ਠੰਢ ਤੋਂ ਬਚਾਉਣ ਲਈ ਦਿੱਲੀ ਵਿਖੇ ਕਿਸਾਨਾਂ ਨੂੰ ਬਣਾਈ ਟੈਂਟ ਸਿਟੀ

547
Share

ਨਵੀਂ ਦਿਲੀ, 19 ਦਸੰਬਰ (ਪੰਜਾਬ ਮੇਲ)- ਦਿੱਲੀ ਵਿਖੇ ਕਿਸਾਨਾਂ ਦੇ ਚਲ ਰਹੇ ਸੰਘਰਸ਼ ਦੌਰਾਨ ਕਿਸਾਨਾਂ ਨੂੰ ਠੰਢ ਤੋਂ ਬਚਾਉਣ ਲਈ ਸਿੰਘੂ ਬਾਰਡਰ ‘ਤੇ ਟੈਂਟ ਸਿਟੀ ਬਣਾ ਕੇ ਦਿੱਤੀ ਗਈ ਹੈ। ਇਹ ਇਸ ਲਈ ਵੀ ਕੀਤਾ ਗਿਆ ਹੈ ਕਿਉਂਕਿ ਕੜਾਕੇ ਦੀ ਸਰਦੀ ਵਿਚ ਦਿੱਲੀ ਮੋਰਚੇ ਵਿਚ ਡਟੇ ਹੋਏ ਕਿਸਾਨਾਂ ਦੀ ਲਗਾਤਾਰ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਰਹੀ ਹੈ। ਉਂਝ ਭਾਵੇਂ ਬਹੁਤੇ ਕਿਸਾਨਾਂ ਨੇ ਆਪਣੇ ਟਰੈਕਟਰ-ਟਰਾਲੀਆਂ ਨੂੰ ਕਮਰੇ ਦਾ ਰੂਪ ਦਿੱਤਾ ਹੋਇਆ ਹੈ ਪਰ ਬਹੁਤੇ ਲੋਕ ਅਜਿਹੇ ਹਨ ਜਿਹੜੇ ਰੇਲ ਗੱਡੀਆਂ ਰਾਹੀ ਦਿੱਲੀ ਸੰਘਰਸ਼ ਵਿਚ ਪੁੱਜੇ ਹੋਏ ਹਨ। ਅਜਿਹੇ ਕਿਸਾਨਾਂ-ਮਜ਼ਦੂਰਾਂ ਨੂੰ ਠੰਡ ਵਿਚ ਸੌਣਾ ਪੈ ਰਿਹਾ ਹੈ। ਇਹ ਸ਼ੁੱਭ ਕਾਰਜ ਹੇਮਕੁੰਟ ਫਾਊਂਡੇਸ਼ਨ ਨੇ ਸਿਰੇ ਲਾਇਆ ਹੈ, ਉਨ੍ਹਾਂ ਨੇ ਪੈਟਰੋਲ ਪੰਪ ਵਾਲੀ ਜਗ੍ਹਾ ‘ਤੇ ਟੈਂਟ ਸਿਟੀ ਬਣਾ ਦਿੱਤੀ ਹੈ।

ਇਥੇ ਦਸਣਯੋਗ ਹੈ ਕਿ ਟੈਂਟ ਹਾਊਸ ਵਿਚ ਕਰੀਬ ਪੰਜ ਸੌ ਕਿਸਾਨ ਰਾਤਾਂ ਗੁਜ਼ਾਰ ਰਹੇ ਹਨ। ਇਸ ਤੋਂ ਇਲਾਵਾ ਕਿਸਾਨਾਂ ਲਈ ਗਦੇਲੇ ਤੇ ਗਰਮ ਕੰਬਲਾਂ ਦਾ ਇੰਤਜ਼ਾਮ ਕੀਤਾ ਹੈ। ਪਹਿਲੀ ਸ਼੍ਰੇਣੀ ਦੇ ਛੋਟੇ ਟੈਂਟ ਹਾਊਸ ਵਿਚ 2, ਇਸ ਤੋਂ ਵੱਡੇ ਵਿਚ 3 ਤੇ ਇਸ ਤੋਂ ਵੱਡੇ ਟੈਂਟ ਹਾਊਸ ਵਿਚ 6 ਵਿਅਕਤੀ ਬੜੇ ਅਰਾਮ ਨਾਲ ਸੌਂ ਸਕਦੇ ਹਨ। ਇਹ ਟੈਂਟ ਵਾਟਰ ਪਰੂਫ਼ ਹੋਣ ਕਰ ਕੇ ਬਾਰਸ਼ ਵਿਚ ਵੀ ਪੂਰੀ ਤਰ੍ਹਾਂ ਕੰਮ ਕਰਦੇ ਹਨ। ਜਿ਼ਕਰਯੋਗ ਹੈ ਕਿ ਬਾਰਡਰ ਨੇੜੇ ਸਤਿੰਦਰ ਪੈਟਰੋਲ ਪੰਪ ਦੇ ਮਾਲਕ ਨੇ ਜਗ੍ਹਾ ਦਿੱਤੀ ਹੈ ਜਿਸ ਵਿਚ ਇਹ ਟੈਂਟ ਸਿਟੀ ਬਣਾਈ ਗਈ ਹੈ। ਇਸ ਤਰ੍ਹਾਂ ਕਰ ਕੇ ਹਰ ਕੋਈ ਕਿਸਾਨਾਂ ਦੇ ਹੱਕ ਵਿਚ ਭੁਗਤ ਰਿਹਾ ਹੈ।


Share