ਡਬਲਯੂ.ਐੱਚ.ਓ. ਨੇ ਭਾਰਤ ਬਾਇਓਟੈਕ ਦੀ ਤਕਨੀਕੀ ਜਾਣਕਾਰੀ ’ਤੇ ਚੁੱਕੇ ਸਵਾਲ

650
Share

– ਕੋਵੈਕਸੀਨ ਨੂੰ ਮਾਨਤਾ ਮਿਲਣ ’ਚ ਹੋ ਸਕਦੀ ਹੈ ਦੇਰੀ
-ਵਿਦਿਆਰਥੀਆਂ ਦੇ ਪ੍ਰਭਾਵਿਤ ਹੋਣ ਦਾ ਖਦਸ਼ਾ
ਚੰਡੀਗੜ੍ਹ, 28 ਸਤੰਬਰ (ਪੰਜਾਬ ਮੇਲ)- ਕਰੋਨਾ ਦੀ ਰੋਕਥਾਮ ਲਈ ਟੀਕੇ ਕੋਵੈਕਸੀਨ ਨੂੰ ਕੌਮਾਂਤਰੀ ਪੱਧਰ ’ਤੇ ਮਾਨਤਾ ਮਿਲਣ ਵਿਚ ਹੋਰ ਦੇਰ ਹੋ ਸਕਦੀ ਹੈ। ਵਿਸ਼ਵ ਸਿਹਤ ਸੰਸਥਾ (ਡਬਲਯੂ.ਐੱਚ.ਓ.) ਨੇ ਭਾਰਤ ਬਾਇਓਟੈਕ ਤੋਂ ਇਸ ਸਬੰਧੀ ਜਵਾਬ ਮੰਗਿਆ ਹੈ ਤੇ ਇਸ ਦੀ ਤਕਨੀਕੀ ਜਾਣਕਾਰੀ ’ਤੇ ਵੀ ਸਵਾਲ ਉਠਾਏ ਹਨ। ਇਸ ਤੋਂ ਬਾਅਦ ਉਨ੍ਹਾਂ ਵਿਦੇਸ਼ ਜਾਣ ਵਾਲੇ ਵਿਦਿਆਰਥੀਆਂ ਨੂੰ ਹਾਲੇ ਹੋਰ ਇੰਤਜ਼ਾਰ ਕਰਨਾ ਪੈ ਸਕਦਾ ਹੈ, ਜਿਨ੍ਹਾਂ ਨੇ ਕਰੋਨਾ ਰੋਕੂ ਟੀਕਾ ਕੋਵੈਕਸੀਨ ਦੀਆਂ ਡੋਜ਼ ਲਈਆਂ ਹਨ। ਇਹ ਵੀ ਪਤਾ ਲੱਗਾ ਹੈ ਕਿ ਡਬਲਯੂ.ਐੱਚ.ਓ. ਨੇ ਭਾਰਤੀ ਕੰਪਨੀ ਤੋਂ ਨਵੇਂ ਸਿਰੇ ਤੋਂ ਜਾਣਕਾਰੀ ਮੰਗੀ ਹੈ। ਇਸ ਤੋਂ ਪਹਿਲਾਂ ਭਾਰਤ ਬਾਇਓਟੈਕ ਨੇ ਕਿਹਾ ਸੀ ਕਿ ਉਸ ਨੇ ਮਾਨਤਾ ਲੈਣ ਲਈ ਸਾਰੇ ਅੰਕੜੇ ਮੁਹੱਈਆ ਕਰਵਾ ਦਿੱਤੇ ਹਨ। ਜ਼ਿਕਰਯੋਗ ਹੈ ਕਿ ਐਮਰਜੈਂਸੀ ਯੂਜ਼ ਆਥੋਰਾਈਜੇਸ਼ਨ ਤੋਂ ਬਿਨਾਂ ਕੋਵੈਕਸੀਨ ਨੂੰ ਦੁਨੀਆਂ ਭਰ ਦੇ ਜ਼ਿਆਦਾਤਰ ਦੇਸ਼ਾਂ ਵਲੋਂ ਮਾਨਤਾ ਨਹੀਂ ਮਿਲੇਗੀ। ਇਸ ਤੋਂ ਪਹਿਲਾਂ ਕੇਂਦਰ ਨੇ ਕਿਹਾ ਸੀ ਕਿ ਡਬਲਯੂ.ਐੱਚ.ਓ. ਕੋਵੈਕਸੀਨ ਨੂੰ ਜਲਦੀ ਹੀ ਮਨਜ਼ੂਰੀ ਦੇ ਸਕਦਾ ਹੈ। ਇਸ ਤੋਂ ਇਲਾਵਾ ਬਰਤਾਨੀਆ ਨੇ ਵੀ ਕੋਵੀਸ਼ੀਲਡ ਟੀਕਿਆਂ ਨੂੰ ਮਾਨਤਾ ਤਾਂ ਦੇ ਦਿੱਤੀ ਹੈ ਪਰ ਭਾਰਤ ਵਾਸੀਆਂ ਲਈ ਕੁਝ ਸ਼ਰਤਾਂ ਰੱਖ ਦਿੱਤੀਆਂ ਹਨ। ਨਵੇਂ ਨਿਯਮਾਂ ਮੁਤਾਬਿਕ ਕੋਵੀਸ਼ੀਲਡ ਵੈਕਸੀਨ ਦੀ ਦੋਵੇਂ ਡੋਜ਼ ਲਵਾ ਚੁੱਕੇ ਭਾਰਤੀਆਂ ਨੂੰ ਇੰਗਲੈਂਡ ਪੁੱਜਣ ’ਤੇ ਵੀ 10 ਦਿਨ ਦਾ ਇਕਾਂਤਵਾਸ ਜ਼ਰੂਰੀ ਕੀਤਾ ਗਿਆ ਹੈ ਤੇ ਟੈਸਟ ਵੀ ਕਰਵਾਉਣੇ ਪੈਣਗੇ, ਜਿਸ ਦਾ ਭਾਰਤ ਵਾਸੀਆਂ ਵਲੋਂ ਵਿਰੋਧ ਕੀਤਾ ਜਾ ਰਿਹਾ ਹੈ।

Share