ਟੈਨੇਸੀ ਵਿੱਚ ਹੜ੍ਹ ਪੀੜਤਾਂ ਦੀ ਮੱਦਦ ਲਈ ਦੇਸ਼ ਭਰ ਤੋਂ ਪੁਹੰਚੇ ਵਲੰਟੀਅਰ

448
Share

ਫਰਿਜ਼ਨੋ (ਕੈਲੀਫੋਰਨੀਆ),  30 ਅਗਸਤ (ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ/ ਪੰਜਾਬ ਮੇਲ)- ਅਮਰੀਕੀ ਸਟੇਟ ਟੈਨੇਸੀ ਵਿੱਚ ਪਿਛਲੇ ਦਿਨੀਂ ਆਏ ਹੜ੍ਹਾਂ ਕਾਰਨ ਹੋਏ ਨੁਕਸਾਨ ਵਿੱਚ ਪੀੜਤਾਂ ਦੀ ਮੱਦਦ ਲਈ ਦੇਸ਼ ਭਰ ਵਿੱਚੋਂ ਵਲੰਟੀਅਰਾਂ ਦੁਆਰਾ ਮੱਦਦ ਲਈ ਸ਼ਮੂਲੀਅਤ ਕੀਤੀ ਗਈ । ਅਮਰੀਕਾ ਦੇ ਕਈ ਸੂਬਿਆਂ ਵਿੱਚੋਂ ਸੈਂਕੜੇ ਵਲੰਟੀਅਰ ਸ਼ਨੀਵਾਰ ਨੂੰ ਟੈਨੇਸੀ ਦੇ ਵੇਵਰਲੀ ਕਸਬੇ ਦੀ ਸਫਾਈ ਅਤੇ ਹੰਫਰੀਜ਼ ਕਾਉਂਟੀ ਵਿੱਚ ਹੜ੍ਹ  ਪੀੜਤਾਂ ਦੀ ਸਹਾਇਤਾ ਲਈ ਇਕੱਠੇ ਹੋਏ। ਵੇਵਰਲੀ ਵਿੱਚ ਹੜ੍ਹ ਨਾਲ ਨੁਕਸਾਨੇ ਗਏ 520 ਤੋਂ ਵੱਧ ਘਰਾਂ ਦੀ ਮੁਰੰਮਤ ਵਿੱਚ ਸਹਾਇਤਾ ਲਈ ਆਏ ਕਾਰਪੇਂਟਰਾਂ ਤੋਂ ਲੈ ਕੇ ਖਾਣਾ ਬਨਾਉਣ ਵਾਲਿਆਂ ਦਾ ਇਸ ਸ਼ਹਿਰ ਨੇ ਸਵਾਗਤ ਕੀਤਾ। ਇਹਨਾਂ ਘਰਾਂ ਵਿੱਚੋਂ ਤਕਰੀਬਨ 272 ਪੂਰੀ ਤਰ੍ਹਾਂ ਤਬਾਹ ਹੋ ਗਏ ਸਨ। ਇਸ ਮੌਕੇ ਓਹੀਓ, ਮਿਸ਼ੀਗਨ ਅਤੇ ਟੈਕਸਾਸ ਤੋਂ ਆਉਣ ਵਾਲੇ ਰਾਸ਼ਟਰੀ ਸਮੂਹਾਂ ਦੇ ਨਾਲ ਤਕਰੀਬਨ 20 ਵੱਖ -ਵੱਖ ਸੰਸਥਾਵਾਂ  ਸਹਾਇਤਾ ਲਈ ਸ਼ਾਮਲ ਹੋਈਆਂ ਅਤੇ ਵਲੰਟੀਅਰਾਂ ਨੇ 87 ਰਿਕਵਰੀ ਟੀਮਾਂ ਦੇ ਹਿੱਸੇ ਵਜੋਂ ਕੰਮ ਕੀਤਾ। ਇਹਨਾਂ ਵਲੰਟੀਅਰਾਂ ਅਨੁਸਾਰ ਇਹ ਸਹਾਇਤਾ ਆਉਣ ਵਾਲੇ ਹਫਤਿਆਂ ਜਾਂ ਮਹੀਨਿਆਂ ਤੱਕ ਵੇਵਰਲੀ ਵਿੱਚ ਜਾਰੀ ਰਹੇਗੀ।

Share