ਟੋਰਾਂਟੋ ਤੋਂ ਪੰਜਾਬ ਦਾ ਹਵਾਈ ਸਫਰ ਹੋਵੇਗਾ ਸੁਖਾਲਾ: ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦਾ ਦਾਅਵਾ

974
Share

-ਟੋਰਾਂਟੋ ਤੋਂ ਅੰਮ੍ਰਿਤਸਰ, ਪੰਜਾਬ ਸਫਰ ਕਰਨ ਵਾਲਿਆਂ ਲਈ ਖੁਸ਼ਖਬਰੀ
-ਕਤਰ ਏਅਰਵੇਜ ਵਲੋਂ ਦੋਹਾ-ਟੋਰਾਂਟੋ ਸਿੱਧੀ ਉਡਾਣ ਸ਼ੁਰੂ।
ਅੰਮ੍ਰਿਤਸਰ, 6 ਜੁਲਾਈ (ਪੰਜਾਬ ਮੇਲ)- ਕੈਨੇਡਾ ਵਸੇ ਪੰਜਾਬੀਆਂ ਲਈ ਇਕ ਚੰਗੀ ਖਬਰ ਹੈ ਕਿ ਟੋਰਾਂਟੋ ਅਤੇ ਅੰਮ੍ਰਿਤਸਰ, ਪੰਜਾਬ ਦਰਮਿਆਨ ਹਵਾਈ ਸਫਰ, ਅੰਤਰਰਾਸ਼ਟਰੀ ਉਡਾਣਾਂ ਮੁੜ ਸ਼ੁਰੂ ਹੋਣ ਤੋਂ ਬਾਦ ਸੁਖਾਲਾ ਹੋ ਜਾਵੇਗਾ। ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ (ਅਭਿਆਨ) ਨੇ ਕਤਰ ਏਅਰਵੇਜ ਵਲੋਂ ਦੋਹਾ ਤੋਂ ਟੋਰਾਂਟੋ ਲਈ 4 ਜੁਲਾਈ ਤੋਂ ਹਫਤਾਵਾਰੀ ਤਿੰਨ ਸਿੱਧੀਆਂ ਉਡਾਣਾਂ ਦੇ ਸ਼ੁਰੂ ਹੋਣ ਦਾ ਸਵਾਗਤ ਕੀਤਾ ਹੈ। ਕੈਨੇਡਾ ਤੋਂ ਇਨੀਸ਼ੀਏਟਿਵ ਦੇ ਉੱਤਰੀ ਅਮਰੀਕਾ ਦੇ ਕਨਵੀਨਰ, ਅਨੰਤਦੀਪ ਸਿੰਘ ਢਿੱਲੋਂ ਨੇ ਪ੍ਰੈੱਸ ਨੂੰ ਜਾਰੀ ਇਕ ਬਿਆਨ ‘ਚ ਦੱਸਿਆ ਕਿ ਕਤਰ ਏਅਰ ਵਲੋਂ ਦੋਹਾ-ਟੋਰਾਂਟੋ ਸਿੱਧੀ ਉਡਾਣ ਸ਼ੁਰੂ ਕੀਤੇ ਜਾਣ ਨਾਲ ਪੰਜਾਬੀਆਂ ਨੂੰ ਵੀ ਰਾਹਤ ਮਿਲੇਗੀ, ਕਿਉਂਕਿ ਅੰਮ੍ਰਿਤਸਰ ਅੰਤਰਰਾਸ਼ਟਰੀ ਉਡਾਣਾਂ ਸ਼ੁਰੂ ਹੋਣ ਤੋਂ ਬਾਦ ਦੋਹਾ ਰਾਹੀਂ ਟੋਰਾਂਟੋ ਨਾਲ ਜੁੜ ਜਾਵੇਗਾ।

ਅਨੰਤਦੀਪ ਸਿੰਘ ਢਿੱਲੋਂ

