ਡਬਲਯੂ.ਐੱਚ.ਓ. ਵੱਲੋਂ ਕਰੋਨਾ ਵੈਕਸੀਨ ਦੀ ਸਪਲਾਈ ਨੂੰ ਲੈ ਕੇ ਅਮੀਰ ਦੇਸ਼ਾਂ ਨੂੰ ਅਪੀਲ

157
Share

-ਕਿਹਾ: ਵੈਕਸੀਨ ਕੰਪਨੀਆਂ ਦੋ ਪੱਖੀ ਸੌਦੇ ਬੰਦ ਕਰਕੇ ਇਸ ਦੀ ਸਮਾਨ ਵੰਡ ’ਤੇ ਦੇਣ ਜ਼ੋਰ
-ਗਰੀਬ ਤੇ ਪਛੜੇ ਦੇਸ਼ਾਂ ਤੱਕ ਵੈਕਸੀਨ ਨੂੰ ਪਹੁੰਚਾਉਣ ’ਚ ਮਦਦ ਕਰਨ ਲਈ ਵੀ ਕਿਹਾ
ਮਾਸਕੋ, 10 ਜਨਵਰੀ (ਪੰਜਾਬ ਮੇਲ)- ਡਬਲਯੂ.ਐਚ.ਓ. ਨੇ ਕੋਰੋਨਾ ਵੈਕਸੀਨ ਦੀ ਸਪਲਾਈ ਨੂੰ ਲੈ ਕੇ ਅਮੀਰ ਦੇਸ਼ਾਂ ਦੀ ਖਿਚਾਈ ਕਰਦਿਆਂ ਗਰੀਬ ਤੇ ਸਭ ਤੋਂ ਜ਼ਿਆਦਾ ਪਛੜੇ ਹੋਏ ਦੇਸ਼ਾਂ ਤੱਕ ਇਸ ਵੈਕਸੀਨ ਨੂੰ ਪਹੁੰਚਾਉਣ ’ਚ ਮਦਦ ਕਰਨ ਲਈ ਕਿਹਾ ਹੈ। ਵਿਸ਼ਵ ਸਿਹਤ ਸੰਗਠਨ (ਡਬਲਯੂ.ਐਚ.ਓ.) ਦੇ ਪ੍ਰਮੁੱਖ ਟੇਡਰੋਸ ਅਦਾਨੋਮ ਗੇਬਰਿਏਸਸ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਵੈਕਸੀਨ ਨਿਰਮਾਤਾ ਕੰਪਨੀਆਂ ਅਤੇ ਅਮੀਰ ਦੇਸ਼ ਵੈਕਸੀਨ ਨੂੰ ਲੈ ਕੇ ਦੋ-ਪੱਖੀ ਸੌਦੇ ਕਰਨਾ ਬੰਦ ਕਰਣ ਅਤੇ ਜ਼ਿਆਦਾ ਤੋਂ ਜ਼ਿਆਦਾ ਵੈਕਸੀਨ ਬਣਾਉਣ ਅਤੇ ਇਸ ਦੀ ਸਮਾਨ ਵੰਡ ’ਤੇ ਜ਼ੋਰ ਦੇਣ।
ਸ਼੍ਰੀ ਗੇਬਰਿਏਸਸ ਨੇ ਜਿਨੇਵਾ ’ਚ ਪੱਤਰਕਾਰ ਸੰਮੇਲਨ ਵਿਚ ਕਿਹਾ, ‘ਡਬਲਯੂ.ਐਚ.ਓ. ਦੇ ਵੈਕਸੀਨ ਵੰਡ ਤੰਤਰ ‘ਕੋਵੈਕਸ’ ਨੇ ਵੈਕਸੀਨ ਦੀਆਂ 2 ਕਰੋੜ ਖੁਰਾਕਾਂ ਦਾ ਕੰਟਰੈਕਟ ਕੀਤਾ ਹੈ ਪਰ ਅਮੀਰ ਦੇਸ਼ ਦੋ-ਪੱਖੀ ਸੌਦੇ ਕਰਕੇ ਵੈਕਸੀਨ ਦੀ ਸਪਲਾਈ ਕਰ ਰਹੇ ਹਨ। ਮੈਂ ਉਨ੍ਹਾਂ ਦੇਸ਼ਾਂ ਨੂੰ ਅਪੀਲ ਕਰਦਾ ਹਾਂ, ਜਿਨ੍ਹਾਂ ਕੋਲ ਜ਼ਿਆਦਾ ਮਾਤਰਾ ’ਚ ਵੈਕਸੀਨ ਉਪਲੱਬਧ ਹੈ, ਉਹ ਤੁਰੰਤ ‘ਕੋਵੈਕਸ’ ਨੂੰ ਵੀ ਵੈਕਸੀਨ ਉਪਲੱਬਧ ਕਰਾਉਣ। ਹੁਣ ਤੱਕ 42 ਦੇਸ਼ਾਂ ਨੇ ਟੀਕਾਕਰਣ ਸ਼ੁਰੂ ਕਰ ਦਿੱਤਾ ਹੈ, ਜਿਨ੍ਹਾਂ ਵਿਚ 36 ਉਚ ਕਮਾਈ ਅਤੇ 6 ਘੱਟ ਕਮਾਈ ਵਾਲੇ ਦੇਸ਼ ਸ਼ਾਮਲ ਹਨ। ਅਮੀਰ ਦੇਸ਼ਾਂ ਨੇ ਸ਼ੁਰੂਆਤ ਵਿਚ ਹੀ ਕਈ ਟੀਕੇ ਖ਼ਰੀਦੇ ਹਨ। ਇਸ ਨਾਲ ਸੰਭਾਵਿਕ ਰੂਪ ਨਾਲ ਸਾਰਿਆਂ ਲਈ ਵੈਕਸੀਨ ਦੀ ਕੀਮਤ ਵੱਧ ਜਾਵੇਗੀ, ਜਿਸ ਨਾਲ ਸਭ ਤੋਂ ਗਰੀਬ ਅਤੇ ਪਛੜੇ ਦੇਸ਼ਾਂ ਨੂੰ ਵੈਕਸੀਨ ਨਹੀਂ ਮਿਲ ਸਕੇਗੀ।’

Share