ਟੋਕੀਓ ਓਲੰਪਿਕ ’ਚ ਤਗਮੇ ਜਿੱਤਣ ਵਾਲੇ ਖਿਡਾਰੀਆਂ ਦਾ ਭਾਰਤ ਪਰਤਣ ’ਤੇ ਭਰਵਾਂ ਸਵਾਗਤ

779
Share

ਨਵੀਂ ਦਿੱਲੀ, 9 ਅਗਸਤ (ਪੰਜਾਬ ਮਮੇਲ)- ਟੋਕੀਓ ਓਲੰਪਿਕ ਵਿੱਚ ਭਾਰਤ ਵਲੋਂ ਤਗਮੇ ਜਿੱਤਣ ਵਾਲੇ ਖਿਡਾਰੀ ਅੱਜ ਭਾਰਤ ਪੁੱਜੇ, ਜਿਨ੍ਹਾਂ ਦਾ ਹਵਾਈ ਅੱਡੇ ’ਤੇ ਸਮਰਥਕਾਂ ਨੇ ਭਰਵਾਂ ਸਵਾਗਤ ਕੀਤਾ। ਭਾਰਤ ਨੂੰ ਜੈਵਲਿਨ ਥਰੋਅ ਵਿਚ ਸੋਨ ਤਗਮਾ ਦਿਵਾਉਣ ਵਾਲਾ ਨੀਰਜ ਚੋਪੜਾ ਜਦੋਂ ਹਵਾਈ ਅੱਡੇ ’ਤੇ ਪੁੱਜਿਆ ਤਾਂ ਪ੍ਰਸ਼ੰਸਕਾਂ ਨੇ ਤਾੜੀਆਂ ਨਾਲ ਸਵਾਗਤ ਕੀਤਾ। ਇਸ ਮੌਕੇ ਕਈ ਪ੍ਰਸ਼ੰਸਕ ਉਸ ਦੀ ਝਲਕ ਪਾਉਣ ਲਈ ਉਤਾਵਲੇ ਹੋ ਗਏ। ਉਸ ਤੋਂ ਇਲਾਵਾ ਹੋਰ ਖਿਡਾਰੀਆਂ ਦਾ ਸਪੋਰਟਸ ਅਥਾਰਿਟੀ ਆਫ ਇੰਡੀਆ ਦੇ ਡਾਇਰੈਕਟਰ ਜਨਰਲ ਸੰਦੀਪ ਪ੍ਰਧਾਨ ਦੀ ਅਗਵਾਈ ਹੇਠਲੇ ਵਫਦ ਨੇ ਸਵਾਗਤ ਕੀਤਾ। ਇਸ ਵਫਦ ’ਚ ਐਥਲੈਟਿਕਸ ਫੈਡਰੇਸ਼ਨ ਆਫ ਇੰਡੀਆ ਦੇ ਮੁਖੀ ਆਦਿਲ ਸੁਮਾਰੀਵਾਲਾ ਵੀ ਸ਼ਾਮਲ ਸਨ। ਇਸ ਮੌਕੇ ਟੋਕੀਓ ਤੋਂ ਪਰਤੇ ਖਿਡਾਰੀਆਂ ਦੇ ਪਰਿਵਾਰਕ ਮੈਂਬਰ ਵੀ ਹੌਂਸਲਾ ਅਫਜ਼ਾਈ ਕਰਨ ਲਈ ਪੁੱਜੇ। ਏਅਰਪੋਰਟ ਦੇ ਅੰਦਰ ਤੇ ਬਾਹਰ ਪ੍ਰਸ਼ੰਸਕਾਂ ਨੇ ਤਿਰੰਗੇ ਲਹਿਰਾਏ ਤੇ ਢੋਲ ਤੇ ਲਾਈਵ ਬੈਂਡ ਦੀ ਪੇਸ਼ਕਾਰੀ ਦਿੱਤੀ। ਉਨ੍ਹਾਂ ਤਗਮਾ ਜੇਤੂਆਂ ਦੇ ਹੱਕ ਵਿਚ ਨਾਅਰੇਬਾਜ਼ੀ ਵੀ ਕੀਤੀ। ਇਸ ਮੌਕੇ ਕਾਂਸੀ ਦਾ ਤਗਮਾ ਜੇਤੂ ਪਹਿਲਵਾਨ ਬਜਰੰਗ ਪੂਨੀਆ ਨੇ ਐੱਸ.ਯੂ.ਵੀ. ਦੀ ਸਨਰੂਫ ਵਿਚੋਂ ਬਾਹਰ ਆ ਕੇ ਲੋਕਾਂ ਦਾ ਪਿਆਰ ਕਬੂਲ ਕੀਤਾ ਤੇ ਹੱਥ ਹਿਲਾ ਕੇ ਖੁਸ਼ੀ ਜਤਾਈ। ਇਸ ਮੌਕੇ ਖੇਡ ਸਮਰਥਕਾਂ ਨੇ ਏਅਰਪੋਰਟ ਤੋਂ ਬਾਹਰ ਆ ਕੇ ਨਿਯਮਾਂ ਦੀਆਂ ਧੱਜੀਆਂ ਉਡਾਈਆਂ। ਤਗਮਾ ਜੇਤੂਆਂ ਨੂੰ ਫੁੱਲ ਤੇ ਗੁਲਦਸਤੇ ਦਿੱਤੇ ਗਏ। 20 ਕਿਲੋਮੀਟਰ ਪੈਦਲ ਚਾਲ ਮੁਕਾਬਲੇ ’ਚ ਸ਼ਾਮਲ ਕੇ.ਟੀ. ਇਰਫਾਨ ਨੇ ਕਿਹਾ ਕਿ ਉਹ ਅਜਿਹਾ ਸਵਾਗਤ ਪਹਿਲੀ ਵਾਰ ਦੇਖ ਰਹੇ ਹਨ।

Share