ਢਿੱਲੋਂ ਨੇ ਦੱਸਿਆ, ”ਕਤਰ ਏਅਰਵੇਜ਼ ਦੀਆਂ ਪਹਿਲਾਂ ਤੋਂ ਹੀ ਦੋਹਾ ਅਤੇ ਅੰਮ੍ਰਿਤਸਰ ਦਰਮਿਆਨ ਰੋਜ਼ਾਨਾ ਸਿੱਧੀਆਂ ਹਨ। ਦੋਹਾ ਰਾਹੀਂ ਪੰਜਾਬੀ ਉੱਤਰੀ ਅਮਰੀਕਾ ਦੇ ਤਕਰੀਬਨ ਨੌਂ ਹਵਾਈ ਅੱਡਿਆਂ ਨਾਲ ਸਿੱਧੇ ਜੁੜੇ ਹੋਏ ਹਨ, ਜਿਨ੍ਹਾਂ ਵਿਚ ਕੈਨੇਡਾ ਦੇ ਮਾਂਟਰੀਅਲ ਲਈ ਚਾਰ ਹਫ਼ਤਾਵਾਰੀ ਉਡਾਣਾਂ ਸ਼ਾਮਲ ਹਨ। ਦੋਹਾ-ਟੋਰਾਂਟੋ ਦਰਮਿਆਨ ਸ਼ੁਰੂ ਹੋਈ ਇਸ ਉਡਾਣ ਦਾ ਸਮਾਂ ਇਹ ਦਰਸਾਉਂਦਾ ਹੈ ਕਿ ਪੰਜਾਬੀ ਸਿਰਫ 3 ਘੰਟੇ 45 ਮਿੰਟ ਦੇ ਇੰਤਜ਼ਾਰ ਤੋਂ ਬਾਦ ਦੋਹਾ ਤੋਂ ਟੋਰਾਂਟੋ ਜਾਂ ਅੰਮ੍ਰਿਤਸਰ ਲਈ ਉਡਾਣ ਲੈ ਸਕਣਗੇ। ਕੈਨੇਡਾ ਦੇ ਟੋਰਾਂਟੋ, ਵੈਨਕੂਵਰ, ਕੈਲਗਰੀ ਦੇ ਆਸ-ਪਾਸ ਪੰਜਾਬੀਆਂ ਦੀ ਵੱਡੀ ਗਿਣਤੀ ਵੱਸੀ ਹੋਈ ਹੈ। ਉਹ ਅੰਮ੍ਰਿਤਸਰ ਤੋਂ ਇਨ੍ਹਾਂ ਸ਼ਹਿਰਾਂ ਲਈ ਸਿੱਧੀਆਂ ਉਡਾਣਾਂ ਨਾ ਹੋਣ ਕਾਰਨ ਦਿੱਲੀ ਰਾਹੀਂ ਯਾਤਰਾ ਕਰਨ ਲਈ ਮਜਬੂਰ ਹਨ। ਕਤਰ ਏਅਰਵੇਜ਼ ਦੁਆਰਾ ਇਸ ਨਵੇਂ ਰੂਟ ਦੇ ਸ਼ੁਰੂ ਹੋਣ ਨਾਲ, ਅੰਮ੍ਰਿਤਸਰ ਦੀਆਂ ਸੱਤ ਹਫਤਾਵਾਰੀ ਉਡਾਣਾਂ ਦੋਹਾ ਰਾਹੀਂ ਕੈਨੇਡਾ ਜਾਣਗੀਆਂ।”
ਪੰਜਾਬ ਤੋਂ ਹਰ ਸਾਲ ਹਜ਼ਾਰਾਂ ਵਿਦਿਆਰਥੀ ਪੜ੍ਹਾਈ ਲਈ ਕੈਨੇਡਾ ਆ ਰਹੇ ਹਨ, ਜਦੋਂਕਿ ਇਸ ਸਮੇਂ ਕੈਨੇਡਾ ਵਿਚ ਵਸਦੇ ਹਜ਼ਾਰਾਂ ਪ੍ਰਵਾਸੀ ਹਰ ਸਾਲ ਪੰਜਾਬ ਆਉਂਦੇ ਹਨ। ਉਨ੍ਹਾਂ ਦੇ ਮੌਜੂਦਾ ਵਿਕਲਪ ਅੰਮ੍ਰਿਤਸਰ ਤੋਂ ਦਿੱਲੀ ਰਾਹੀਂ ਉਡਾਣਾਂ, ਜਾਂ ਸੜਕ ਅਤੇ ਰੇਲ ਰਾਹੀਂ ਪੰਜਾਬ ਤੋਂ ਦਿੱਲੀ ਜਾ ਕੇ ਕੈਨੇਡਾ ਲਈ ਉਡਾਣਾਂ ਹਨ। ਇੱਥੋਂ ਤੱਕ ਕਿ ਏਅਰ ਇੰਡੀਆ ਅਤੇ ਏਅਰ ਕੈਨੇਡਾ ਦੁਆਰਾ ਸਿੱਧੀਆਂ ਦਿੱਲੀ-ਟੋਰਾਂਟੋ ਉਡਾਣਾਂ ਨਾਲ ਵੀ, ਖਿੱਤੇ ਦੇ ਯਾਤਰੀਆਂ ਨੂੰ ਦਿੱਲੀ ਦੇ ਰਸਤੇ ਯਾਤਰਾ ਕਰਨ ਵਿਚ ਬਹੁਤ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸ ਵਿਚ ਇਮੀਗ੍ਰੇਸ਼ਨ, ਲੰਬੇ ਸਮੇਂ ਤੱਕ ਅੰਮ੍ਰਿਤਸਰ ਲਈ ਉਡਾਣ ਦਾ ਇੰਤਜ਼ਾਰ ਕਰਨਾ ਅਤੇ ਸਮਾਨ ਦਾ ਮੁੜ ਤੋਂ ਜਮਾਂ ਕਰਵਾਉਣਾ ਹੈ। ਕਤਰ ਏਅਰਵੇਜ਼ ਦੀ ਇਹ ਨਵੀਂ ਉਡਾਣ ਹੁਣ ਮਾਂਟਰੀਅਲ ਦੇ ਨਾਲ-ਨਾਲ ਟੋਰਾਂਟੋ ਲਈ ਵੀ ਬਹੁਤ ਹੀ ਸੁਵਿਧਾਜਨਕ ਸੰਪਰਕ ਪ੍ਰਦਾਨ ਕਰੇਗੀ ਅਤੇ ਹਜ਼ਾਰਾਂ ਲੋਕਾਂ ਲਈ ਪੰਜਾਬ ਤੋਂ ਹਵਾਈ ਸਫਰ ਸੁਖਾਲਾ ਹੋ ਜਾਵੇਗਾ।

ਸਮੀਪ ਸਿੰਘ ਗੁਮਟਾਲਾ

ਫਲਾਈ ਅੰਮ੍ਰਿਤਸਰ ਦੇ ਗਲੋਬਲ ਕਨਵੀਨਰ, ਸਮੀਪ ਸਿੰਘ ਗੁਮਟਾਲਾ ਨੇ ਦੱਸਿਆ, ”ਕਤਰ ਏਅਰਵੇਜ਼ ਨੇ ਅਪ੍ਰੈਲ-ਮਈ ਦੇ ਮਹੀਨੇ ਵਿਚ ਇਕੱਲੇ ਅੰਮ੍ਰਿ੍ਰਤਸਰ ਹਵਾਈ ਅੱਡੇ ਤੋਂ ਵੱਡੀ ਗਿਣਤੀ ਵਿਚ ਲਗਭਗ 8000 ਕੈਨੇਡੀਅਨ ਨਾਗਰਿਕਾਂ ਨੂੰ ਵਾਪਸ ਭੇਜਣ ਲਈ ਕੈਨੇਡਾ ਸਰਕਾਰ ਨਾਲ ਮਿਲ ਕੇ ਕੰਮ ਕੀਤਾ ਹੈ। ਇਹ ਗਿਣਤੀ ਕਤਰ ਏਅਰ ਵਲੋਂ ਪੂਰੀ ਦੁਨੀਆਂ ਤੋਂ ਵਾਪਸ ਘਰ ਲਿਆਂਦੇ ਗਏ ਤਕਰੀਬਰ 16000 ਕੈਨੇਡੀਅਨ ਨਾਗਰਿਕਾਂ ਦੀ ਕੁੱਲ ਗਿਣਤੀ ਦਾ ਅੱਧ ਹੈ, ਜੋ ਸੁਰੱਖਿਅਤ ਘਰ ਵਾਪਸ ਪਰਤੇ ਹਨ। ਏਅਰ ਲਾਈਨ ਨੇ ਅੰਮ੍ਰਿਤਸਰ ਤੋਂ ਦੋਹਾ ਰਾਹੀਂ ਟੋਰਾਂਟੋ, ਵੈਨਕੂਵਰ ਅਤੇ ਮਾਂਟਰੀਅਲ ਲਈ ਲਗਭਗ 20 ਚਾਰਟਰਡ ਉਡਾਨਾਂ ਦਾ ਸੰਚਾਲਨ ਕੀਤਾ।”
