ਡਬਲਿਊ.ਐੱਚ.ਓ. ਨੇ ਕਿਹਾ; ਕੋਰੋਨਾ ਨੂੰ ਰੋਕਣਾ ਹੁਣ ਭਾਰਤ ਦੇ ਹੱਥ…!

793
Share

ਵਾਸ਼ਿੰਗਟਨ, 25 ਮਾਰਚ (ਪੰਜਾਬ ਮੇਲ)- ਕੋਰੋਨਾਵਾਇਰਸ ਨੂੰ ਰੋਕਣ ਲਈ ਭਾਰਤ ‘ਚ ਕਈ ਸੂਬਿਆਂ ਨੇ ਕਰਫਿਊ ਤੱਕ ਲਗਾ ਦਿੱਤਾ ਹੈ। ਇਸ ਵਿਚਕਾਰ ਵਿਸ਼ਵ ਸਿਹਤ ਸੰਗਠਨ (ਡਬਲਿਊ.ਐੱਚ.ਓ.) ਨੇ ਭਾਰਤ ਨੂੰ ਲੈ ਕੇ ਵੱਡੀ ਗੱਲ ਆਖੀ ਹੈ। ਵਿਸ਼ਵ ਸਿਹਤ ਸੰਗਠਨ ਦੇ ਕਾਰਜਕਾਰੀ ਨਿਰਦੇਸ਼ਕ ਡਾ. ਮਾਈਕਲ ਜੇ. ਰਿਆਨ ਨੇ ਕਿਹਾ ਕਿ ਭਾਰਤ ਕੋਲ ਬਹੁਤ ਜ਼ਿਆਦਾ ਸਮਰੱਥਾ ਹੈ ਅਤੇ ਇਸ ਤੋਂ ਪਹਿਲਾਂ ਉਹ ਦੋ ਸਾਈਲੈਂਟ ਕਿਲਰ- ਸਮਾਲ ਪੋਕਸ ਅਤੇ ਪੋਲੀਓ ਦਾ ਖਾਤਮਾ ਕਰਨ ‘ਚ ਵਿਸ਼ਵ ਦੀ ਅਗਵਾਈ ਕਰ ਚੁੱਕਾ ਹੈ।
ਉਨ੍ਹਾਂ ਕਿਹਾ ਕਿ ਚੀਨ ਦੀ ਤਰ੍ਹਾਂ ਭਾਰਤ ਵੀ ਬਹੁਤ ਜ਼ਿਆਦਾ ਆਬਾਦੀ ਵਾਲਾ ਦੇਸ਼ ਹੈ ਅਤੇ ਕੋਰੋਨਾਵਾਇਰਸ ਦਾ ਭਵਿੱਖ ਇਸ ਗੱਲ ‘ਤੇ ਨਿਰਭਰ ਕਰਦਾ ਹੈ ਕਿ ਭਾਰਤ ਵਰਗੇ ਸੰਘਣੀ ਆਬਾਦੀ ਵਾਲੇ ਦੇਸ਼ਾਂ ਵਿਚ ਕੀ ਕਦਮ ਚੁੱਕੇ ਜਾ ਰਹੇ ਹਨ। ਡਬਲਿਊ.ਐੱਚ.ਓ. ਦੇ ਕਾਰਜਕਾਰੀ ਨਿਰਦੇਸ਼ਕ ਡਾ. ਮਾਈਕਲ ਨੇ ਭਾਰਤ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਕੋਵਿਡ-19 ਖਿਲਾਫ ਭਾਰਤ ਬਹੁਤ ਗੰਭੀਰਤਾ ਨਾਲ ਲੜਾਈ ਲੜ ਰਿਹਾ ਹੈ। ਇਹ ਬਹੁਤ ਮਹੱਤਵਪੂਰਨ ਹੈ ਕਿ ਭਾਰਤ ਜਨਤਕ ਸਿਹਤ ਦੇ ਪੱਧਰ ‘ਤੇ ਇਸੇ ਤਰ੍ਹਾਂ ਗੰਭੀਰਤਾ ਨਾਲ ਲੜਾਈ ਜਾਰੀ ਰੱਖੇ।

