲਿਊ.ਐੱਚ.ਓ. ਵੱਲੋਂ ਲਾਕਡਾਊਨ ‘ਚ ਢਿੱਲ ਦੇਣ ਵਾਲੇ ਦੇਸ਼ਾਂ ਨੂੰ ਸਾਵਧਾਨੀ ਵਰਤਣ ਦੀ ਸਲਾਹ

915
Share

ਜਿਨੇਵਾ, 8 ਮਈ (ਪੰਜਾਬ ਮੇਲ)- ਵਿਸ਼ਵ ਸਿਹਤ ਸੰਗਠਨ ਨੇ ਭਾਰਤ ਸਣੇ ਕੁਝ ਹੋਰ ਦੇਸ਼ਾਂ ਵਿਚ ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ‘ਤੇ ਚਿੰਤਾ ਪ੍ਰਗਟ ਕੀਤੀ ਹੈ। ਇਸ ਦੇ ਨਾਲ ਹੀ ਵਿਸ਼ਵ ਸਿਹਤ ਸੰਗਠਨ ਨੇ ਵੀ ਕਿਹਾ ਹੈ ਕਿ ਲਾਕਡਾਊਨ ਵਿਚ ਢਿੱਲ ਦਿੰਦੇ ਸਮੇਂ ਸਰਕਾਰਾਂ ਨੂੰ ਸਾਵਧਾਨੀ ਵਰਤਣੀ ਚਾਹੀਦੀ ਹੈ।
ਸਿਹਤ ਆਪਦਾ ਪ੍ਰੋਗਰਾਮ ਦੇ ਕਾਰਜਕਾਰੀ ਡਾਇਰੈਕਟਰ ਡਾਕਟਰ ਮਾਈਕਲ ਜੇ. ਰੇਆਨ ਨੇ ਕਿਹਾ ਕਿ ਕੁਝ ਦੇਸ਼ਾਂ ਵਿਚ ਜਿਥੇ ਨਵੇਂ ਮਾਮਲੇ ਵਧ ਰਹੇ ਹਨ ਉਥੇ ਕੁਝ ਦੇਸ਼ਾਂ ਵਿਚ ਇਹ ਘੱਟ ਰਹੇ ਹਨ। ਗਿਣਤੀ ਦੇ ਨਾਲ ਹੀ ਉਨ੍ਹਾਂ ਦੇਸ਼ਾਂ ਵਿਚ ਇਸ ਮਹਾਮਾਰੀ ਤੋਂ ਆਉਣ ਵਾਲੇ ਖਤਰੇ ਨੂੰ ਦੇਖਦੇ ਹੋਏ ਉਹ ਭਾਰਤ, ਰੂਸ, ਬੰਗਲਾਦੇਸ਼, ਅਫਗਾਨਿਸਤਾਨ, ਸੂਡਾਨ, ਫਿਲਪੀਨਸ, ਯਮਨ ਜਿਹੇ ਦੇਸ਼ਾਂ ਤੇ ਦੱਖਣ ਤੇ ਮੱਧ ਅਮਰੀਕਾ ਜਿਹੇ ਖੇਤਰਾਂ ਨੂੰ ਲੈ ਕੇ ਚਿੰਤਤ ਹਨ। ਉਥੇ ਹੀ ਦੂਜੇ ਪਾਸੇ ਯੂਨੀਸੇਫ ਨੇ ਇਕ ਰਿਪੋਰਟ ਵਿਚ ਖਦਸ਼ਾ ਜ਼ਾਹਿਰ ਕੀਤਾ ਹੈ ਕਿ ਆਉਣ ਵਾਲੀ ਪੀੜ੍ਹੀ ‘ਤੇ ਇਸ ਦਾ ਬੁਰਾ ਅਸਰ ਦਿਖਾਈ ਦੇ ਸਕਦਾ ਹੈ।
ਸੰਗਠਨ ਨੇ ਕਿਹਾ ਹੈ ਕਿ 11 ਮਾਰਚ ਤੋਂ 16 ਦਸੰਬਰ 2020 ਦੇ ਵਿਚਾਲੇ ਦੁਨੀਆ ਵਿਚ 11.6 ਕਰੋੜ ਬੱਚੇ ਜਨਮ ਲੈਣਗੇ। ਇਸ ਵਿਚੋਂ ਸਭ ਤੋਂ ਵਧੇਰੇ 2.41 ਲੱਖ ਬੱਚੇ ਭਾਰਤ ਵਿਚ ਪੈਦਾ ਹੋਣਗੇ। ਇਸ ਤੋਂ ਇਲਾਵਾ ਚੀਨ, ਨਾਈਜੀਰੀਆ, ਪਾਕਿਸਤਾਨ ਤੇ ਇੰਡੋਨੇਸ਼ੀਆ ‘ਚ ਵਧੇਰੇ ਗਿਣਤੀ ਵਿਚ ਬੱਚੇ ਪੈਦਾ ਹੋਣਗੇ। ਅਜਿਹੇ ‘ਚ ਇਨ੍ਹਾਂ ਬੱਚਿਆਂ ‘ਤੇ ਕੋਰੋਨਾ ਦੇ ਸੰਕਟ ਦਾ ਸਾਇਆ ਵੀ ਹੋਵੇਗਾ। ਤੁਹਾਨੂੰ ਦੱਸ ਦਈਏ ਕਿ 11 ਮਾਰਚ ਨੂੰ ਹੀ ਵਿਸ਼ਵ ਸਿਹਤ ਸੰਗਠਨ ਨੇ ਕੋਰੋਨਾਵਾਇਰਸ ਨੂੰ ਗਲੋਬਲ ਮਹਾਮਾਰੀ ਐਲਾਨ ਕੀਤਾ ਸੀ। ਲਾਂਸੇਟ ਦੀ ਰਿਪੋਰਟ ਮੁਤਾਬਕ ਕੋਰੋਨਾਵਾਇਰਸ ਕਾਰਣ ਹੁਣ ਤੱਕ ਤਕਰੀਬਨ 90 ਫੀਸਦੀ ਮੌਤਾਂ ਵੱਡੇ ਦੇਸ਼ਾਂ ਵਿਚ ਹੋਈਆਂ ਹਨ। ਜੇਕਰ ਚੀਨ, ਬ੍ਰਾਜ਼ੀਲ ਤੇ ਈਰਾਨ ਨੂੰ ਵੀ ਜੋੜ ਦਿੱਤਾ ਜਾਵੇ ਤਾਂ 96 ਫੀਸਦੀ ਮਰਨ ਵਾਲੇ ਇਨ੍ਹਾਂ ਮੁਲਕਾਂ ਵਿਚ ਰਹਿਣ ਵਾਲੇ ਲੋਕ ਸਨ। ਇਨ੍ਹਾਂ ਅੰਕੜਿਆਂ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਇਨ੍ਹਾਂ ਦੇਸ਼ਆਂ ਵਿਚ ਸਿਹਤ ਸੁਵਿਧਾਵਾਂ ਦੂਜੇ ਦੇਸ਼ਾਂ ਦੇ ਮੁਕਾਬਲੇ ਕਿਤੇ ਜ਼ਿਆਦਾ ਸਨ। ਪਰ ਇਸ ਦੇ ਬਾਵਜੂਦ ਇਥੇ ਕੋਰੋਨਾਵਾਇਰਸ ਦੇ ਕਾਰਣ ਸਭ ਤੋਂ ਵਧੇਰੇ ਮੌਤਾਂ ਹੋਈਆਂ। ਸਿਹਤ ਮਾਹਰ ਮੰਨਦੇ ਹਨ ਕਿ ਅਮੀਰ ਦੇਸ਼ਾਂ ਦੇ ਲੋਕਾਂ ਦੀ ਜੀਵਨਸ਼ੈਲੀ ਵਿਚ ਰੱਖਿਆਤਮਕ ਸਮਰਥਾ ਘੱਟ ਹੁੰਦੀ ਹੈ।
ਭਾਰਤ, ਅਮਰੀਕਾ, ਜਰਮਨੀ ਤੇ ਦੱਖਣੀ ਕੋਰੀਆ ਸਣੇ ਕਈ ਦੇਸ਼ ਗਰੀਬ ਮੁਲਕਾਂ ਵਿਚ ਸਿਹਤ ਸੁਵਿਧਾਵਾਂ ਭੇਜ ਰਹੇ ਹਨ ਪਰ ਇਹ ਬੇਹੱਦ ਘੱਟ ਹਨ। ਆਈ.ਐੱਮ.ਐੱਫ. ਨੇ ਅਫਗਾਨਿਸਤਾਨ, ਤਜ਼ਾਕਿਸਤਾਨ ਸਣੇ ਦੁਨੀਆ ਦੇ 25 ਗਰੀਬ ਦੇਸ਼ਾਂ ਨੂੰ ਕਰਜ਼ ਦੀ ਵੱਡੀ ਰਾਹਤ ਦਿੱਤੀ ਹੈ ਤਾਂਕਿ ਉਹ ਫੰਡ ਇਕੱਠਾ ਕਰ ਸਕਣ। ਅਫਰੀਕੀ ਮਹਾਦੀਪ ਦੇ 54 ਵਿਚੋਂ 52 ਦੇਸ਼ਾਂ ਵਿਚ ਇਨਫੈਕਸ਼ਨ ਫੈਲ ਚੁੱਕਿਆ ਹੈ। ਨਾਈਜੀਰੀਆ, ਅਲਜੀਰੀਆ, ਬੁਲਗਾਰੀਆ, ਮਿਸਰ, ਇਕਵਾਡੋਰ, ਰੋਮਾਨੀਆ, ਸਰਵੀਆ ਸਣੇ ਕਈ ਦੇਸ਼ਾਂ ਵਿਚ ਮਾਮਲੇ ਅਚਾਨਕ ਵਧੇ ਹਨ। ਏਸ਼ੀਆਈ ਦੇਸ਼ਾਂ ਵਿਚ ਵੀ ਪਾਕਿਸਤਾਨ, ਅਫਗਾਨਿਸਤਾਨ, ਤੰਜ਼ਾਨੀਆ, ਉਜ਼ਬੇਕਿਸਤਾਨ, ਵਿਚ ਰਫਤਾਰ ਬਹੁਤ ਤੇਜ਼ ਹੈ। ਵਿਸ਼ਵ ਸਿਹਤ ਸੰਗਠਨ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਹਾਲਾਤ ਨਾ ਸੰਭਾਲੇ ਗਏ ਤਾਂ ਇਹ ਹੋਰ ਖਤਰਨਾਕ ਹੋ ਜਾਣਗੇ। ਅੰਤਰਰਾਸ਼ਟਰੀ ਆਰਗੇਨਾਈਜ਼ੇਸ਼ਨ ਫਾਰ ਮਾਈਗ੍ਰੇਸ਼ਨ ਦੇ ਮੁਤਾਬਕ ਅਫਗਾਨਿਸਤਾਨ ਸਣੇ ਕਈ ਦੇਸ਼ਾਂ ਵਿਚ 80 ਫੀਸਦੀ ਤੱਕ ਲੋਕਾਂ ਦੇ ਇਨਫੈਕਸ਼ਨ ਦੀ ਲਪੇਟ ਵਿਚ ਆਉਣ ਦਾ ਡਰ ਹੈ।


Share