ਟੈਨਿਸ ਖਿਡਾਰੀ ਜੋਕੋਵਿਕ ਵੀ ਹੋਏ ਕਰੋਨਾ ਇਨਫੈਕਟਿਡ

692
Share

ਬੈਲਗ੍ਰਾਦ, 24 ਜੂਨ (ਪੰਜਾਬ ਮੇਲ)- ਵਿਸ਼ਵ ਦੇ ਪਹਿਲੇ ਨੰਬਰ ਦੇ ਟੈਨਿਸ ਖਿਡਾਰੀ ਨੋਵਾਕ ਜੋਕੋਵਿਕ ਵੀ ਕਰੋਨਾ ਇਨਫੈਕਟਿਡ ਹੋ ਗਏ ਹਨ। ਇਸ ਸੰਬੰਧੀ ਉਨ੍ਹਾਂ ਨੇ ਟਵੀਟ ਰਾਹੀਂ ਆਪਣੇ ਪ੍ਰਸ਼ੰਸਕਾਂ ਨੂੰ ਜਾਣਕਾਰੀ ਦਿੱਤੀ ਤੇ ਨਾਲ ਹੀ ਸਲਾਹ ਦਿੱਤੀ ਕਿ ਬੀਤੇ ਕੁੱਝ ਦਿਨਾਂ ਵਿਚ ਜਿਹੜਾ ਕੋਈ ਵੀ ਉਸ ਦੇ ਸੰਪਰਕ ਵਿਚ ਆਇਆ ਹੈ, ਉਹ ਆਪਣਾ ਟੈਸਟ ਲਾਜ਼ਮੀ ਕਰਵਾਉਣ। ਇਸ ਦੇ ਨਾਲ ਹੀ ਉਸ ਨੇ ਇਸ ਲਈ ਮੁਆਫ਼ੀ ਵੀ ਮੰਗੀ ਹੈ।
ਦੁਨੀਆਂ ਦਾ ਨੰਬਰ ਇਕ ਟੈਨਿਸ ਖਿਡਾਰੀ ਸਰਬੀਆ ਦਾ ਨੋਵਾਕ ਜੋਕੋਵਿਕ ਜਾਂਚ ‘ਚ ਕੋਰੋਨਾ ਪਾਜ਼ੀਟਿਵ ਪਾਇਆ ਗਿਆ ਹੈ। ਰਿਪੋਰਟ ਆਉਣ ਤੋਂ ਬਾਅਦ ਉਸ ਨੇ ਖੁਦ ਇਸ ਗੱਲ ਦਾ ਖੁਲਾਸਾ ਕੀਤਾ। ਉਸ ਦਾ ਸੋਮਵਾਰ ਨੂੰ ਬੇਲਗ੍ਰਾਦ ਪਹੁੰਚਣ ਤੋਂ ਬਾਅਦ ਕੋਰੋਨਾ ਵਾਇਰਸ ‘ਕੋਵਿਡ-19’ ਦਾ ਟੈਸਟ ਕੀਤਾ ਗਿਆ ਸੀ। ਵਿਸ਼ਵ ਪੱਧਰੀ ਮਹਾਮਾਰੀ ਕੋਰੋਨਾਵਾਇਰਸ ਕਾਰਨ ਪ੍ਰੋਫੈਸ਼ਨਲ ਟੈਨਿਸ ਮੁਲਤਵੀ ਹੈ। ਅਜਿਹੇ ‘ਚ ਜੋਕੋਵਿਕ ਨੇ ਖੇਡ ਨੂੰ ਉਤਸ਼ਾਹਿਤ ਕਰਨ ਅਤੇ ਜ਼ਰੂਰਤਮੰਦਾਂ ਲਈ ਧੰਨ ਇਕੱਠਾ ਕਰਨ ਦੇ ਉਦੇਸ਼ ਨਾਲ 4 ਗੇੜਾਂ ਦੇ ਐਡ੍ਰੀਆ ਟੂਰ ਦੀ ਸ਼ੁਰੂਆਤ ਕੀਤੀ ਸੀ। ਇਸ ਟੂਰ ਦੇ 2 ਗੇੜ ਆਯੋਜਿਤ ਹੋਏ ਸੀ ਕਿ ਕੁਝ ਖਿਡਾਰੀਆਂ ਤੇ ਕੋਚਾਂ ਦੇ ਕੋਰੋਨਾ ਨਾਲ ਪ੍ਰਭਾਵਿਤ ਹੋਣ ਦੀ ਖਬਰ ਆ ਗਈ।