ਸਿਰਫ 4 ਦਿਨ ‘ਚ 1 ਲੱਖ ਨਵੇਂ ਮਾਮਲੇ
ਡਬਲਿਊ.ਐੱਚ.ਓ. ਨੇ ਭਾਰਤ ਦੇ ਕਦਮਾਂ ਦੀ ਸ਼ਲਾਘਾ ਕੀਤੀ ਹੈ, ਹੁਣ ਇਹ ਤੁਹਾਡੇ ਹੱਥ ਹੈ ਕਿ ਕੋਰੋਨਾਵਾਇਰਸ ਨੂੰ ਰੋਕਣ ਲਈ ਤੁਸੀਂ ਸਰਕਾਰ ਵਲੋਂ ਲਾਗੂ ਕੀਤੇ ਗਏ ਨਿਯਮਾਂ ਦੀ ਪਾਲਣਾ ਕਰਨੀ ਹੈ ਜਾਂ ਨਹੀਂ। ਜੇਕਰ ਤੁਹਾਨੂੰ ਜਾਂ ਕਿਸੇ ਪਰਿਵਾਰਕ ਮੈਂਬਰ ਵਿਚ ਇਸ ਦੇ ਲੱਛਣ ਦਿਖਾਈ ਦਿੰਦੇ ਹਨ, ਤਾਂ ਘਬਰਾਓ ਨਹੀਂ ਸਰਕਾਰ ਤੁਹਾਡੀ ਪੂਰੀ ਸਹਾਇਤਾ ਕਰ ਰਹੀ ਹੈ।
ਉੱਥੇ ਹੀ, ਵਿਸ਼ਵ ਸਿਹਤ ਸੰਗਠਨ ਨੇ ਰਾਸ਼ਟਰਾਂ ਨੂੰ ਚਿਤਾਵਨੀ ਦਿੰਦਿਆਂ ਇਹ ਵੀ ਕਿਹਾ ਹੈ ਕਿ ਕੋਰੋਨਾਵਾਇਰਸ ਮਹਾਂਮਾਰੀ ਸਪੱਸ਼ਟ ਤੌਰ ‘ਤੇ ਬਹੁਤ ਤੇਜ਼ੀ ਨਾਲ ਫੈਲ ਰਹੀ ਹੈ। ਉਨ੍ਹਾਂ ਕਿਹਾ ਕਿ ਪਹਿਲੇ ਮਾਮਲੇ ਤੋਂ 100,000 ਤੱਕ ਪੁੱਜਣ ਵਿਚ 67 ਦਿਨ ਲੱਗੇ। ਦੂਜੇ ਨਵੇਂ 1 ਲੱਖ ਮਾਮਲੇ ਸਾਹਮਣੇ ਆਉਣ ‘ਚ ਸਿਰਫ 11 ਦਿਨ ਲੱਗੇ ਅਤੇ ਤੀਜੇ 1 ਲੱਖ ਮਾਮਲੇ ਸਿਰਫ 4 ਦਿਨਾਂ ਵਿਚ ਹੀ ਸਾਹਮਣੇ ਆਏ ਹਨ। ਹਾਲਾਂਕਿ ਉਨ੍ਹਾਂ ਕਿਹਾ ਕਿ ਇਸ ਨੂੰ ਰੋਕਣਾ ਹੁਣ ਵੀ ਸੰਭਵ ਹੈ। ਸਾਨੂੰ ਸਭ ਨੂੰ ਸਮਝਦਾਰੀ ਤੇ ਜ਼ਿੰਮੇਵਾਰੀ ਨਾਲ ਚੱਲਣਾ ਹੋਵੇਗਾ।


Share