ਟੋਰਾਂਟੋ ’ਚ ਭਾਰਤੀ ਨੌਜਵਾਨ ਵੱਲੋਂ ਬਹੁਮੰਜ਼ਿਲਾ ਇਮਾਰਤ ਤੋਂ ਛਾਲ ਮਰ ਕੇ ਖੁਦਕੁਸ਼ੀ

71
Share

ਟੋਰਾਂਟੋ, 7 ਅਪ੍ਰੈਲ (ਪੰਜਾਬ ਮੇਲ)- ਟੋਰਾਂਟੋ ’ਚ ਇਕ ਭਾਰਤੀ ਨੌਜਵਾਨ ਨੇ ਬਹੁਮੰਜ਼ਿਲਾ ਇਮਾਰਤ ਤੋਂ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਨੌਜਵਾਨ ਦੀ ਸ਼ਨਾਖ਼ਤ ਪਰਵੀਨ ਰਾਉ ਵਜੋਂ ਕੀਤੀ ਗਈ ਹੈ, ਜਿਸ ਨੂੰ ਹਾਲ ਹੀ ਵਿਚ ਕੈਨੇਡਾ ਦੀ ਪੀ.ਆਰ. ਮਿਲੀ ਸੀ ਅਤੇ ਉਸ ਨੇ ਭਾਰਤ ਜਾਣ ਲਈ ਟਿਕਟਾਂ ਵੀ ਬੁੱਕ ਕਰਵਾ ਲਈਆਂ ਸਨ। ਪਰਵੀਨ ਰਾਉ ਦੀ ਦੇਹ ਭਾਰਤ ਭੇਜਣ ਲਈ ਗੋਫ਼ੰਡ ਮੀ ਪੇਜ ਸਥਾਪਤ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਪਰਵੀਨ ਰਾਉ ਨੇ ਮਾਪਿਆਂ ਤੋਂ ਨਾਰਾਜ਼ ਹੋ ਕੇ ਆਪਣੀ ਜ਼ਿੰਦਗੀ ਖ਼ਤਮ ਕੀਤੀ।
ਉਹ ਆਪਣੀ ਮਰਜ਼ੀ ਨਾਲ ਵਿਆਹ ਕਰਨਾ ਚਾਹੁੰਦਾ ਸੀ ਪਰ ਮਾਪਿਆਂ ਨੂੰ ਇਹ ਰਿਸ਼ਤਾ ਪਸੰਦ ਨਹੀਂ ਸੀ। ਦੱਸ ਦੇਈਏ ਕਿ ਪਰਵੀਨ ਰਾਉ 2015 ’ਚ ਸਟੂਡੈਂਟ ਵੀਜ਼ਾ ’ਤੇ ਕੈਨੇਡਾ ਆਇਆ ਸੀ ਅਤੇ ਗਰੀਬ ਕਿਸਾਨ ਪਿਤਾ ਨੇ ਬਹੁਤ ਮੁਸ਼ਕਲ ਨਾਲ ਫ਼ੀਸ ਦਾ ਪ੍ਰਬੰਧ ਕਰ ਕੇ ਉਸ ਨੂੰ ਕੈਨੇਡਾ ਭੇਜਿਆ। ਪੜ੍ਹਾਈ ਮੁਕੰਮਲ ਕਰਨ ਮਗਰੋਂ ਉਸ ਨੇ ਆਪਣਾ ਕਾਰੋਬਾਰ ਸ਼ੁਰੂ ਕਰ ਲਿਆ ਅਤੇ ਇਸੇ ਦੌਰਾਨ ਕੈਨੇਡਾ ਦੀ ਪੀ.ਆਰ. ਮਿਲ ਗਈ। ਪਰਵੀਨ ਰਾਉ ਦੇ ਦੋਸਤਾਂ ਅਤੇ ਰਿਸ਼ਤੇਦਾਰਾਂ ਮੁਤਾਬਕ ਜਦੋਂ ਮਾਪਿਆਂ ਨੇ ਉਸ ਦੀ ਪਸੰਦ ਮੁਤਾਬਕ ਵਿਆਹ ਕਰਨ ਤੋਂ ਨਾਂਹ ਕਰ ਦਿਤੀ ਤਾਂ ਉਹ ਡਿਪ੍ਰੈਸ਼ਨ ਵਿਚ ਚਲਾ ਗਿਆ।
ਪਰਵੀਨ ਦੇ ਪਿਤਾ ਨਰਾਇਣ ਰਾਉ ਨੇ ਉਸ ਨੂੰ ਭਾਰਤ ਆਉਣ ਅਤੇ ਮਾਮਲਾ ਸੁਲਝਾਉਣ ਦੀ ਰਾਏ ਦਿੱਤੀ, ਜਿਸ ਮਗਰੋਂ ਉਸ ਨੇ ਸ਼ੁੱਕਰਵਾਰ ਨੂੰ ਰਵਾਨਾ ਹੋਣਾ ਸੀ ਪਰ ਇਸ ਤੋਂ ਪਹਿਲਾਂ ਦੁਨੀਆਂ ਤੋਂ ਰੁਖਸਤ ਹੋ ਗਿਆ। ਤੇਲਗੂ ਅਲਾਇੰਸ ਆਫ਼ ਕੈਨੇਡਾ ਨੇ ਪਰਵੀਨ ਰਾਉ ਦੀ ਮੌਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਦੇਹ ਭਾਰਤ ਭੇਜਣ ਮਗਰੋਂ ਬਚੀ ਹੋਈ ਰਕਮ ਪਰਵੀਨ ਦੇ ਮਾਪਿਆਂ ਨੂੰ ਭੇਜ ਦਿੱਤੀ ਜਾਵੇਗੀ।

Share