ਉਨ੍ਹਾਂ ਇਹ ਵੀ ਕਿਹਾ ਕਿ ”ਹੁਣ ਸਮਾਂ ਆ ਗਿਆ ਹੈ ਕਿ ਵਿਸ਼ਵ ਦੀਆਂ ਪ੍ਰਮੁੱਖ ਹਵਾਈ ਕੰਪਨੀਆਂ, ਟੋਰਾਂਟੋ, ਵੈਨਕੂਵਰ ਅਤੇ ਲੰਡਨ ਜਿਹੀਆਂ ਥਾਵਾਂ ਲਈ ਅੰਮ੍ਰਿਤਸਰ ਹਵਾਈ ਅੱਡੇ ਦੀ ਅਸਲ ਮਹੱਤਤਾ ਨੂੰ ਜਾਣਦੇ ਹੋਏ ਨੇੜ ਭਵਿੱਖ ਵਿਚ ਅੰਮ੍ਰਿਤਸਰ ਲਈ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਬਾਰੇ ਵਿਚਾਰ ਕਰਨਗੀਆਂ। ਫਲਾਈ ਅੰਮ੍ਰਿਤਰ ਦੀਆਂ ਉਡਾਣਾਂ ਲਈ ਚੱਲ ਰਹੀਆਂ ਕੋਸ਼ਿਸ਼ਾਂ ਇੱਥੇ ਹੀ ਖਤਮ ਨਹੀਂ ਹੁੰਦੀਆਂ। ਅਸੀਂ ਨਿਰੰਤਰ ਪੱਤਰ ਲਿਖਦੇ ਆ ਰਹੇ ਹਾਂ ਅਤੇ ਭਵਿੱਖ ਵਿਚ ਵੀ ਲ਼ਿਖਦੇ ਰਹਾਂਗੇ। ਟੋਰਾਂਟੋ, ਵੈਨਕੂਵਰ, ਕੈਲਗਰੀ ਸਮੇਤ ਕਈ ਥਾਵਾਂ ਤੋਂ ਅੰਮ੍ਰਿਤਸਰ ਨਾਲ ਸੁਵਿਧਾਜਨਕ ਸੰਪਰਕ ਲਈ ਵੱਖ-ਵੱਖ ਰਾਸ਼ਟਰੀ, ਖੇਤਰੀ ਅਤੇ ਅੰਤਰਰਾਸ਼ਟਰੀ ਪਲੇਟਫਾਰਮਾਂ ਤੇ ਕਈ ਏਅਰਲਾਈਨਾਂ ਨਾਲ ਮੀਟਿੰਗਾਂ ਕਰਦੇ ਹਾਂ।
ਆਪਣੀ ਵੈੱਬਸਾਈਟ ‘ਤੇ ਕਤਰ ਏਅਰਵੇਜ਼ ਸਮੂਹ ਦੇ ਮੁੱਖ ਕਾਰਜਕਾਰੀ ਅਕਬਰ ਅਲ ਬੇਕਰ ਨੇ ਹਾਲ ਹੀ ਵਿਚ ਜਾਰੀ ਇਕ ਬਿਆਨ ‘ਚ ਕਿਹਾ, ”ਇਨ੍ਹਾਂ ਮੁਸ਼ਕਲ ਸਮਿਆਂ ‘ਚ ਹਵਾਈ ਯਾਤਰੀ ਇਕ ਅਜਿਹੀ ਏਅਰ ਲਾਈਨ ਦੀ ਭਾਲ ਕਰ ਰਹੇ ਹਨ, ਜਿਸ ‘ਤੇ ਉਹ ਭਰੋਸਾ ਕਰ ਸਕਦੇ ਹਨ। ਅਸੀਂ ਇਸ ਸੰਕਟ ਦੇ ਸਮੇਂ ਕੈਨੇਡਾ ਸਰਕਾਰ ਅਤੇ ਦੁਨੀਆਂ ਭਰ ਦੇ ਕੈਨੇਡਾ ਦੇ ਦੂਤਘਰਾਂ ਨਾਲ ਮਿਲ ਕੇ ਕੰਮ ਕੀਤਾ ਹੈ, ਜਿਸ ਨਾਲ ਮਾਂਟਰੀਅਲ, ਟੋਰਾਂਟੋ ਅਤੇ ਵੈਨਕੂਵਰ ਲਈ ਵਿਸ਼ੇਸ਼ ਚਾਰਟਰ ਉਡਾਣਾਂ ਰਾਹੀਂ 16,000 ਤੋਂ ਵੱਧ ਕੈਨੇਡੀਅਨਾਂ ਨੂੰ ਸੁਰੱਖਿਅਤ ਘਰ ਲਿਆਇਆ ਗਿਆ।”
ਕਤਰ ਏਅਰਵੇਜ਼ ਦੀ ਟੋਰਾਂਟੋ ਦੇ ਪੀਅਰਸਨ ਹਵਾਈ ਵਿਖੇ 4 ਜੁਲਾਈ, 2020 ਦੀ ਦੁਪਹਿਰ ਨੂੰ ਪਹਿਲੀ ਵਪਾਰਕ ਉਡਾਣ ਪਹੁੰਚੀ। ਇਸ ਰੂਟ ‘ਤੇ ਏਅਰਬੱਸ ਏ350-900 ਦੇ ਜਹਾਜ, ਜਿਸ ਵਿਚ ਬਿਜ਼ਨਸ ਕਲਾਸ ਵਿਚ 36 ਸੀਟਾਂ ਅਤੇ ਇਕਾਨੋਮੀ ਕਲਾਸ ਵਿਚ 247 ਸੀਟਾਂ ਦੀ ਵਰਤੋਂ ਕੀਤੀ ਜਾਵੇਗੀ। ਕਤਰ ਏਅਰਵੇਜ਼ ਮਾਂਟਰੀਆਲ ਲਈ ਹਫਤਾਵਾਰੀ ਚਾਰ ਉਡਾਣਾਂ ਚਲਾ ਰਹੀ ਸੀ, ਜਦੋਂਕਿ ਉਨ੍ਹਾਂ ਨੂੰ ਦੋਵਾਂ ਮੁਲਕਾਂ ਦਰਮਿਆਨ ਹਵਾਈ ਸਮਝੌਤਿਆਂ ‘ਚ ਅੜਿੱਕੇ ਕਾਰਨ ਕੈਨੇਡਾ ਦੇ ਹੋਰ ਹਵਾਈ ਅੱਡਿਆਂ ਲਈ ਸਿੱਧੀਆਂ ਉਡਾਣਾਂ ਸ਼ੁਰੂ ਕਰਨ ‘ਤੇ ਰੋਕ ਸੀ। ਇਨ੍ਹਾਂ ਸਮਝੌਤਿਆਂ ਵਿਚ ਬਦਲਾਵ ਦੇ ਕਾਰਨ ਹੀ ਇਹ ਉਡਾਣਾਂ ਸ਼ੁਰੂ ਹੋ ਰਹੀਆਂ ਹਨ। ਦੂਜੇ ਪਾਸੇ, ਕਤਰ ਦੇ ਅੰਮ੍ਰਿਤਸਰ ਲਈ ਭਾਰਤ ਸਰਕਾਰ ਨਾਲ ਹੋਏ ਹਵਾਈ ਸਮਝੌਤੇ ਯਾਤਰੀਆਂ ਦੀ ਗਿਣਤੀ ਨਾ ਵਧਾਉਣ ‘ਤੇ ਅਸਰ ਪਾਉਂਦੇ ਹਨ। ਜੇਕਰ ਭਾਰਤ ਸਰਕਾਰ ਉਨ੍ਹਾਂ ਨੂੰ ਅੰਮ੍ਰਿਤਸਰ ਲਈ ਹਰ ਹਫਤੇ ਜ਼ਿਆਦਾ ਯਾਤਰੀ ਲਿਆਉਣ ਦੀ ਇਜਾਜ਼ਤ ਦੇਣ ਤਾਂ ਉਹ 179 ਸਵਾਰੀਆਂ ਨਾਲੋਂ ਵੀ ਵੱਡਾ ਜਹਾਜ਼ ਲਿਆ ਸਕਦੇ ਹਨ।


Share