ਡਬਲਿਊ. ਐੱਚ.ਓ. ਦੇ ਕਾਰਜਕਾਰੀ ਬੋਰਡ ਦੇ ਚੇਅਰਮੈਨ ਬਣੇ ਡਾ. ਹਰਸ਼ਵਰਧਨ

567
Share

* ਕਿਹਾ, ‘ਕੋਰੋਨਾ ਦੇ ਇਲਾਜ ਲਈ 4 ਵੈਕਸੀਨ ਦੂਜੇ ਪੜਾਅ ‘ਚ’

ਨਵੀਂ ਦਿੱਲੀ, 27 ਮਈ (ਪੰਜਾਬ ਮੇਲ)-ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ, ਜਿਨ੍ਹਾਂ ਭਾਰਤ ‘ਚ ਕੋਰੋਨਾਵਾਇਰਸ ਖ਼ਿਲਾਫ਼ ਅੱਗੇ ਹੋ ਕੇ ਮੋਹਰੀ ਭੂਮਿਕਾ ਨਿਭਾਈ, ਨੇ ਵਿਸ਼ਵ ਸਿਹਤ ਸੰਗਠਨ (ਡਬਲਿਊ. ਐੱਚ.ਓ.) ਦੇ 34 ਮੈਂਬਰੀ ਕਾਰਜਕਾਰੀ ਬੋਰਡ ਦੇ ਚੇਅਰਮੈਨ ਦਾ ਅਹੁਦਾ ਸੰਭਾਲ ਲਿਆ ਹੈ। ਹਰਸ਼ਵਰਧਨ ਨੇ ਜਾਪਾਨ ਦੇ ਡਾ. ਹਿਰੋਕੀ ਨਾਕਾਤਨੀ ਦੀ ਜਗ੍ਹਾ ਲਈ ਹੈ। ਅਹੁਦਾ ਸੰਭਾਲਣ ਤੋਂ ਬਾਅਦ ਹਰਸ਼ਵਰਧਨ ਨੇ ਕੋਰੋਨਾਵਾਇਰਸ ਕਾਰਨ ਦੁਨੀਆਂ ਭਰ ‘ਚ ਹੋਈਆਂ ਮੌਤਾਂ ‘ਤੇ ਆਪਣੀ ਹਮਦਰਦੀ ਪ੍ਰਗਟ ਕੀਤੀ। ਵਿਸ਼ਵ ਸਿਹਤ ਸੰਗਠਨ ਦੇ ਕਾਰਜਕਾਰੀ ਬੋਰਡ ਦਾ ਚੇਅਰਮੈਨ ਚੁਣੇ ਜਾਣ ਤੋਂ ਬਾਅਦ ਆਪਣੇ ਸੰਬੋਧਨ ‘ਚ ਹਰਸ਼ਵਰਧਨ ਨੇ ਕਿਹਾ ਕਿ ਮਹਾਮਾਰੀ ਕਾਰਨ ਪੈਦਾ ਹੋਈ ਮੌਜੂਦਾ ਸਥਿਤੀ ਨਾਲ ਨਜਿੱਠਣ ਲਈ ਕੌਮਾਂਤਰੀ ਭਾਈਵਾਲੀ ਦੀ ਮਜ਼ਬੂਤੀ ਤੇ ਸਾਂਝੇ ਸਹਿਯੋਗ ਦੀ ਜ਼ਰੂਰਤ ਹੈ। ਜ਼ਿਕਰਯੋਗ ਹੈ ਕਿ ਕਾਰਜਕਾਰੀ ਬੋਰਡ ‘ਚ ਭਾਰਤ ਨੂੰ ਨੁਮਾਇੰਦਗੀ ਦੇਣ ਦੇ ਪ੍ਰਸਤਾਵ ‘ਤੇ ਵਿਸ਼ਵ ਸਿਹਤ ਅਸੈਂਬਲੀ ਦੇ 194 ਮੈਂਬਰਾਂ ਨੇ ਮੰਗਲਵਾਰ ਨੂੰ ਦਸਤਖਤ ਕੀਤੇ ਸਨ।
ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਨੇ ਕਿਹਾ ਹੈ ਕਿ ਦੇਸ਼ ‘ਚ ਤਾਲਾਬੰਦੀ ਸਹੀ ਸਮੇਂ ‘ਤੇ ਕੀਤੀ ਗਈ ਸੀ ਅਤੇ ਇਸ ਦੇ ਸਾਕਾਰਾਤਮਕ ਨਤੀਜੇ ਸਾਹਮਣੇ ਆ ਰਹੇ ਹਨ। ਕੇਂਦਰੀ ਸਿਹਤ ਮੰਤਰੀ ਨੇ ਕਿਹਾ ਕਿ ਦੇਸ਼ ‘ਚ ਤਾਲਾਬੰਦੀ ਕਰਨ ਦਾ ਫ਼ੈਸਲਾ ਸਹੀ ਸਮੇਂ ‘ਤੇ ਲਿਆ ਗਿਆ ਸੀ। ਕੁਝ ਦੇਸ਼ਾਂ ‘ਚ ਤਾਂ ਤਾਲਾਬੰਦੀ ਕਰਨ ਦਾ ਫ਼ੈਸਲਾ ਉਦੋਂ ਲਿਆ ਗਿਆ, ਜਦੋਂ ਸਥਿਤੀ ਕਾਬੂ ਤੋਂ ਬਾਹਰ ਹੋ ਗਈ। ਦੇਸ਼ ‘ਚ ਕੋਰੋਨਾਵਾਇਰਸ ਦੀ ਸਥਿਤੀ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਜੇਕਰ ਤਾਲਾਬੰਦੀ ਤੋਂ ਪਹਿਲਾਂ ਭਾਰਤ ‘ਚ ਕੋਰੋਨਾ ਦੇ ਮਾਮਲੇ ਦੁੱਗਣੇ ਹੋਣ ਦਾ ਸਮਾਂ 3-4 ਦਿਨ ਸੀ, ਉਹ ਹੁਣ ਵਧ ਕੇ 13 ਦਿਨ ਤੋਂ ਵੀ ਜ਼ਿਆਦਾ ਹੋ ਗਿਆ ਹੈ। ਤਾਲਾਬੰਦੀ ਅਤੇ ਇਸ ਦੇ ਦਿਸ਼ਾ-ਨਿਰਦੇਸ਼ਾਂ ਨੇ ਇਕ ਪ੍ਰਭਾਵੀ ‘ਸੋਸ਼ਲ ਵੈਕਸੀਨ’ ਦੀ ਤਰ੍ਹਾਂ ਕੰਮ ਕੀਤਾ ਹੈ। ਡਾ. ਹਰਸ਼ਵਰਧਨ ਨੇ ਕਿਹਾ ਕਿ ਦੇਸ਼ ‘ਚ ਕੋਰੋਨਾ ਵਾਇਰਸ ਦੇ ਇਲਾਜ ਲਈ 14 ਵੈਕਸੀਨਾਂ ‘ਚੋਂ ਚਾਰ ਦੂਜੇ ਪੜਾਅ ‘ਚ ਪ੍ਰਵੇਸ਼ ਕਰ ਸਕਦੀਆਂ ਹਨ।
ਸਿਹਤ ਮੰਤਰੀ ਨੇ ਕਿਹਾ ਕਿ ਪੂਰੀ ਦੁਨੀਆਂ ਕੋਰੋਨਾਵਾਇਰਸ ਦੇ ਇਲਾਜ ਲਈ ਖੋਜ ਕਰ ਰਹੀ ਹੈ ਅਤੇ 100 ਤੋਂ ਵੱਧ ਵੈਕਸੀਨ ਇਸ ਦੌੜ ‘ਚ ਸ਼ਾਮਲ ਹਨ। ਭਾਰਤ ‘ਚ ਵੀ 14 ਵੈਕਸੀਨ ‘ਤੇ ਕੰਮ ਕੀਤਾ ਜਾ ਰਿਹਾ ਹੈ ਅਤੇ ਇਹ ਅਜੇ ਵੱਖ-ਵੱਖ ਪੜਾਵਾਂ ‘ਤੇ ਹਨ।


Share