ਡਬਲਯੂ.ਐੱਚ.ਓ. ਨੇ ਵਿਸ਼ਵ ਭਰ ’ਚ ਤੇਜ਼ੀ ਨਾਲ ਫੈਲ ਰਹੇ ਡੈਲਟਾ ਵੇਰੀਐਂਟ ’ਤੇ ਪ੍ਰਗਟਾਈ ਚਿੰਤਾ

199
Share

-85 ਦੇਸ਼ਾਂ ’ਚ ਮਾਮਲੇ ਆਏ ਸਾਹਮਣੇ
ਸੰਯੁਕਤ ਰਾਸ਼ਟਰ/ਜਿਨੇਵਾ, 29 ਜੂਨ (ਪੰਜਾਬ ਮੇਲ)- ਦੁਨੀਆਂ ਦੇ ਕਈ ਦੇਸ਼ਾਂ ’ਚ ਤੇਜ਼ੀ ਨਾਲ ਫੈਲ ਰਹੇ ਕੋਰੋਨਾਵਾਇਰਸ ਦੇ ਡੈਲਟਾ ਵੇਰੀਐਂਟ ’ਤੇ ਵਿਸ਼ਵ ਸਿਹਤ ਸੰਗਠਨ ਨੇ ਚਿੰਤਾ ਪ੍ਰਗਟਾਈ ਹੈ। ਉਥੇ ਹੀ ਯੂ.ਐੱਨ. ਮੁਖੀ ਐਂਟੋਨੀਓ ਗੁਟੇਰੇਸ ਨੇ ਵਿਸ਼ਵ ਪੱਧਰ ’ਤੇ ਟੀਕਾਕਰਨ ’ਚ ਤੇਜ਼ੀ ਲਿਆਉਣ ’ਤੇ ਜ਼ੋਰ ਦਿੱਤਾ ਹੈ। ਸੰਯੁਕਤ ਰਾਸ਼ਟਰ ਦੀ ਸਿਹਤ ਏਜੰਸੀ ਨੇ ਦੁਨੀਆਂ ਨੂੰ ਸਾਵਧਾਨ ਕਰਦੇ ਹੋਏ ਕਿਹਾ ਹੈ ਕਿ ਵਾਇਰਸ ਦੇ ਫੈਲਾਅ ਅਤੇ ਇਸ ਦੇ ਨਵੇਂ ਬਦਲਾਅ ’ਤੇ ਕਾਬੂ ਪਾਉਣਾ ਬੇਹੱਦ ਜ਼ਰੂਰੀ ਹੈ।
ਸੰਗਠਨ ਅਨੁਸਾਰ ਹੁਣ ਤੱਕ ਦੁਨੀਆਂ ਭਰ ’ਚ 2 ਅਰਬ 62 ਕਰੋੜ ਤੋਂ ਵੱਧ ਲੋਕਾਂ ਨੂੰ ਕੋਰੋਨਾ ਵੈਕਸੀਨ ਦੀ ਖ਼ੁਰਾਕ ਦਿੱਤੀ ਜਾ ਚੁੱਕੀ ਹੈ। ਸੰਗਠਨ ਵੱਲੋਂ ਇਸ ਡੈਲਟਾ ਵੇਰੀਐਂਟ ਨੂੰ ਸਭ ਤੋਂ ਵੱਧ ਤੇਜ਼ੀ ਨਾਲ ਫੈਲਣ ਵਾਲਾ ਦੱਸਿਆ ਗਿਆ ਹੈ। ਯੂ.ਐੱਨ. ਦੀ ਸਿਹਤ ਏਜੰਸੀ ਦੇ ਮੁੱਖੀ ਟੇਡਰੋਸ ਅਡਾਨੋਮ ਗੁਟੇਰੇਸ ਨੇ ਪੱਤਰਕਾਰ ਵਾਰਤਾ ਦੌਰਾਨ ਕਿਹਾ ਕਿ ਹੁਣ ਤੱਕ ਇਸਦੇ ਮਾਮਲੇ 85 ਦੇਸ਼ਾਂ ’ਚ ਸਾਹਮਣੇ ਆ ਚੁੱਕੇ ਹਨ।
