ਟੋਰਾਂਟੋ ਪੁਲਿਸ ਨੇ ਫੜੀ 61 ਮਿਲੀਅਨ ਡਾਲਰ ਡਰੱਗ ਦੀ ਸਭ ਤੋਂ ਵੱਡੀ ਖੇਪ

557
Share

ਟੋਰਾਂਟੋ, 23 ਜੂਨ (ਪੰਜਾਬ ਮੇਲ)- ਕੈਨੇਡਾ ਦੇ ਸਭ ਤੋਂ ਵੱਡੇ ਸ਼ਹਿਰ ਟੋਰਾਂਟੋ ਦੇ ਇਤਿਹਾਸ ’ਚ ਪੁਲਿਸ ਨੇ ਇਕ ਹਜ਼ਾਰ ਕਿਲੋ ਦੇ ਕਰੀਬ ਰਿਕਾਰਡਤੋੜ ਡਰੱਗ ਫੜੀ ਹੈ, ਜਿਸ ਦੀ ਕੀਮਤ 61 ਮਿਲੀਅਨ ਡਾਲਰ ਤੋਂ ਵੀ ਜ਼ਿਆਦਾ ਦੱਸੀ ਜਾ ਰਹੀ ਹੈ। ਪੁਲਿਸ ਵਲੋਂ ਪਿਛਲੇ ਸੱਤ ਮਹੀਨਿਆਂ ਦੌਰਾਨ ਨਵੰਬਰ ਤੋਂ ਲੈ ਕੇ ਮਈ ਤੱਕ ਇਕ ਅਪਰੇਸ਼ਨ ਕਰਕੇ ਡਰੱਗ ਦੀ ਸਭ ਤੋਂ ਵੱਡੀ ਖੇਪ ਫੜੀ ਹੈ। ਇਹ ਡਰੱਗ ਮੈਕਸੀਕੋ ਤੋਂ ਕੈਲੀਫੋਰਨੀਆ ਤੇ ਉਸ ਤੋਂ ਅੱਗੇ ਟੋਰਾਂਟੋ ਤੱਕ ਲਿਆਂਦੀ ਗਈ। ਇਸ ਲਈ ਟਰੈਕਟਰ ਟਰਾਲੀਆਂ ਦੀ ਵਰਤੋਂ ਕੀਤੀ ਦੱਸੀ ਜਾ ਰਹੀ ਹੈ। ਪੁਲਿਸ ਅਨੁਸਾਰ 96 ਲੱਖ 60 ਹਜ਼ਾਰ 220 ਕੈਨੇਡੀਅਨ ਡਾਲਰ ਨਗਦ ਬਰਾਮਦ ਕੀਤੇ ਹਨ।
ਪੁਲਿਸ ਵਲੋਂ ‘‘ਪ੍ਰੋਜੈਕਟ ਬਰੀਸਾ’’ ਅਧੀਨ ਵੱਖ-ਵੱਖ ਥਾਵਾਂ ’ਤੇ ਛਾਪੇ ਮਾਰ ਕੇ ਫੜੀ ਗਈ ਡਰੱਗ ’ਚ ਸਾਢੇ 4 ਕੁਇੰਟਲ ਕੁਕੀਨ ਤੇ 2 ਕੁਇੰਟਲ ਦੇ ਕਰੀਬ ਕ੍ਰਿਸਟਲ ਮੈਥ, 427 ਕਿਲੋ ਮੈਰਾਵਾਨਾ ਤੇ 300 ਦੇ ਕਰੀਬ ਨਸ਼ੇ ਦੀਆਂ ਗੋਲੀਆਂ ਬਰਾਮਦ ਕੀਤੀਆਂ ਹਨ। 20 ਦੇ ਕਰੀਬ ਗ੍ਰਿਫਤਾਰ ਵਿਅਕਤੀਆਂ ’ਚ ਦਰਜਨ ਦੇ ਕਰੀਬ ਪੰਜਾਬੀ ਸ਼ਾਮਲ ਹਨ, ਜਿਨ੍ਹਾਂ ਵਿਚ ਬਰੈਂਪਟਨ ਤੋਂ 37 ਸਾਲਾ ਗੁਰਬਖਸ਼ ਸਿੰਘ, ਕੈਲੇਡਨ ਤੋਂ ਹਰਬਲਜੀਤ ਸਿੰਘ, ਕੈਲੇਡਨ ਤੋਂ ਅਮਰਬੀਰ ਸਿੰਘ ਤੇ 43 ਸਾਲਾ ਹਰਵਿੰਦਰ ਕੌਰ, ਕਿਚਨਰ ਤੋਂ 37 ਸਾਲਾ ਸਰਜੈਂਟ ਸਿੰਘ, ਤੇ 26 ਸਾਲਾ ਹਰਵੀਰ ਸਿੰਘ ਤੇ 26 ਸਾਲਾ ਗੁਰਮਨਪ੍ਰੀਤ ਸਿੰਘ, ਬਰੈਂਪਟਨ ਤੋਂ 33 ਸਾਲਾ ਪਰਮਿੰਦਰ ਸਿੰਘ ਤੇ 37 ਸਾਲਾ ਸੁਖਵੰਤ ਸਿੰਘ, ਟੋਰਾਂਟੋ ਤੋਂ 28 ਸਾਲਾ ਰਿਆਨ ਅਤੇ 23 ਸਾਲਾ ਜੈਮਿਨ, ਸਰੀ ਤੋਂ 43 ਸਾਲਾ ਜੈਸਨਹਿੱਲ, ਟਰਾਂਟੋ ਤੋਂ ਡੈਮੋ 23 ਸਾਲਾ, ਵਾਅਨ ਤੋਂ 28 ਸਾਲਾ ਹਾਈਸਾ ਤੇ ਟਰਾਂਟੋ ਤੋਂ 43 ਸਾਲਾ ਹਨੀਬ ਜਮਾਲ ਤੇ 28 ਸਾਲਾ ਜੀ ਹੂੰਗ ਤੇ ਨਦੀਮ ਲੀਲਾ, 65 ਸਾਲਾ ਜੂਸਫ ਲੀਲਾ ਅਤੇ 65 ਸਾਲਾ ਐਂਡਰੋ ਵਿਲੀਅਮ ਗ੍ਰਿਫਤਾਰ ਕੀਤੇ ਗਏ ਹਨ। ਪੁਲਿਸ ਅਨੁਸਾਰ ਦੋ ਜਣੇ ਅਜੇ ਵੀ ਫਰਾਰ ਦੱਸੇ ਜਾ ਰਹੇ ਹਨ।
ਨਸ਼ਿਆਂ ਦੀ ਇਸ ਵੱਡੀ ਖੇਪ ਨੂੰ ਬਰਾਮਦ ਕਰਨ ਲਈ ਪੁਲਿਸ ਨੇ 35 ਥਾਵਾਂ ’ਤੇ ਛਾਪੇ ਮਾਰ ਕੇ ਇਸ ਗੈਂਗ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਪੁਲਿਸ ਅਜੇ ਵੀ ਇਸ ਫੜੀ ਡਰੱਗ ਬਾਰੇ ਹੋਰ ਵੀ ਜਾਂਚ ਕਰ ਰਹੀ ਹੈ। ਇਹ ਵੀ ਪਤਾ ਚੱਲਿਆ ਹੈ ਕਿ ਗ੍ਰਿਫਤਾਰ ਵਿਅਕਤੀਆਂ ਨੂੰ ਅਦਾਲਤ ’ਚ ਪੇਸ਼ ਕੀਤਾ ਗਿਆ ਤੇ ਉਨ੍ਹਾਂ ਦੀ ਅਗਲੀ ਤਾਰੀਖ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਸਕੀ। ਟੋਰਾਂਟੋ ਪੁਲਿਸ ਨੇ ਹੋਰ ਸ਼ਹਿਰਾਂ ਦੀ ਪੁਲਿਸ ਨਾਲ ਮਿਲ ਕੇ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਨੂੰ ਨੇਪਰੇ ਚਾੜਿ੍ਹਆ। ਪੁਲਿਸ ਹੁਣ ਅਮਰੀਕਾ ਤੇ ਮੈਕਸੀਕੋ ਦੀ ਪੁਲਿਸ ਨਾਲ ਮਿਲ ਕੇ ਵੀ ਏਨੀ ਵੱਡੀ ਮਾਤਰਾ ’ਚ ਫੜੀ ਡਰੱਗ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ। ਪੁਲਿਸ ਅਨੁਸਾਰ ਟਰੈਕਟਰ ਟਰੇਲਰਾਂ ਰਾਹੀਂ ਇਹ ਡਰੱਗ ਕੈਲੇਫੋਰਨੀਆ ਤੋਂ ਓਨਟਾਰੀਓ ਦੇ ਵੱਖ-ਵੱਖ ਸ਼ਹਿਰਾਂ ’ਚ ਲਿਆਂਦੀ ਗਈ। ਇਹ ਡਰੱਗ ਓਨਟਾਰੀਓ ਬਾਰਡਰ ਰਾਹੀਂ ਲਿਆਂਦੀ ਗਈ।
