ਟੈਕਸਾਸ ਸਕੂਲ ‘ਚ ਅੰਨ੍ਹੇਵਾਹ ਗੋਲੀਬਾਰੀ ਦੌਰਾਨ 21 ਹਲਾਕ

28
ਘਟਨਾ 'ਚ ਮਾਰੇ ਗਏ ਬੱਚਿਆਂ ਦੀ ਤਵਸੀਰ।
Share

18 ਸਾਲਾ ਬੰਦੂਕਧਾਰੀ ਦੀ ਪੁਲਿਸ ਨਾਲ ਮੁਕਾਬਲੇ ਦੌਰਾਨ ਹੋਈ ਮੌਤ

-13 ਬੱਚਿਆਂ ਸਮੇਤ 14 ਜਣੇ ਸਖਤ ਜ਼ਖਮੀ ਹਾਲਤ ‘ਚ ਹਸਪਤਾਲ ਦਾਖਲ
ਟੈਕਸਾਸ (ਅਨਵੇਡ), 25 ਮਈ (ਪੰਜਾਬ ਮੇਲ)- ਅਨਵੇਡ ਸ਼ਹਿਰ ਦੇ ਐਲੀਮੈਂਟਰੀ ਸਕੂਲ ‘ਚ ਇੱਕ ਬੰਦੂਕਧਾਰੀ ਵੱਲੋਂ ਗੋਲੀਬਾਰੀ ਕਰਕੇ 19 ਸਕੂਲੀ ਬੱਚਿਆਂ ਸਮੇਤ 21 ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦੇਣ ਦਾ ਦੁਖਦ ਸਮਾਚਾਰ ਪ੍ਰਾਪਤ ਹੋਇਆ ਹੈ। ਬਾਅਦ ‘ਚ ਪੁਲਿਸ ਨਾਲ ਮੁਕਾਬਲੇ ਦੌਰਾਨ ਬੰਦੂਕਧਾਰੀ ਮਾਰਿਆ ਗਿਆ।

ਗੋਲੀਬਾਰੀ ‘ਚ ਮਾਰੀ ਗਈ ਸਕੂਲ ਦੀ ਅਧਿਆਪਕਾ ਦੀ ਇਕ ਪੁਰਾਣੀ ਤਸਵੀਰ।

ਮਿਲੀ ਜਾਣਕਾਰੀ ਮੁਤਾਬਕ ਇਕ 18 ਸਾਲਾ ਨੌਜਵਾਨ ਨੇ ਅੰਨ੍ਹੇਵਾਹ ਗੋਲੀਆਂ ਚਲਾ ਕੇ ਇਥੇ 19 ਸਕੂਲੀ ਬੱਚਿਆਂ ਸਮੇਤ 21 ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਕਾਤਲ ਦੀ ਪਛਾਣ ਸਲਵਾਡੋਰ ਰਾਮੋਸ ਵਜੋਂ ਹੋਈ ਹੈ। ਉਹ ਯੁਵੈਲਡ ਦਾ ਰਹਿਣ ਵਾਲਾ ਸੀ। ਘਟਨਾ ਤੋਂ ਪਹਿਲਾਂ ਉਸ ਨੇ ਆਪਣੀ ਦਾਦੀ ਨੂੰ ਵੀ ਗੋਲੀ ਮਾਰੀ। ਉਪਰੰਤ ਉਸ ਨੇ ਆਪਣੀ ਕਾਰ ਸਕੂਲ ਦੇ ਨਜ਼ਦੀਕ ਹੀ ਦੁਰਘਟਨਾਗ੍ਰਸਤ ਕਰ ਲਈ। ਉਸਦੀ ਦਾਦੀ ਦੀ ਹਾਲਤ ਵੀ ਚਿੰਤਾਜਨਕ ਬਣੀ ਹੋਈ ਹੈ। ਪੁਲਿਸ ਅਨੁਸਾਰ ਕਾਤਲ ਨੇ ਇਕੱਲਿਆਂ ਹੀ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਕਾਤਲ ਇਸ ਘਟਨਾ ਨੂੰ ਅੰਜਾਮ ਦੇਣ ਲਈ ਵੱਖ-ਵੱਖ ਕਲਾਸਾਂ ਦੇ ਕਮਰਿਆਂ ‘ਚ ਗਿਆ। ਇਸ ਘਟਨਾ ‘ਚ ਸਖ਼ਤ ਜ਼ਖਮੀ ਹੋਏ 14 ਜਣਿਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ, ਜਿਨ੍ਹਾਂ ਵਿਚੋਂ 13 ਬੱਚੇ ਹਨ। ਵਾਰਦਾਤ ਤੋਂ ਤੁਰੰਤ ਬਾਅਦ ਸੁਰੱਖਿਆ ਦਸਤੇ ਘਟਨਾ ਸਥਾਨ ‘ਤੇ ਪਹੁੰਚ ਗਏ ਅਤੇ ਉਨ੍ਹਾਂ ਨੇ 18 ਸਾਲਾ ਬੰਦੂਕਧਾਰੀ ਸਲਵਾਡੋਰ ਰਾਮੋਸ ਨੂੰ ਵੀ ਮੌਕੇ ‘ਤੇ ਹੀ ਮਾਰ ਮੁਕਾਇਆ। ਪੁਲਿਸ ਘਟਨਾ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ।

