ਟੋਰਾਂਟੋ ’ਚ ਸੜਕ ਹਾਦਸੇ ਦੌਰਾਨ ਪੰਜਾਬੀ ਮੁਟਿਆਰ ਦੀ ਮੌਤ

59
ਟੋਰਾਂਟੋ, 18 ਅਕਤੂਬਰ (ਪੰਜਾਬ ਮੇਲ)- ਟੋਰਾਂਟੋ ਨੇੜਲੇ ਸ਼ਹਿਰ ਮਿਸੀਸਾਗਾ ਵਿਖੇ ਪੈਦਲ ਜਾ ਰਹੀ ਨਵਨੀਤ ਕੌਰ ਦੀ ਇਕ ਵਾਹਨ ਨਾਲ ਟੱਕਰ ’ਚ ਮੌਤ ਹੋ ਜਾਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ। ਪੀਲ ਰੀਜਨਲ ਪੁਲਿਸ ਅਨੁਸਾਰ ਵੀਰਵਾਰ ਸਵੇਰੇ ਮਿਸੀਸਾਗਾ ਵਿਚ ਇੱਕ ਹਿੱਟ ਐਂਡ ਰਨ ਹਾਦਸੇ ਵਿਚ ਨਵਨੀਤ ਕੌਰ ਬਿਲਿੰਗ (20) ਦੀ ਮੌਤ ਹੋ ਗਈ। ਪੁਲਿਸ ਅਨੁਸਾਰ ਉਨ੍ਹਾਂ ਨੂੰ ਸਵੇਰੇ 5:35 ਵਜੇ ਇੱਕ ਫੋਨ ਆਇਆ ਕਿ ਟੋਮਕੇਨ ਅਤੇ ਬਿ੍ਰਟਾਨੀਆ ਰੋਡ ’ਤੇ ਕਿਸੇ ਵਾਹਨ ਨੇ ਕੁੜੀ ਨੂੰ ਟੱਕਰ ਮਾਰ ਦਿੱਤੀ ਹੈ।
ਪੁਲਿਸ ਅਨੁਸਾਰ ਹਸਪਤਾਲ ਲਿਜਾਂਦੇ ਸਮੇਂ ਨਵਨੀਤ ਦੀ ਮੌਤ ਹੋ ਗਈ। ਪੁਲਿਸ ਮੁਤਾਬਕ ਡਰਾਈਵਰ ਦੀ ਕਾਰ ਟੋਮਕੇਨ ਰੋਡ ’ਤੇ ਦੱਖਣ ਵੱਲ ਜਾ ਰਹੀ ਸੀ। ਅਜੇ ਤੱਕ ਸ਼ੱਕੀ ਵਿਅਕਤੀ ਜਾਂ ਕਾਰ ਦਾ ਵੇਰਵਾ ਨਹੀਂ ਮਿਲਿਆ ਹੈ। ਜਾਂਚ ਦੌਰਾਨ ਪੁਲਿਸ ਨੇ ਬਿ੍ਰਟਾਨੀਆ ਰੋਡ ’ਤੇ ਟੋਮਕੇਨ ਰੋਡ ਨੂੰ ਦੋਵੇਂ ਪਾਸੇ ਪੂਰੀ ਤਰ੍ਹਾਂ ਬੰਦ ਕਰ ਦਿੱਤਾ। ਮਿਲੀ ਜਾਣਕਾਰੀ ਅਨੁਸਾਰ ਘਟਨਾ ਵਾਲੀ ਸਵੇਰ ਨੂੰ ਨਵਨੀਤ ਸਾਢੇ ਕੁ ਪੰਜ ਵਜੇ ਫੈਕਟਰੀ ’ਚ ਕੰਮ ’ਤੇ ਜਾ ਰਹੀ ਸੀ ਪਰ ਸੜਕ ਪਾਰ ਕਰਦਿਆਂ ਉਹ ਇਕ ਗੱਡੀ ਦੀ ਲਪੇਟ ’ਚ ਆ ਗਈ ਅਤੇ ਮੌਤ ਦਾ ਸ਼ਿਕਾਰ ਹੋ ਗਈ। ਘਟਨਾ ਤੋਂ ਬਾਅਦ ਡਰਾਈਵਰ ਮੌਕੇ ਤੋਂ ਗੱਡੀ ਸਮੇਤ ਫਰਾਰ ਹੋ ਗਿਆ। ਪੁਲਿਸ ਵਲੋਂ ਉਸ ਦੀ ਭਾਲ ਕੀਤੀ ਜਾ ਰਹੀ ਹੈ। ਇਸ ਸਾਲ ਦੌਰਾਨ ਬਰੈਂਪਟਨ ਅਤੇ ਮਿਸੀਸਾਗਾ ’ਚ ਸੜਕ ਪਾਰ ਕਰਦਿਆਂ ਲਗਭਗ ਦਰਜਨਾਂ ਰਾਹਗੀਰਾਂ ਦੀਆਂ ਮੌਤਾਂ ਹੋ ਚੁੱਕੀਆਂ ਹਨ। ਨਵਨੀਤ ਦੇ ਚਚੇਰੇ ਭਰਾ ਗੁਰਪ੍ਰੀਤ ਬਿਲਿੰਗ ਨੇ ਫੰਡ ਇਕੱਠਾ ਕਰਨ ਦੀ ਮੁਹਿੰਮ ਸ਼ੁਰੂ ਕੀਤੀ ਹੈ।