ਡਰੱਗ ਸੁਕੈਡ ਦੇ ਐਕਟਿੰਗ ਇੰਸਪੈਕਟਰ ਸਟੀਵ ਵਾਟਸ ਨੇ ਦੱਸਿਆ ਕਿ ਡਰੱਗ ਨੂੰ ਲਿਆਉਣ ਲਈ ਵਰਤੇ ਖਾਨਿਆਂ ਨੂੰ ਲੱਭਣਾ ਬੜਾ ਮੁਸ਼ਕਲ ਕੰਮ ਸੀ ਅਤੇ ਇਹ ਐਕਸਰੇ ਵਿਚ ਵੀ ਨਹੀਂ ਸੀ ਆ ਰਹੇ। ਪੁਲਿਸ ਦੇ ਖੋਜਕਾਰਾਂ ਨੇ ਦੋਸ਼ ਲਾਇਆ ਹੈ ਕਿ ਇਹ ਖਾਨੇ ਬ੍ਰਿਟਿਸ਼ ਕੋਲੰਬੀਆ ਦੇ 43 ਸਾਲਾ ਵਿਅਕਤੀ ਵਲੋਂ ਬਣਾਏ ਗਏ ਸਨ, ਜਿਸ ਨੂੰ ਵੀ ਹੋਰਨਾਂ ਦੇ ਨਾਲ ਚਾਰਜ ਕੀਤਾ ਗਿਆ ਹੈ। ਮਈ ਮਹੀਨੇ ਪੁਲਿਸ ਨੇ 35 ਥਾਵਾਂ ’ਤੇ ਜਿਨ੍ਹਾਂ ਵਿਚ ਸਾਰਨੀਆ, ਲੰਡਨ, ਗੁਲਫ, ਕਿਚਨਰ, ਮਾਂਟਰੀਅਲ, ਹੈਲੀਫੈਕਸ, ਸਰੀ, ਕੈਲਗਰੀ ਅਤੇ ਵਿਨੀਪੈਗ ’ਚ ਸਰਚ ਵਾਰੰਟ ਲੈ ਕੇ ਛਾਪੇ ਮਾਰੇ ਤੇ ਉਪਰੋਕਤ ਡਰੱਗ ਫੜੀ ਗਈ। ਟਰੈਕਟਰ ਟਰੇਲਰਾਂ ਤੋਂ ਇਲਾਵਾਂ ਕਈ ਹੋਰ ਗੱਡੀਆਂ ਵਿਚ ਵੀ ਜਿਨ੍ਹਾਂ ਵਿਚ ਮਰਸੀਡੀ, ਜੀ ਵੈਗਨ ਫੜੀਆਂ ਹਨ। ਇਕ ਹੈਂਡਗਨ ਵੀ ਫੜੀ ਗਈ ਹੈ। ਟੋਰਾਂਟੋ ਪੁਲਿਸ ਦੇ ਮੁਖੀ ਜਿਮ ਰੈਮਰ ਦਾ ਕਹਿਣਾ ਹੈ ਕਿ ਕਈ ਟਰੈਕਟਰ ਟਰੇਲਰਾਂ ਤੇ ਹੋਰ ਗੱਡੀਆਂ ’ਚ ਡਰੱਗ ਲਿਆਉਣ ਲਈ ਸਪੈਸ਼ਲ ਖਾਨੇ ਬਣਾਏ ਗਏ ਸਨ। ਗ੍ਰਿਫਤਾਰ ਵਿਅਕਤੀਆਂ ਤੇ 182 ਕ੍ਰਿਮੀਨਲ ਚਾਰਜ ਲਗਾਏ ਗਏ ਹਨ।
ਵੱਡੀ ਤਦਾਦ ’ਚ ਟੋਰਾਂਟੋ ਪੁਲਿਸ ਵਲੋਂ ਡਰੱਗ ਦੇ ਧੰਦੇ ’ਚ ਪਏ ਇਸ ਵੱਡੇ ਰੈਕਟ ਦਾ ਪਰਦਾਫਾਸ਼ ਕਰਨ ਲਈ ਆਰ.ਸੀ.ਐੱਮ., ਓ.ਪੀ.ਪੀ., ਯੌਰਕ ਰਿਜਨ ਪੁਲਿਸ, ਮਾਂਟਰੀਅਲ ਪੁਲਿਸ ਤੇ ਕਈ ਹੋਰ ਸੂਬਿਆਂ ਤੇ ਕੈਨੇਡਾ ਸਰਕਾਰ ਦੀਆਂ ਏਜੰਸੀਆਂ ਦੀ ਮਦਦ ਲਈ ਗਈ।


Share