ਟੋਕੀਓ ਪੈਰਾਲੰਪਿਕਸ: ਟੇਬਲ ਟੈਨਿਸ ਮੁਕਾਬਲੇ ’ਚ ਭਾਵਿਨਾਬੇਨ ਪਟੇਲ ਨੇ ਸੈਮੀ-ਫਾਈਨਲ ’ਚ ਪਹੁੰਚ ਕੇ ਰਚਿਆ ਇਤਿਹਾਸ

1218
Share

ਟੋਕੀਓ, 27 ਅਗਸਤ (ਪੰਜਾਬ ਮੇਲ)- ਭਾਰਤ ਦੀ ਟੇਬਲ ਟੈਨਿਸ ਖਿਡਾਰਨ ਭਾਵਿਨਾਬੇਨ ਪਟੇਲ ਨੇ ਟੋਕੀਓ ਪੈਰਾਲੰਪਿਕਸ ਦੇ ਸੈਮੀਫਾਈਨਲ ਵਿਚ ਪਹੁੰਚ ਕੇ ਪਹਿਲੀ ਭਾਰਤੀ ਟੇਬਲ ਟੈਨਿਸ ਖਿਡਾਰਨ ਬਣਨ ਦੇ ਨਾਲ ਹੀ ਟੋਕੀਓ ਖੇਡਾਂ ਵਿਚ ਮਹਿਲਾ ਸਿੰਗਲ ਕਲਾਸ ਚਾਰ ਵਰਗ ’ਚ ਤਗਮਾ ਪੱਕਾ ਕਰ ਲਿਆ ਹੈ। ਉਸ ਨੇ ਕੁਆਰਟਫਾਈਨਲ ਵਿਚ ਵਿਸ਼ਵ ਦੀ ਦੂਸਰੇ ਰੈਂਕ ਦੀ ਖਿਡਾਰਨ ਤੇ ਮੌਜੂਦਾ ਚੈਂਪੀਅਨ ਬੋਰਿਸਲਾਵਾ ਪੇਰਿਚ ਰਾਂਕੋਵਿਚ ਖ਼ਿਲਾਫ਼ ਪ੍ਰਭਾਵਸ਼ਾਲੀ ਜਿੱਤ ਦਰਜ ਕੀਤੀ ਹੈ। 34 ਵਰ੍ਹਿਆਂ ਦੀ ਇਸ ਖਿਡਾਰਨ ਨੇ ਸਰਬੀਆ ਦੀ ਇਸ ਖਿਡਾਰਨ ਨੂੰ 18 ਮਿੰਟਾਂ ਤੱਕ ਚਲੇ ਮੈਚ ਵਿਚ 11-5, 11-6, 11-7 ਨਾਲ ਮਾਤ ਦਿੱਤੀ। ਸੈਮੀਫਾਈਨਲ ’ਚ ਉਸ ਦਾ ਮੁਕਾਬਲਾ ਚੀਨ ਦੀ ਝਾਂਗ ਮਿਆਓ ਨਾਲ ਹੋਵੇਗਾ ਪਰ ਅੰਤਿਮ ਚਾਰ ਵਿਚ ਪਹੁੰਚਦਿਆਂ ਹੀ ਉਸ ਦਾ ਤਗਮਾ ਪੱਕਾ ਹੋ ਜਾਵੇਗਾ। ਟੋਕੀਓ ਪੈਰਾਲੰਪਿਕਸ ਦੇ ਟੇਬਲ ਟੈਨਿਸ ਮੁਕਾਬਲੇ ’ਚ ਕਾਂਸੇ ਦੇ ਤਗਮੇ ਲਈ ਪਲੇਅ-ਆਫ ਮੈਚ ਨਹੀਂ ਹੋਵੇਗਾ ਤੇ ਸੈਮੀਫਾਈਨਲ ’ਚ ਹਾਰਨ ਵਾਲੀਆਂ ਦੋਹਾਂ ਖਿਡਾਰਨਾਂ ਨੂੰ ਕਾਂਸੇ ਦਾ ਤਗਮਾ ਮਿਲੇਗਾ।
ਪਾਵਰਲਿਫਟਿੰਗ: ਭਾਰਤ ਦੀ ਪਾਵਰਲਿਫਟਰ ਸਕੀਨਾ ਖਾਤੁਮ ਨੇ ਟੋਕੀਓ ਪੈਰਾਲੰਪਿਕਸ ਦੇ 50 ਕਿਲੋ ਭਾਰ ਵਰਗ ’ਚ ਪੰਜਵਾਂ ਸਥਾਨ ਹਾਸਲ ਕੀਤਾ, ਜਦੋਂਕਿ ਪੁਰਸ਼ਾਂ ਦੇ 65 ਕਿਲੋ ਭਾਰ ਵਰਗ ਦੇ ਪਾਵਰਲਿਫਟਿੰਗ ਮੁਕਾਬਲੇ ’ਚ ਭਾਰਤੀ ਪਾਵਰਲਿਫਟਰ ਜੈਦੀਪ ਕੋਈ ਖਾਸ ਕਮਾਲ ਨਹੀਂ ਕਰ ਸਕਿਆ।

Share