ਇਸ ਟੂਰ ਦੌਰਾਨ ਬੁਲਗਾਰੀਆ ਦੇ ਚੋਟੀ ਖਿਡਾਰੀ ਗ੍ਰਿਗੋਰ ਤੇ ਕ੍ਰੋਏਸ਼ੀਆ ਦੇ ਬੋਰਨਾ ਕੋਰਿਚ ਦਾ ਕੋਰੋਨਾ ਟੈਸਟ ਪਾਜ਼ੀਟਿਵ ਆ ਗਿਆ। ਇਸ ਤੋਂ ਇਲਾਵਾ ਜੋਕੋਵਿਕ ਦੇ ਫਿੱਟਨੈਸ ਕੋਚ ਮਾਕਰ ਪਨਿਕੀ ਅਤੇ ਦਿਮਿਤ੍ਰੋਵ ਦੇ ਕੋਚ ਕ੍ਰਿਸਟਿਜਾਨ ਗ੍ਰੋਹ ਵੀ ਕੋਰੋਨਾ ਨਾਲ ਪ੍ਰਭਾਵਿਤ ਹੋ ਗਏ। ਦਿਮਿਤ੍ਰੋਵ ਤੇ ਕੋਰਿਚ ਨੇ ਜੋਕੋਵਿਚ ਵੱਲੋਂ ਆਯੋਜਿਤ ਏਡ੍ਰੀਆ ਟੂਰ ਦੇ ਪ੍ਰਦਰਸ਼ਨੀ ਟੂਰਨਾਮੈਂਟ ‘ਚ ਹਿੱਸਾ ਲਿਆ ਸੀ। ਦਿਮਿਤ੍ਰੋਵ ਤੇ ਕੋਰਿਚ ਦੇ ਪ੍ਰਭਾਵਿਤ ਹੋਣ ਤੋਂ ਬਾਅਦ ਕ੍ਰੋਏਸ਼ੀਆ ਦੇ ਜਦਰ ਵਿਚ ਇਸ ਟੂਰ ਦੇ ਦੂਜੇ ਗੇੜ ਦੇ ਫਾਈਨਲ ਮੈਚ ਨੂੰ ਰੱਦ ਕਰ ਦਿੱਤਾ ਗਿਆ।
ਜੋਕੋਵਿਕ ਨੇ ਤਦ ਆਪਣਾ ਟੈਸਟ ਨਹੀਂ ਕਰਾਇਆ ਸੀ ਤੇ ਬੇਲਗ੍ਰਾਦ ਪਰਤਣ ਤੋਂ ਬਾਅਦ ਉਸ ਦਾ ਟੈਸਟ ਹੋਇਆ। ਜ਼ਿਕਰਯੋਗ ਹੈ ਕਿ ਕ੍ਰੋਏਸ਼ੀਆ ਦੇ ਪ੍ਰਧਾਨ ਮੰਤਰੀ ਆਂਦ੍ਰੇਜ਼ ਪਲੇਂਕੋਵਿਚ ਵੀ ਸ਼ਾਨਦਾਰ ਨੂੰ ਜਦਰ ਟੂਰਨਾਮੈਂਟ ਵਿਚ ਪਹੁੰਚੇ ਸੀ ਤੇ ਟੈਨਿਸ ਖਿਡਾਰੀਆਂ ਨਾਲ ਮਿਲੇ ਸੀ। ਇਕ ਸਥਾਨਕ ਅਖਬਾਰ ਮੁਤਾਬਕ ਪ੍ਰਧਾਨ ਮੰਤਰੀ ਨੇ ਸੋਮਵਾਰ ਨੂੰ ਆਪਣਾ ਟੈਸਟ ਕਰਾਇਆ ਸੀ। ਏਡ੍ਰੀਆ ਟੂਰ ਨੂੰ ਦੇਖਣ ਲਈ ਗੈਲਰੀ ਦਰਸ਼ਕਾਂ ਨਾਲ ਖਚਾਖਚ ਭਰੀ ਹੋਈ ਸੀ। ਖਿਡਾਰੀ ਨੈਟ ‘ਤੇ ਇਕ-ਦੂਜੇ ਨੂੰ ਗਲੇ ਲਗਾ ਰਹੇ ਸੀ, ਤਸਵੀਰਾਂ ਖਿੱਚਵਾ ਰਹੇ ਸੀ ਤੇ ਕਲੱਬਾਂ ਵਿਚ ਡਾਂਸ ਕਰ ਰਹੇ ਸੀ। ਦੋਵੇਂ ਗੇੜਾਂ ਵਿਚ ਸੋਸ਼ਲ ਡਿਸਟੈਂਸਿੰਗ ਦਾ ਕੋਈ ਖਿਆਲ ਨਹੀਂ ਰੱਖਿਆ ਗਿਆ ਸੀ ਤੇ ਸਟੈਂਡ ਵਿਚ ਦਰਸ਼ਕ ਬਿਨਾ ਮਾਸਕ ਤੋਂ ਬੈਠੇ ਹੋਏ ਸਨ। ਇਸ ਟੂਰ ਵਿਚ ਮੋਂਟੇਨੇਗ੍ਰੋ ‘ਚ 27-28 ਜੂਨ ਨੂੰ ਹੋਣ ਵਾਲਾ ਤੀਜਾ ਗੇੜ ਕੋਰੋਨਾ ਕਾਰਨ ਪਹਿਲਾਂ ਹੀ ਰੱਦ ਕੀਤਾ ਜਾ ਚੁੱਕਾ ਹੈ। ਟੂਰ ਦਾ ਚੌਥਾ ਤੇ ਆਖਰੀ ਗੇੜ ਬੋਸ੍ਰੀਆ ਦੇ ਸ਼ਹਿਰ ਬਾਂਜਾ ਲੂਕਾ ‘ਚ 3-4 ਜੁਲਾਈ ਨੂੰ ਹੋਣਾ ਹੈ।


Share