ਟੈਨੇਸੀ ’ਚ ਆਏ ਹੜ੍ਹਾਂ ਨੇ ਲਈ 4 ਲੋਕਾਂ ਦੀ ਜਾਨ

548
Share

ਫਰਿਜ਼ਨੋ, 30 ਮਾਰਚ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਅਮਰੀਕੀ ਸੂਬੇ ਟੈਨੇਸੀ ਦੇ ਖੇਤਰਾਂ ’ਚ ਆਏ ਹੜ੍ਹਾਂ ਨੇ ਆਮ ਜ਼ਿੰਦਗੀ ਨੂੰ ਪ੍ਰਭਾਵਿਤ ਕਰਨ ਦੇ ਨਾਲ ਚਾਰ ਲੋਕਾਂ ਦੀ ਜਾਨ ਵੀ ਲਈ ਹੈ। ਅਧਿਕਾਰੀਆਂ ਦੀ ਜਾਣਕਾਰੀ ਅਨੁਸਾਰ ਇਸ ਹਫਤੇ ਦੇ ਅੰਤ ਵਿਚ, ਟੈਨੇਸੀ ਦੇ ਨੈਸ਼ਵਿਲ ’ਚ 7 ਇੰਚ ਬਾਰਸ਼ ਦੇ ਬਾਅਦ ਹੜ੍ਹਾਂ ਕਾਰਨ ਘੱਟੋ-ਘੱਟ ਚਾਰ ਲੋਕਾਂ ਦੀ ਮੌਤ ਹੋਈ ਹੈ ਅਤੇ 130 ਹੋਰ ਲੋਕਾਂ ਨੂੰ ਬਚਾਇਆ ਗਿਆ ਹੈ। ਇਸ ਸੰਬੰਧੀ ਨੈਸ਼ਵਿਲ ਪੁਲਿਸ ਨੇ ਸੇਡਾਨ ਵਿਚ ਮਰੇ ਹੋਏ ਇੱਕ ਵਿਅਕਤੀ ਦੀ ਭਾਲ ਕੀਤੀ, ਜੋ ਨਦੀ ਦੇ ਓਵਰਫਲੋਅ ਵਿਚ ਡੁੱਬਿਆ ਹੋਇਆ ਸੀ, ਜਦਕਿ ਇੱਕ ਹੋਰ ਵਿਅਕਤੀ ਨੂੰ ਗੋਲਫ ਕੋਰਸ ਵਿਚ ਮਿ੍ਰਤਕ ਪਾਇਆ ਗਿਆ। ਪੁਲਿਸ ਦਾ ਮੰਨਣਾ ਹੈ ਕਿ ਉਹ ਉੱਚੇ ਪਾਣੀ ਨਾਲ ਵਹਿ ਗਿਆ ਸੀ। ਇਸਦੇ ਇਲਾਵਾ ਦੋ ਹੋਰ ਹੜ੍ਹ ਪੀੜਤਾਂ, ਇੱਕ ਆਦਮੀ ਅਤੇ ਇੱਕ ਔਰਤ ਦੀ ਲਾਸ਼, ਦੱਖਣੀ ਨੈਸ਼ਵਿਲ ਦੇ ਇੱਕ ਜੰਗਲੀ ਖੇਤਰ ਵਿਚ ਬੇਘਰੇ ਕੈਂਪ ਦੇ ਨਜ਼ਦੀਕ ਮਿਲੀ। ਇੰਨਾ ਹੀ ਨਹੀਂ, ਤਕਰੀਬਨ 700,000 ਵਸੋਂ ਵਾਲਾ ਇਹ ਸ਼ਹਿਰ ਐਤਵਾਰ ਤੱਕ ਰਾਸ਼ਟਰੀ ਮੌਸਮ ਸੇਵਾ ਦੁਆਰਾ ਜਾਰੀ ਹੜ੍ਹ ਦੀ ਚੇਤਾਵਨੀ ਦੇ ਅਧੀਨ ਰਿਹਾ। ਹੜ੍ਹਾਂ ਕਾਰਨ ਅੱਗ ਬੁਝਾਊ ਵਿਭਾਗ ਅਤੇ ਜਲ ਬਚਾਅ ਟੀਮਾਂ ਨੇ ਘੱਟੋ-ਘੱਟ 130 ਲੋਕਾਂ ਨੂੰ ਕਾਰਾਂ ਅਤੇ ਘਰਾਂ ਵਿਚੋਂ ਸੁਰੱਖਿਅਤ ਬਚਾਇਆ ਹੈ। ਅੱਗ ਬੁਝਾਊ ਵਿਭਾਗ ਨੇ ਦੱਸਿਆ ਕਿ ਹੜ੍ਹਾਂ ਨਾਲ ਚਿੱਕੜ ਹੋ ਰਹੀ ਹੈ ਅਤੇ ਲੋਕ ਘਰਾਂ ਵਿਚ ਫਸੇ ਹੋਏ ਹਨ। ਨੈਸ਼ਵਿਲ ਦੀਆਂ ਜਲ ਸੇਵਾਵਾਂ ਨੇ ਦੱਸਿਆ ਕਿ ਸ਼ਹਿਰ ਦੇ ਦੱਖਣ ਵਿਚ ਹਰਪੇਥ ਨਦੀ ਦੇ ਕੁੱਝ ਹਿੱਸੇ ਹੜ੍ਹਾਂ ਕਾਰਨ ਪ੍ਰਭਾਵਿਤ ਹੋਏ ਹਨ ਅਤੇ ਇਨ੍ਹਾਂ ਦਾ ਲੈਵਲ ਅਜੇ ਵੀ ਵਧ ਸਕਦਾ ਹੈ।

Share