ਗੋਲੀਬਾਰੀ ਕਰਨ ਵਾਲੇ ਬੰਦੂਕਧਾਰੀ ਦੀ ਸੀ.ਸੀ.ਟੀ.ਵੀ. ‘ਚੋਂ ਲਈ ਗਈ ਤਸਵੀਰ।

ਘਟਨਾ ਦੀ ਸੂਚਨਾ ਮਿਲਦਿਆਂ ਹੀ ਬੱਚਿਆਂ ਦੇ ਪਰਿਵਾਰਕ ਮੈਂਬਰ ਵੀ ਭਾਰੀ ਗਿਣਤੀ ਵਿਚ ਸਕੂਲ ਪਹੁੰਚ ਗਏ। ਹਰ ਪਾਸੇ ਦਹਿਸ਼ਤ ਦਾ ਮਾਹੌਲ ਸੀ। ਲੋਕ ਬਿਲਖ-ਬਿਲਖ ਕੇ ਰੋ ਰਹੇ ਸਨ।
ਜ਼ਿਕਰਯੋਗ ਹੈ ਕਿ ਇਹ ਸਕੂਲ ਗਰਮੀਆਂ ਦੀਆਂ ਛੁੱਟੀਆਂ ਲਈ ਸਿਰਫ ਦੋ ਦਿਨਾਂ ਬਾਅਦ ਹੀ ਬੰਦ ਹੋ ਜਾਣਾ ਸੀ। ਇਸ ਸਕੂਲ ਵਿਚ ਬਹੁਤੇ ਵਿਦਿਆਰਥੀ ਹਿਸਪੈਨਿਕ ਮੂਲ ਨਾਲ ਸੰਬੰਧਤ ਸਨ। ਯੁਵੈਲਡ ਕਾਊਂਟੀ ਦੀ ਆਬਾਦੀ 25 ਹਜ਼ਾਰ ਦੇ ਕਰੀਬ ਹੈ ਅਤੇ ਇਹ ਸੈਨ ਐਂਟੋਨੀਓ ਤੋਂ ਪੱਛਮ ਵੱਲ 85 ਮੀਲ ਦੀ ਦੂਰੀ ‘ਤੇ ਹੈ। ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਇਸ ਘਟਨਾ ‘ਤੇ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਹੈ ਅਤੇ ਘਟਨਾ ਦੇ ਪੀੜਤ ਲੋਕਾਂ ਨੂੰ ਸ਼ਰਧਾਂਜਲੀ ਵਜੋਂ ਸ਼ਨਿੱਚਰਵਾਰ ਤੱਕ ਰਾਸ਼ਟਰੀ ਝੰਡਿਆਂ ਨੂੰ ਅੱਧਾ ਝੁਕਾ ਕੇ ਰੱਖਣ ਦੇ ਨਿਰਦੇਸ਼ ਦਿੱਤੇ ਹਨ।
ਜ਼ਿਕਰਯੋਗ ਹੈ ਕਿ ਅਮਰੀਕਾ ਵਿਚ ਪਿਛਲੇ ਕੁੱਝ ਸਮੇਂ ਤੋਂ ਸਕੂਲਾਂ ‘ਚ ਗੋਲੀਬਾਰੀ ਦੀਆਂ ਘਟਨਾਵਾਂ ਵਧੀਆਂ ਹਨ। ਪਿਛਲੇ 5 ਮਹੀਨਿਆਂ ਵਿਚ ਹੀ ਇਥੇ ਸਕੂਲਾਂ ‘ਚ ਗੋਲੀਬਾਰੀ ਦੀ ਇਹ 30ਵੀਂ ਘਟਨਾ ਹੈ।

ਮ੍ਰਿਤਕਾਂ ਦੇ ਪਰਿਵਾਰਕ ਮੈਂਬਰ ਵਿਰਲਾਪ ਕਰਦੇ ਹੋਏ ।


Share