ਡਬਲਯੂ.ਐੱਚ.ਓ. ਵੱਲੋਂ ਹਾਈਡ੍ਰੋਕਸੀਕਲੋਰੋਕਵਿਨ ‘ਤੇ ਪ੍ਰੀਖਣ ਬੰਦ

681
Share

ਬਰਲਿਨ, 5 ਜੁਲਾਈ (ਪੰਜਾਬ ਮੇਲ)- ਵਿਸ਼ਵ ਸਿਹਤ ਸੰਗਠਨ (ਡਬਲਯੂ.ਐੱਚ.ਓ.) ਨੇ ਕਿਹਾ ਹੈ ਕਿ ਉਹ ਹਸਪਤਾਲ ਵਿਚ ਭਰਤੀ ਕੋਰੋਨਾਵਾਇਰਸ ਪੀੜਤ ਮਰੀਜ਼ਾਂ ਦੇ ਇਲਾਜ ਵਿਚ ਮਲੇਰੀਆ ਦੇ ਇਲਾਜ ਦੀ ਦਵਾਈ ਹਾਈਡ੍ਰੋਕਸੀਕਲੋਰੋਕਵਿਨ ਦੇ ਪ੍ਰਭਾਵੀ ਹੋਣ ਜਾਂ ਨਾ ਹੋਣ ਦੇ ਸੰਬੰਧ ਵਿਚ ਚੱਲ ਰਹੇ ਪ੍ਰੀਖਣ ਬੰਦ ਕਰ ਰਿਹਾ ਹੈ। ਡਬਲਯੂ.ਐੱਚ.ਓ. ਨੇ ਸ਼ਨੀਵਾਰ ਨੂੰ ਕਿਹਾ ਕਿ ਉਸ ਨੇ ਪਰੀਖਣ ਦੀ ਨਿਗਰਾਨੀ ਕਰ ਰਹੀ ਕਮੇਟੀ ਦੀ ਹਾਈਡ੍ਰੋਕਸੀਕਲੋਰੋਕਵਿਨ ਅਤੇ ਐੱਚ.ਆਈ.ਵੀ./ਏਡਜ਼ ਦੇ ਮਰੀਜ਼ਾਂ ਦੇ ਇਲਾਜ ਲਈ ਵਰਤੀ ਜਾਣ ਵਾਲੀ ਦਵਾਈ ਲੋਪਿਨਾਵਿਰ/ਰਿਟੋਨਾਵਿਰ ਦੇ ਪਰੀਖਣ ਨੂੰ ਰੋਕ ਦੇਣ ਦੀ ਸਿਫਾਰਿਸ਼ ਸਵੀਕਾਰ ਕਰ ਲਈ ਹੈ।
ਸੰਗਠਨ ਨੇ ਕਿਹਾ ਕਿ ਅੰਤਰਿਮ ਨਤੀਜੇ ਦਰਸਾਉਂਦੇ ਹਨ ਕਿ ਹਾਈਡ੍ਰੋਕਸੀਕਲੋਰੋਕਵਿਨ ਅਤੇ ਲੋਪਿਨਾਵਿਰ/ਰਿਟੋਨਾਵਿਰ ਦੇ ਵਰਤੋਂ ਨਾਲ ਹਸਪਤਾਲ ‘ਚ ਭਰਤੀ ਕੋਵਿਡ-19 ਦੇ ਮਰੀਜ਼ਾਂ ਦੀ ਮੌਤ ਦਰ ਵਿਚ ਕੋਈ ਕਮੀ ਨਹੀਂ ਆਈ ਜਾਂ ਮਾਮੂਲੀ ਕਮੀ ਆਈ। ਉਸ ਨੇ ਕਿਹਾ ਕਿ ਹਸਪਤਾਲ ‘ਚ ਭਰਤੀ ਜਿਹੜੇ ਮਰੀਜ਼ਾਂ ਨੂੰ ਇਹ ਦਵਾਈਆਂ ਦਿੱਤੀਆਂ ਗਈਆਂ, ਉਨ੍ਹਾਂ ਦੀ ਮੌਤ ਦਰ ਵਧਣ ਦਾ ਵੀ ਕੋਈ ਠੋਸ ਸਬੂਤ ਨਹੀਂ ਹੈ, ਉੱਥੇ ਇਸ ਨਾਲ ਜੁੜੇ ਪਰੀਖਣ ਦੇ ਕਲੀਨਿਕਲ ਲੈਬੋਰਟਰੀ ਨਤੀਜਿਆਂ ਵਿਚ ਇਸ ਨਾਲ ਜੁੜੇ ਸੁਰੱਖਿਆ ਸੰਬੰਧੀ ਕੁਝ ਸੰਕੇਤ ਮਿਲੇ ਹਨ। ਡਬਲਯੂ.ਐੱਚ.ਓ. ਨੇ ਕਿਹਾ ਕਿ ਇਹ ਫੈਸਲਾ ਉਨ੍ਹਾਂ ਮਰੀਜ਼ਾਂ ‘ਤੇ ਸੰਭਾਵਿਤ ਪ੍ਰੀਖਣ ਨੂੰ ਪ੍ਰਭਾਵਿਤ ਨਹੀਂ ਕਰੇਗਾ, ਜੋ ਹਸਪਤਾਲ ਵਿਚ ਭਰਤੀ ਨਹੀਂ ਹਨ ਜਾਂ ਕੋਰੋਨਾਵਾਇਰਸ ਦੇ ਸੰਪਰਕ ਵਿਚ ਆਉਣ ਦੇ ਖਦਸ਼ੇ ਤੋਂ ਪਹਿਲਾਂ ਜਾਂ ਉਸ ਦੇ ਕੁਝ ਹੀ ਦੇਰ ਬਾਅਦ ਦਵਾਈ ਲੈ ਰਹੇ ਹਨ।


Share