ਡਬਲਯੂ.ਐੱਚ.ਓ. ਮੁਖੀ ਅਨੁਸਾਰ ਜਿਥੇ ਹਾਲੇ ਤੱਕ ਟੀਕਾਕਰਨ ਨਹੀਂ ਕੀਤਾ ਗਿਆ ਹੈ, ਉਥੇ ਇਸਦਾ ਫੈਲਾਅ ਵੱਧ ਤੇਜ਼ੀ ਨਾਲ ਹੋ ਰਿਹਾ ਹੈ। ਟੇਡਰੋਸ ਨੇ ਉਨ੍ਹਾਂ ਦੇਸ਼ਾਂ ’ਤੇ ਵੀ ਸਵਾਲ ਚੁੱਕਿਆ ਹੈ, ਜਿਥੇ ਜਨਤਕ ਸਿਹਤ ਤੇ ਸਮਾਜਿਕ ਉਪਾਵਾਂ ’ਚ ਢਿੱਲ ਵਰਤੀ ਗਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਸੰਕ੍ਰਮਣ ਇਸੀ ਤਰ੍ਹਾਂ ਵੱਧਦਾ ਰਿਹਾ ਤਾਂ ਫਿਰ ਤੋਂ ਸਿਹਤ ਸੇਵਾਵਾਂ ’ਤੇ ਜ਼ਬਰਦਸਤ ਬੋਝ ਵੱਧ ਜਾਵੇਗਾ। ਇਸਦੇ ਨਤੀਜੇ ਵੀ ਚੰਗੇ ਨਹੀਂ ਹੋਣਗੇ। ਅਜਿਹੇ ’ਚ ਸੰਕ੍ਰਮਣ ਨਾਲ ਮੌਤ ਦਾ ਵੀ ਜ਼ੋਖ਼ਿਮ ਵੱਧ ਹੋਵੇਗਾ। ਡਬਲਯੂ.ਐੱਚ.ਓ. ਮੁਖੀ ਨੇ ਇਹ ਵੀ ਸਾਫ਼ ਕੀਤਾ ਹੈ ਕਿ ਆਉਣ ਵਾਲੇ ਸਮੇਂ ’ਚ ਵੀ ਵਾਇਰਸ ਦੇ ਨਵੇਂ ਰੂਪ ਸਾਡੇ ਸਾਹਮਣੇ ਆਉਂਦੇ ਰਹਿਣਗੇ। ਇਹ ਵਾਇਰਸ ਦੀ ਪ੍ਰਕਿਰਤੀ ਹੁੰਦੀ ਹੈ। ਪਰ ਅਜਿਹਾ ਨਹੀਂ ਹੈ ਕਿ ਇਸ ’ਤੇ ਰੋਕ ਨਹੀਂ ਲਗਾਈ ਜਾ ਸਕਦੀ। ਇਸਦਾ ਸਿੱਧਾ ਜਿਹਾ ਨਿਯਮ ਹੈ ਕਿ ਨਾ ਜ਼ਿਆਦਾ ਬਾਹਰ ਨਿਕਲੋ ਅਤੇ ਨਾ ਹੀ ਇਸਦਾ ਫੈਲਾਅ ਵੱਧ ਹੋਵੇ। ਸੰਗਠਨ ਦੇ ਜਨਰਲ ਡਾਇਰੈਕਟਰ ਨੇ ਸਾਰੇ ਦੇਸ਼ਾਂ ਨੂੰ ਇਸਨੂੰ ਰੋਕਣ ਲਈ ਹਰ ਸੰਭਵ ਉਪਾਅ ਕਰਨ ਦੀ ਅਪੀਲ ਕੀਤੀ ਹੈ।

Share