ਡਬਲਯੂ.ਐੱਚ.ਓ. ਵੱਲੋਂ ਯੂਰਪ ’ਚ ਵਧਦੇ ਕਰੋਨਾ ਦੇ ਮਾਮਲਿਆਂ ’ਤੇ ਚਿੰਤਾ ਜ਼ਾਹਿਰ

523
Share

ਕਿਹਾ; ਯੂਰਪ ’ਚ ਹੋ ਸਕਦੀਆਂ ਨੇ 5 ਲੱਖ ਹੋਰ ਮੌਤਾਂ
ਕੋਪਨਹੇਗਨ, (ਪੰਜਾਬ ਮੇਲ)-ਵਿਸ਼ਵ ਸਿਹਤ ਸੰਗਠਨ ਨੇ ਯੂਰਪ ’ਚ ਕੋਵਿਡ-19 ਇਨਫੈਕਸ਼ਨ ਦੇ ਮਾਮਲਿਆਂ ਦੀ ਵਧਦੀ ਗਿਣਤੀ ਨੂੰ ‘ਗੰਭੀਰ ਚਿੰਤਾ’ ਦਾ ਵਿਸ਼ਾ ਕਰਾਰ ਦਿੱਤਾ ਅਤੇ ਚਿਤਾਵਨੀ ਦਿੱਤੀ ਹੈ ਕਿ ਇਸ ਹਿੱਸੇ ’ਚ ਅਗਲੇ ਸਾਲ ਫਰਵਰੀ ਤੱਕ ਹੋਰ 5 ਲੱਖ ਲੋਕਾਂ ਦੀ ਮੌਤ ਹੋ ਸਕਦੀ ਹੈ। ਦੱਸ ਦੇਈਏ ਕਿ ਯੂਰਪੀਅਨ ਯੂਨੀਅਨ ਦੀ ਏਜੰਸੀ ਯੂਰਪੀਨ ਸੈਂਟਰ ਫਾਰ ਡਿਸੀਜ਼ ਪ੍ਰੀਵੈਂਸ਼ਨ ਐਂਡ ਕੰਟਰੋਲ (ਈ.ਸੀ.ਡੀ.ਸੀ.) ਮੁਤਾਬਕ, 4 ਨਵੰਬਰ ਤੱਕ ਵੱਖ-ਵੱਖ ਦੇਸ਼ਾਂ ਤੋਂ ਇਕੱਠੇ ਕੀਤੇ ਗਏ ਅੰਕੜਿਆਂ ਮੁਤਾਬਕ ਹੁਣ ਤੱਕ ਇਥੇ ਅੱਠ ਲੱਖ ਤੋਂ ਜ਼ਿਆਦਾ ਲੋਕਾਂ ਦੀ ਕੋਰੋਨਾ ਵਾਇਰਸ ਇਨਫੈਕਸ਼ਨ ਨਾਲ ਮੌਤ ਹੋ ਚੁੱਕੀ ਹੈ।
ਡਬਲਯੂ.ਐੱਚ.ਓ. ਦੀ ਯੂਰਪੀਅਨ ਇਕਾਈ ਦੇ ਡਾਇਰੈਕਟਰ ਹਾਂਸ ਕਲੂਜ ਨੇ ਇਕ ਪ੍ਰੈੱਸ ਕਾਨਫਰੰਸ ’ਚ ਕਿਹਾ ਕਿ ਯੂਰਪੀਅਨ ਖੇਤਰ ਦੇ 53 ਦੇਸ਼ਾਂ ’ਚ ਕੋਰੋਨਾ ਵਾਇਰਸ ਇਨਫੈਕਸ਼ਨ ਫੈਲਣ ਦੀ ਮੌਜੂਦਾ ਰਫਤਾਰ ਗੰਭੀਰ ਚਿੰਤਾ ਦਾ ਵਿਸ਼ਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਜੇਕਰ ਇਨਫੈਕਸ਼ਨ ਦੀ ਮੌਜੂਦਾ ਰਫ਼ਤਾਰ ਹੀ ਬਣੀ ਰਹੀ, ਤਾਂ ਅਗਲੇ ਸਾਲ ਫਰਵਰੀ ਤੱਕ ਇਥੇ ਕੋਵਿਡ-19 ਨਾਲ ਪੰਜ ਲੱਖ ਲੋਕਾਂ ਦੀ ਹੋਰ ਮੌਤ ਹੋ ਸਕਦੀ ਹੈ।
ਕਲੂਜ ਨੇ ਡੈੱਨਮਾਰਕ ਦੇ ਕੋਪੇਨਹੇਗਨ ’ਚ ਸਥਿਤ ਡਬਲਯੂ.ਐੱਚ.ਓ. ਯੂਰਪ ਦੇ ਹੈੱਡਕੁਆਰਟਰ ਤੋਂ ਪੱਤਰਕਾਰਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਅਸੀਂ ਮਹਾਮਾਰੀ ਦੇ ਦੁਬਾਰਾ ਵਧਣ ਦੇ ਇਕ ਹੋਰ ਮਹੱਤਵਪੂਰਨ ਬਿੰਦੂ ’ਤੇ ਹਾਂ। ਉਨ੍ਹਾਂ ਨੇ ਕਿਹਾ ਕਿ ਯੂਰਪ ਮਾਹਮਾਰੀ ਦੇ ਕੇਂਦਰ ’ਚ ਵਾਪਸ ਆ ਗਿਆ ਹੈ, ਜਿਥੇ ਅਸੀਂ ਇਕ ਸਾਲ ਪਹਿਲਾਂ ਸੀ। ਉਨ੍ਹਾਂ ਨੇ ਕਿਹਾ ਕਿ ਹੁਣ ਅੰਤਰ ਇਹ ਹੈ ਕਿ ਸਿਹਤ ਅਧਿਕਾਰੀ ਵਾਇਰਸ ਦੇ ਬਾਰੇ ’ਚ ਜਾਣਦੇ ਹਨ ਅਤੇ ਇਸ ਨਾਲ ਨਜਿੱਠਣ ਲਈ ਬਿਹਤਰ ਉਪਕਰਣ ਉਪਲੱਬਧ ਹੈ।

Share