ਡਬਲਯੂ.ਐੱਚ.ਓ. ਦੀ ਚਿਤਾਵਨੀ: ਮੌਸਮੀ ਬਿਮਾਰੀ ਨਹੀਂ ਹੈ ਕੋਰੋਨਾਵਾਇਰਸ!

252
Share

-ਮੌਸਮ ਬਦਲਣ ਨਹੀਂ ਹੋਵੇਗਾ ਘੱਟ
ਜੈਨੇਵਾ, 29 ਜੁਲਾਈ (ਪੰਜਾਬ ਮੇਲ)- ਕੋਰੋਨਾਵਾਇਰਸ ‘ਤੇ ਵਿਸ਼ਵ ਸਿਹਤ ਸੰਗਠਨ (ਡਬਲਊ.ਐੱਚ.ਓ.) ਨੇ ਇਕ ਵਾਰ ਫਿਰ ਲੋਕਾਂ ਨੂੰ ਸਾਵਧਾਨ ਕੀਤਾ ਹੈ। ਡਬਲਊ.ਐੱਚ.ਓ. ਦਾ ਕਹਿਣਾ ਹੈ ਕਿ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਗਲਤਫਹਿਮੀ ਵਿਚ ਨਹੀਂ ਰਹਿਣਾ ਚਾਹੀਦਾ ਕਿ ਕੋਰੋਨਾਵਾਇਰਸ ਇਕ ਮੌਸਮੀ ਬੀਮਾਰੀ ਹੈ, ਜੋ ਮੌਸਮ ਦੇ ਬਦਲਣ ਦੇ ਨਾਲ ਘੱਟ ਹੋ ਜਾਵੇਗੀ। ਵਿਸ਼ਵ ਸਿਹਤ ਸੰਗਠਨ ਦੀ ਬੁਲਾਰਨ ਮਾਰਗਰੇਟ ਹੈਰਿਸ ਨੇ ਇਕ ਵਰਚੁਅਲ ਬ੍ਰੀਫਿੰਗ ‘ਚ ਕਿਹਾ ਕਿ ਕੋਰੋਨਾਵਾਇਰਸ ਮਹਾਮਾਰੀ ਇਕ ਵੱਡੀ ਲਹਿਰ ਹੈ। ਹੈਰਿਸ ਨੇ ਉੱਤਰੀ ਹਿੱਸੇ ਵਿਚ ਗਰਮੀ ਦੇ ਮੌਸਮ ਵਿਚ ਇਸ ਵਾਇਰਸ ਸਬੰਧੀ ਕਿਸੇ ਵੀ ਤਰ੍ਹਾਂ ਦੀ ਲਾਪ੍ਰਵਾਹੀ ਨਾ ਵਰਤਣ ਦੀ ਚੇਤਾਵਨੀ ਦਿੱਤੀ ਹੈ। ਹੈਰਿਸ ਨੇ ਕਿਹਾ ਕਿ ਕੋਰੋਨਾਵਾਇਰਸ ਕਿਸੇ ਆਮ ਇਨਫਲੂਏਂਜਾ ਮਤਲਬ ਫਲੂ ਦੀ ਤਰ੍ਹਾਂ ਨਹੀਂ ਹੈ, ਜੋ ਮੌਸਮ ਬਦਲਣ ਦੇ ਨਾਲ ਘੱਟ ਹੋ ਜਾਵੇਗਾ।
ਡਬਲਊ.ਐੱਚ.ਓ. ਨੇ ਅਧਿਕਾਰੀਆਂ ਨੇ ਹਾਂਗਕਾਂਗ ਵਿਚ ਕੋਰੋਨਾਵਾਇਰਸ ਦੇ ਦੁਬਾਰਾ ਵੱਧ ਰਹੇ ਮਾਮਲਿਆਂ ਸਬੰਧੀ ਚਿੰਤਾ ਜ਼ਾਹਰ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਵਾਇਰਸ ਇਨਸਾਨਾਂ ਦੇ ਕੰਟਰੋਲ ਤੋਂ ਬਾਹਰ ਹੈ, ਭਾਵੇਂਕਿ ਅਸੀਂ ਇਕੱਠੇ ਮਿਲ ਕੇ ਇਸ ਨੂੰ ਫੈਲਣ ਤੋਂ ਰੋਕ ਸਕਦੇ ਹਾਂ। ਹੈਰਿਸ ਨੇ ਕਿਹਾ ਕਿ ਅਸੀਂ ਹਾਲੇ ਕੋਰੋਨਾਵਾਇਰਸ ਦੀ ਪਹਿਲੀ ਲਹਿਰ ਨਾਲ ਜੂਝ ਰਹੇ ਹਾਂ। ਇਹ ਇਕ ਵੱਡੀ ਲਹਿਰ ਬਣਨ ਵਾਲੀ ਹੈ, ਜੋ ਉੱਪਰ-ਹੇਠਾਂ ਜਾ ਰਹੀ ਹੈ ਪਰ ਸਭ ਤੋਂ ਚੰਗੀ ਗੱਲ ਇਹ ਹੈ ਕਿ ਅਸੀਂ ਇਸ ਕਰਵ ਨੂੰ ਫਲੈਟ ਕਰ ਸਕਦੇ ਹਾਂ।
ਗਰਮੀ ਦੇ ਮੌਸਮ ‘ਚ ਅਮਰੀਕਾ ਵਿਚ ਕੋਰੋਨਾ ਦੇ ਵੱਧਦੇ ਮਾਮਲਿਆਂ ਵੱਲ ਇਸ਼ਾਰਾ ਕਰਦਿਆਂ ਹੈਰਿਸ ਨੇ ਕਿਹਾ ਕਿ ਸਾਨੂੰ ਜ਼ਿਆਦਾ ਸਾਵਧਾਨ ਅਤੇ ਸੁਰੱਖਿਆ ਦੇ ਨਿਯਮਾਂ ਦਾ ਪਾਲਣ ਕਰਨ ਦੀ ਲੋੜ ਹੈ। ਉਨ੍ਹਾਂ ਨੇ ਲੋਕਾਂ ਨੂੰ ਇਕੱਠੇ ਨਾ ਹੋਣ ਦੀ ਵੀ ਚੇਤਾਵਨੀ ਦਿੱਤੀ। ਹੈਰਿਸ ਨੇ ਕਿਹਾ ਕਿ ਲੋਕ ਹਾਲੇ ਵੀ ਇਸ ਨੂੰ ਮੌਸਮੀ ਬੀਮਾਰੀ ਦੀ ਤਰ੍ਹਾਂ ਦੇਖ ਰਹੇ ਹਨ। ਸਾਨੂੰ ਸਾਰਿਆਂ ਨੂੰ ਇਹ ਸਮਝਣ ਦੀ ਲੋੜ ਹੈ ਕਿ ਇਹ ਇਕ ਨਵਾਂ ਵਾਇਰਸ ਹੈ, ਜੋ ਵੱਖਰੇ ਢੰਗ ਨਾਲ ਵਿਵਹਾਰ ਕਰ ਰਿਹਾ ਹੈ ਅਤੇ ਇਹ ਵਾਇਰਸ ਹਰ ਮੌਸਮ ‘ਚ ਰਹਿਣ ਵਾਲਾ ਹੈ। ਹੈਰਿਸ ਨੇ ਲੋਕਾਂ ਨੂੰ ਫਲੂ ਦੀ ਵੈਕਸੀਨ ਲਗਵਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਜੇਕਰ ਤੁਹਾਨੂੰ ਪਹਿਲਾਂ ਤੋਂ ਹੀ ਸਾਹ ਦੀ ਬੀਮਾਰੀ ਹੈ, ਤਾਂ ਇਹ ਤੁਹਾਡੀ ਸਿਹਤ ਲਈ ਹੋਰ ਖਤਰਨਾਕ ਸਾਬਤ ਹੋ ਸਕਦਾ ਹੈ। ਇਸ ਲਈ ਅਜਿਹੇ ਲੋਕਾਂ ਨੂੰ ਜ਼ਿਆਦਾ ਸਾਵਧਾਨ ਰਹਿਣ ਦੀ ਲੋੜ ਹੈ।


Share