ਟੋਰਾਂਟੋ ’ਚ ਪੁਲਿਸ ਵੱਲੋਂ ਨਸ਼ਿਆਂ ਦਾ ਅੰਤਰਰਾਸ਼ਟਰੀ ਗਿਰੋਹ ਦਾ ਪਰਦਾਫਾਸ਼

408
Share

ਨਿਊਯਾਰਕ/ਟੋਰਾਂਟੋ, 21 ਅਪ੍ਰੈਲ (ਸਤਪਾਲ ਸਿੰਘ ਜੌਹਲ/ਰਾਜ ਗੋਗਨਾ/ਕੁਲਤਰਨ ਪਧਿਆਣਾ/ਪੰਜਾਬ ਮੇਲ)- ਕੈਨੇਡਾ ਤੇ ਅਮਰੀਕਾ ਦੇ ਵੱਖ-ਵੱਖ ਪੁਲਿਸ ਵਿਭਾਗਾਂ ਦੇ ਸਹਿਯੋਗ ਨਾਲ ਟੋਰਾਂਟੋ ਇਲਾਕੇ ਵਿਚ ਯੌਰਕ ਖੇਤਰ ਦੀ ਪੁਲਿਸ ਨੇ ਨਸ਼ੀਲੇ ਪਦਾਰਥਾਂ ਦਾ ਧੰਦਾ ਕਰਨ ਵਾਲੇ ਇਕ ਅੰਤਰਰਾਸ਼ਟਰੀ ਗਿਰੋਹ ਦਾ ਭਾਂਡਾ ਭੰਨਣ ਦਾ ਦਾਅਵਾ ਕੀਤਾ ਹੈ, ਜਿਸ ਵਿਚ 33 ਸ਼ੱਕੀ ਗ੍ਰਿਫਤਾਰ ਕੀਤੇ ਗਏ ਹਨ। ਕਾਬੂ ਕੀਤੇ ਗਏ ਸ਼ੱਕੀਆਂ ਵਿਚ ਪ੍ਰਭਸਿਮਰਨ ਕੌਰ (25), ਰੁਪਿੰਦਰ ਸ਼ਰਮਾ (25), ਪ੍ਰਸ਼ੋਤਮ ਮੱਲ੍ਹੀ (54), ਰੁਪਿੰਦਰ ਢਿੱਲੋਂ (37), ਸਨਵੀਰ ਸਿੰਘ (25), ਹਰੀਪਾਲ ਨਾਗਰਾ (45), ਪ੍ਰਿਤਪਾਲ ਸਿੰਘ (56), ਹਰਕਿਰਨ ਸਿੰਘ (33), ਲਖਪ੍ਰੀਤ ਬਰਾੜ (29), ਸਰਬਜੀਤ ਸਿੰਘ (43), ਬਲਵਿੰਦਰ ਧਾਲੀਵਾਲ (60), ਰੁਪਿੰਦਰ ਧਾਲੀਵਾਲ (39), ਰਣਜੀਤ ਸਿੰਘ (40), ਸੁਖਮਨਪ੍ਰੀਤ ਸਿੰਘ (23), ਖਸ਼ਾਲ ਭਿੰਡਰ (36), ਪ੍ਰਭਜੀਤ ਮੁੰਡੀਆਂ (34), ਵੰਸ਼ ਅਰੋੜਾ (24), ਸਿਮਰਜਨੀਤ ਨਾਰੰਗ (28), ਗਗਨਜੀਤ ਗਿੱਲ (28), ਹਰਜਿੰਦਰ ਝੱਜ (28), ਸੁਖਜੀਤ ਧਾਲੀਵਾਲ (47), ਹਰਜੋਤ ਸਿੰਘ (31), ਸੁਖਜੀਤ ਧੁੱਗਾ (35), ਹਾਸ਼ਿਮ ਸਈਅਦ (30) ਅਤੇ ਇਮਰਾਨ ਖਾਨ (33) ਸ਼ਾਮਲ ਹਨ। ਇਸ ਤੋਂ ਇਲਾਵਾ ਪੁਲਿਸ ਦੇ ਭਗੌੜੇ ਗੁਰਬਿੰਦਰ ਸੂਚ (41) ਦੀ ਗ੍ਰਿਫਤਾਰੀ ਦਾ ਵਾਰੰਟ ਜਾਰੀ ਕੀਤਾ ਗਿਆ ਹੈ। ਦੋ ਦਰਜਨਾਂ ਤੋਂ ਵੱਧ ਦੋਸ਼ੀ ਟੋਰਾਂਟੋ, ਬਰੈਂਪਟਨ, ਵਾਅਨ, ਕੈਲੇਡਨ ਆਦਿਕ ਸ਼ਹਿਰਾਂ ਦੇ ਵਾਸੀ ਹਨ। ਪੁਲਿਸ ਅਨੁਸਾਰ ਇਹ ਗਿਰੋਹ ਕੈਨੇਡਾ ਤੋਂ ਇਲਾਵਾ ਅਮਰੀਕਾ ਤੇ ਭਾਰਤ ਵਿਚ ਵੀ ਸਰਗਰਮ ਰਿਹਾ ਹੈ। ਦੋਸ਼ੀਆਂ ਤੋਂ ਵੱਡੀ ਮਾਤਰਾ ਵਿਚ (25 ਲੱਖ ਡਾਲਰਾਂ ਦੇ) ਅਫੀਮ, ਭੰਗ, ਹਸ਼ੀਸ਼, ਕੋਕੀਨ ਆਦਿਕ ਨਸ਼ੇ, ਸਵਾ ਸੱਤ ਲੱਖ ਤੋਂ ਵੱਧ ਨਕਦ ਡਾਲਰ ਤੇ 48 ਬੰਦੂਕਾਂ-ਪਿਸਤੌਲ ਫੜੇ ਗਏ ਹਨ। ਪੁਲਿਸ ਨੇ ਇਸ ਕੇਸ ਦੀ ਜਾਂਚ ਮਈ 2020 ਵਿਚ ਆਰੰਭੀ ਸੀ ਤੇ ਦੋਸ਼ੀਆਂ ਨੂੰ ਸਬੂਤਾਂ ਸਮੇਤ ਹਿਰਾਸਤ ਵਿਚ ਲੈਣ ਦਾ ਦਾਅਵਾ ਕੀਤਾ ਹੈ। ਇਕ ਸੀਨੀਅਰ ਪੁਲਿਸ ਅਫਸਰ ਨੇ ਇਹ ਵੀ ਕਿਹਾ ਹੈ ਕਿ ਦੋਸ਼ੀਆਂ ਵਲੋਂ ਬਰੈਂਪਟਨ ਵਿਚ ਬੱਚਿਆਂ ਦੇ ਖੇਡਣ ਵਾਲੀ ਇਕ ਗਰਾਊਂਡ ਵਿਚ ਵੀ ਨਸ਼ੇ ਲੁਕੋ ਕੇ ਰੱਖੇ ਜਾ ਰਹੇ ਸਨ। ਇਹ ਵੀ ਕਿ ਇਸ ਮਾਮਲੇ ਵਿਚ ਬੀਤੀ 8 ਅਪ੍ਰੈਲ ਨੂੰ ਓਨਟਾਰੀਓ, ਬ੍ਰਿਟਿਸ਼ ਕੋਲੰਬੀਆ ਤੇ ਕੈਲੀਫੋਰਨੀਆ ਵਿਚ 50 ਥਾਵਾਂ ’ਤੇ ਛਾਪੇਮਾਰੀ ਕੀਤੀ ਗਈ ਸੀ ਤੇ ਕੁਝ ਟੱਬਰ ਵੀ ਫੜ ਹੋਣ ਬਾਰੇ ਪਤਾ ਲੱਗਾ ਸੀ। ਕੁੱਲ ਮਿਲਾ ਕੇ ਇਸ ਮਾਮਲੇ ਵਿਚ ਕੈਨੇਡਾ ਅਤੇ ਅਮਰੀਕਾ ਵਿਚ ਹੁਣ ਤੱਕ 33 ਵਿਅਕਤੀ ਕਾਬੂ ਆਏ ਹਨ, ਜਿਨ੍ਹਾਂ ਵਿਚੋਂ 27 ਓਨਟਾਰੀਓ ਦੇ ਵਾਸੀ ਹਨ। ਇਸ ਸਾਰੇ ਮਾਮਲੇ ਦੀ ਜਾਂਚ ਅਜੇ ਜਾਰੀ ਹੈ ਅਤੇ ਕੁਝ ਹੋਰ ਗ੍ਰਿਫਤਾਰੀਆਂ ਹੋ ਸਕਦੀਆਂ ਹਨ।


Share