ਸੈਕਰਾਮੈਂਟੋ, 26 ਜਨਵਰੀ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਹੋਸਟਨ (ਹੈਰਿਸ ਕਾਊਂਟੀ) ਵਿਚ ਇਕ ਟਰੈਫਿਕ ਸਟਾਪ ’ਤੇ ਇਕ ਟੋਇਟਾ ਅਵਾਲੋਨ ਗੱਡੀ ਦੇ ਡਰਾਈਵਰ ਨੇ ਗੋਲੀਆਂ ਮਾਰ ਕੇ ਡਿਪਟੀ ਕਾਂਸਟੇਬਲ ਦੀ ਹੱਤਿਆ ਕਰ ਦਿੱਤੀ ਤੇ ਬਾਅਦ ਵਿਚ ਫਰਾਰ ਹੋ ਗਿਆ। ਮਾਰੇ ਗਏ ਡਿਪਟੀ ਕਾਂਸਟੇਬਲ ਦੀ ਪਛਾਣ ਚਾਰਲਸ ਗਾਲੋਵੇ (47) ਵਜੋਂ ਹੋਈ ਹੈ। ਇਹ ਜਾਣਕਾਰੀ ਪੁਲਿਸ ਮੁਖੀ ਟਰਾਏ ਫਿਨਰ ਨੇ ਪੱਤਰਕਾਰਾਂ ਨੂੰ ਦਿੱਤੀ ਹੈ। ਮੌਕੇ ਦੇ ਗਵਾਹਾਂ ਅਨੁਸਾਰ ਸ਼ੱਕੀ ਹਮਲਾਵਰ ਹਿਸਪੈਨਿਕ ਮਰਦ ਸੀ, ਜਿਸ ਨੇ ਆਪਣੀ ਗੱਡੀ ਵਿਚੋਂ ਨਿਕਲ ਕੇ ਚਾਰਲਸ ਦੇ ਕਈ ਗੋਲੀਆਂ ਮਾਰੀਆਂ ਤੇ ਫਰਾਰ ਹੋ ਗਿਆ। ਉਸ ਕੋਲ ਅਸਾਲਟ ਰਾਈਫਲ ਵਰਗਾ ਹੱਥਿਆਰ ਸੀ।

ਫਿਨਰ ਨੇ ਕਿਹਾ ਕਿ ਟੋਇਟਾ ਗੱਡੀ ਦੇ ਡਰਾਈਵਰ ਦੀ ਪਛਾਣ ਓਸਕਾਰ ਰੋਸਾਲਸ (51) ਵਜੋਂ ਕੀਤੀ ਗਈ ਹੈ ਤੇ ਪੁਲਿਸ ਉਸ ਦੀ ਭਾਲ ਕਰ ਰਹੀ ਹੈ। ਫਿਨਰ ਨੇ ਕਿਹਾ ਕਿ ਗੋਲੀਬਾਰੀ ਦੀ ਵੀਡੀਓ ਮਿਲ ਗਈ ਹੈ, ਜੋ ਗੋਲੀਬਾਰੀ ਦਾ ਪੁਖਤਾ ਸਬੂਤ ਹੈ। ਰੋਸਾਲਸ ਦੀ ਗਿ੍ਰਫਤਾਰੀ ’ਚ ਮਦਦ ਕਰਨ ਲਈ ਪੁਲਿਸ ਨੇ 60,000 ਡਾਲਰ ਇਨਾਮ ਦੇਣ ਦਾ ਐਲਾਨ ਕੀਤਾ ਹੈ। ਪੁਲਿਸ ਮੁਖੀ ਨੇ ਕਿਹਾ ਹੈ ਕਿ ਰੋਸਾਲਸ ਹਥਿਆਰਬੰਦ ਹੈ ਤੇ ਉਹ ਹੋਰਨਾਂ ਲਈ ਵੀ ਖਤਰਾ ਹੈ। ਗਿ੍ਰਫਤਾਰੀ ਤੋਂ ਬਚਣ ਲਈ ਉਹ ਆਪਣਾ ਭੇਸ ਵੀ ਬਦਲ ਸਕਦਾ ਹੈ। ਪੁਲਿਸ ਨੇ ਉਸ ਦੀ ਟੋਇਟਾ ਅਵਾਲੋਨ ਗੱਡੀ ਕਬਜ਼ੇ ਵਿਚ ਲੈ ਲਈ ਹੈ। ਪੁਲਿਸ ਨੇ ਰੋਸਾਲਸ ਦੇ ਦੋ ਰਿਸ਼ਤੇਦਾਰਾਂ ਨੂੰ ਹਿਰਾਸਤ ਵਿਚ ਲਿਆ ਹੈ, ਜਿਨ੍ਹਾਂ ਉਪਰ ਸਬੂਤਾਂ ਨਾਲ ਛੇੜਛਾੜ ਕਰਨ ਦੇ ਦੋਸ਼ ਲਾਏ ਗਏ ਹਨ।