ਟੋਰਾਂਟੋ ਏਅਰਪੋਰਟ ’ਤੇ ਭਾਰੀ ਬਰਫਬਾਰੀ ਤੋਂ ਬਾਅਦ ਜਹਾਜ਼ਾਂ ਦੀ ਆਵਾਜਾਈ ਹੋਈ ਪ੍ਰਭਾਵਿਤ

146
Share

ਟੋਰਾਂਟੋ, 19 ਜਨਵਰੀ (ਪੰਜਾਬ ਮੇਲ)-ਕੈਨੇਡਾ ਦੇ ਸਭ ਤੋਂ ਵੱਡੇ ਅੰਤਰਰਾਸ਼ਟਰੀ ਹਵਾਈ ਅੱਡੇ ਟੋਰਾਂਟੋ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ’ਤੇ ਭਾਰੀ ਬਰਫਬਾਰੀ ਤੋਂ ਬਾਅਦ ਜਹਾਜ਼ਾਂ ਦੀ ਆਵਾਜਾਈ ਵੱਡੇ ਪੱਧਰ ’ਤੇ ਪ੍ਰਭਾਵਿਤ ਹੋਈ ਹੈ, ਜਿਸ ਕਾਰਨ ਦਿੱਲੀ ਜਾਣ ਵਾਲੀ ਉਡਾਨ ਦੋ ਘੰਟੇ ਦੇਰੀ ਨਾਲ ਜਾ ਸਕੀ। ਹਵਾਈ ਪਟੜੀਆਂ ਉਪਰ ਗੋਡੇ-ਗੋਡੇ ਤੱਕ ਬਰਫ਼ ਜਮ੍ਹਾਂ ਹੋ ਜਾਣ ਅਤੇ ਲਗਾਤਾਰ ਬਰਫ਼ਬਾਰੀ ਕਾਰਨ ਜਹਾਜ਼ਾਂ ਦੀ ਆਵਾਜਾਈ ’ਚ ਰੁਕਾਵਟ ਰਹੀ। ਏਅਰ ਕੈਨੇਡਾ ਦੇ ਇਕ ਬੁਲਾਰੇ ਨੇ ਆਖਿਆ ਕਿ ਮੁਸਾਫਿਰਾਂ ਨੂੰ ਆਨਲਾਈਨ ਉਡਾਣ ਦਾ ਸਮਾਂ ਪਤਾ ਕਰਕੇ ਹੀ ਹਵਾਈ ਅੱਡੇ ਵੱਲ ਰਵਾਨਾ ਹੋਣਾ ਚਾਹੀਦਾ ਹੈ ਤਾਂ ਕਿ ਦੇਰੀ ਜਾਂ ਉਡਾਣ ਰੱਦ ਹੋਣ ਕਾਰਨ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ। ਇਕ ਵੱਖਰੀ ਖ਼ਬਰ ਅਨੁਸਾਰ ਏਅਰ ਕੈਨੇਡਾ, ਵੈਸਟ ਜੈੱਟ ਅਤੇ ਗਰੇਟਰ ਟੋਰਾਂਟੋ ਏਅਰਪੋਰਟ ਅਥਾਰਟੀ ਵਲੋਂ ਕੈਨੇਡਾ ਦੀ ਸਰਕਾਰ ਅਤੇ ਓਨਟਾਰੀਓ ਸਰਕਾਰ ਤੋਂ ਵਿਦੇਸ਼ਾਂ ਤੋਂ ਪਹੁੰਚ ਰਹੇ ਮੁਸਾਫਿਰਾਂ ਦੇ ਕੋਰੋਨਾ ਵਾਇਰਸ ਟੈਸਟ ਬੰਦ ਕਰਨ ਦੀ ਮੰਗ ਕੀਤੀ ਗਈ ਹੈ। ਪਤਾ ਲੱਗਾ ਹੈ ਕਿ ਵਿਦੇਸ਼ਾਂ ਤੋਂ ਪੁੱਜੇ ਜਿਨ੍ਹਾਂ ਮੁਸਾਫਿਰਾ ਦੇ ਟੈਸਟ ਕੀਤੇ ਗਏ ਹਨ, ਉਨ੍ਹਾਂ ’ਚੋਂ ਨਿਗੂਣੀ ਗਿਣਤੀ ’ਚ ਪਾਜ਼ੀਟਿਵ ਰਿਪੋਰਟਾਂ ਆਈਆਂ ਹਨ, ਜਿਸ ਕਰਕੇ ਹਵਾਈ ਕੰਪਨੀਆਂ ਅਤੇ ਹਵਾਈ ਅੱਡੇ ਦੇ ਅਧਿਕਾਰੀਆਂ ਦਾ ਤਰਕ ਹੈ ਕਿ ਟੈਸਟ ਕਿੱਟਾਂ ਕਿਤੇ ਹੋਰ ਵਰਤੀਆਂ ਜਾ ਸਕਦੀਆਂ, ਜਿਥੇ ਵੱਧ ਲੋੜ ਹੋਵੇ। ਇਹ ਵੀ ਕਿ ਟੈਸਟ ਦੀ ਸ਼ਰਤ ਖਤਮ ਕਰਨ ਨਾਲ ਲੋਕਾਂ ਅਤੇ ਹਵਾਈ ਅੱਡੇ ਦੇ ਕਰਮਚਾਰੀਆਂ ਦਾ ਸਮਾਂ ਵੀ ਬਚੇਗਾ।

Share