ਟੋਰਾਂਟੋ ‘ਚ ਦੋ ਟਰੱਕ ਹਾਦਸਿਆਂ ‘ਚ 3 ਪੰਜਾਬੀ ਨੌਜਵਾਨਾਂ ਦੀ ਮੌਤ

274
Share

ਕੈਨੇਡਾ ‘ਚ ਪੰਜਾਬੀ ਨੌਜਵਾਨਾਂ ਦੀਆਂ ਹੋ ਰਹੀਆਂ ਮੌਤਾਂ ਨੇ ਪੰਜਾਬੀ ਭਾਈਚਾਰੇ ‘ਚ ਵਧਾਈ ਚਿੰਤਾ
ਟੋਰਾਂਟੋ, 26 ਅਗਸਤ (ਪੰਜਾਬ ਮੇਲ)-ਟੋਰਾਂਟੋ ‘ਚ ਦੋ ਵੱਖ-ਵੱਖ ਟਰੱਕ ਹਾਦਸਿਆਂ ਦੌਰਾਨ ਤਿੰਨ ਪੰਜਾਬੀ ਨੌਜਵਾਨਾਂ ਦੀਆਂ ਮੌਤਾਂ ਹੋਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਵੱਖ-ਵੱਖ ਹਾਦਸਿਆਂ ਦੇ ਸ਼ਿਕਾਰ ਇਨ੍ਹਾਂ ਨੌਜਵਾਨਾਂ ਦੀ ਪਹਿਚਾਣ ਜਸਪ੍ਰੀਤ ਸਿੰਘ, ਜਤਿੰਦਰ ਪਾਲ ਸਿੰਘ ਤੇ ਗੁਰਕੀਰਤ ਸਿੰਘ ਰੰਧਾਵਾ ਵਜੋਂ ਹੋਈ ਹੈ। ਪੰਜਾਬੀ ਭਾਈਚਾਰੇ ਵੱਲੋਂ ਇਨ੍ਹਾਂ ਨੌਜਵਾਨਾਂ ਦੀਆਂ ਮੌਤਾਂ ‘ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ ਅਤੇ ਕੈਨੇਡਾ ‘ਚ ਆਏ ਦਿਨ ਪੰਜਾਬੀ ਨੌਜਵਾਨਾਂ ਦੀਆਂ ਹੋ ਰਹੀਆਂ ਮੌਤਾਂ ਨਾਲ ਪੰਜਾਬੀ ਭਾਈਚਾਰੇ ‘ਚ ਗਹਿਰੀ ਚਿੰਤਾ ਵੀ ਪਾਈ ਜਾ ਰਹੀ ਹੈ।
ਅੰਮ੍ਰਿਤਸਰ ਨਾਲ ਸੰਬੰਧਤ ਸੀ ਗੁਰਕੀਰਤ ਸਿੰਘ ਰੰਧਾਵਾ
ਅੰਮ੍ਰਿਤਸਰ ਜ਼ਿਲ੍ਹੇ ਦੇ ਸਰਹੱਦੀ ਕਸਬਾ ਚਮਿਆਰੀ ਦੇ ਨੌਜਵਾਨ ਦੀ ਅਮਰੀਕਾ ‘ਚ ਵਾਪਰੇ ਇਕ ਭਿਆਨਕ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਇਹ ਖ਼ਬਰ ਮਿਲਦਿਆਂ ਹੀ ਪੂਰਾ ਇਲਾਕਾ ਸੋਗ ‘ਚ ਡੁੱਬ ਗਿਆ। ਮ੍ਰਿਤਕ ਦੇ ਦੋਸਤ ਜਗਰੂਪ ਸਿੰਘ ਗਿੱਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰਕੀਰਤ ਸਿੰਘ ਰੰਧਾਵਾ ਪੁੱਤਰ ਅਮਰਜੀਤ ਸਿੰਘ ਵਾਸੀ ਕਸਬਾ ਚਮਿਆਰੀ ਕਰੀਬ ਤਿੰਨ ਸਾਲ ਪਹਿਲਾਂ ਕੈਨੇਡਾ ‘ਚ ਪੜ੍ਹਨ ਲਈ ਗਿਆ ਸੀ ਅਤੇ ਹੁਣ ਉਹ ਆਪਣੀ ਪੜ੍ਹਾਈ ਮੁਕੰਮਲ ਕਰਨ ਉਪਰੰਤ ਬਰੈਂਪਟਨ ‘ਚ ਰਹਿ ਕੇ ਟਰਾਲਾ ਚਲਾਉਂਦਾ ਸੀ। ਉਸ ਨੇ ਦੱਸਿਆ ਗੁਰਕੀਰਤ ਆਪਣੇ ਇਕ ਹੋਰ ਸਾਥੀ ਡਰਾਇਵਰ ਨਾਲ ਟੋਰਾਂਟੋ ਦੀ ਇਕ ਟਰਾਂਸਪੋਰਟ ਕੰਪਨੀ ਦਾ ਲੋਡ ਲੈ ਕੇ ਅਮਰੀਕਾ ਦੇ ਕਿਸੇ ਸ਼ਹਿਰ ਵੱਲ ਜਾ ਰਿਹਾ ਸੀ ਕਿ ਅਚਾਨਕ ਬੀਤੀ 18 ਅਗਸਤ ਨੂੰ ਸਵੇਰੇ 7 ਵਜੇ ਦੇ ਕਰੀਬ ਕੈਲੀਫਰੋਨੀਆ ਨੇੜੇ ਉਨ੍ਹਾਂ ਦਾ ਟਰਾਲਾ ਫਲਾਈਓਵਰ ਤੋਂ ਹੇਠਾਂ ਖਿਸਕਣ ਕਾਰਨ ਹਾਦਸਾਗ੍ਰਸਤ ਹੋ ਗਿਆ। ਉਕਤ ਨੇ ਦੱਸਿਆ ਕਿ ਇਸ ਹਾਦਸੇ ਵਿਚ ਗੁਰਕੀਰਤ ਦੀ ਤਾਂ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਉਸ ਦਾ ਸਾਥੀ ਡਰਾਇਵਰ ਜੋ ਕਿ ਜਲੰਧਰ ਦੇ ਕਿਸੇ ਪਿੰਡ ਨਾਲ ਸਬੰਧਤ ਹੈ, ਉਹ ਗੰਭੀਰ ਰੂਪ ‘ਚ ਜ਼ਖਮੀ ਹੋ ਗਿਆ। ਜੋ ਇਸ ਵੇਲੇ ਅਮਰੀਕਾ ‘ਚ ਹੀ ਕਿਸੇ ਹਸਪਤਾਲ ਅੰਦਰ ਜ਼ੇਰੇ ਇਲਾਜ ਹੈ। ਜ਼ਿਕਰਯੋਗ ਹੈ ਕਿ ਗੁਰਕੀਰਤ ਦੀ ਮ੍ਰਿਤਕ ਦੇਹ ਦੀ ਪਹਿਚਾਣ ਦੇਰ ਨਾਲ ਹੋਣ ਕਾਰਨ ਉਸ ਦੇ ਪਰਿਵਾਰ ਨੂੰ ਹਾਦਸੇ ਦੀ ਸੂਚਨਾ ਦੇਰੀ ਨਾਲ ਮਿਲੀ ਹੈ।


Share