ਟੈਕਸਾਸ ਵਿੱਚ ਭਾਰਤੀ ਮੂਲ ਦੀ 43 ਸਾਲਾ ਔਰਤ ਦਾ ਕਤਲ

562
Share

ਪਲਾਨੋ (ਟੈਕਸਾਸ), 4 ਅਗਸਤ (ਪੰਜਾਬ ਮੇਲ)- ਅਮਰੀਕਾ ਦੇ ਟੈਕਸਾਸ ਵਿੱਚ ਭਾਰਤੀ ਮੂਲ ਦੀ ਇੱਕ 43 ਸਾਲਾ ਔਰਤ ਦਾ ਕਤਲ ਕਰ ਦਿੱਤਾ ਗਿਆ। ਸ਼ਰਮਿਸ਼ਠਾ ਸੇਨ ਨਾਂ ਦੀ ਇਸ ਔਰਤ ਦਾ ਕਤਲ ਉਸ ਵੇਲੇ ਹੋਇਆ, ਜਦੋਂ ਉਹ ਇੱਕ ਪਾਰਕ ਵਿੱਚ ਜੋਗਿੰਗ ਕਰ ਰਹੀ ਸੀ। ਇਸ ਮਾਮਲੇ ਵਿੱਚ ਪੁਲਿਸ ਨੇ ਇੱਕ ਸ਼ੱਕੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਮੁਤਾਬਕ ਸ਼ਰਮਿਸ਼ਠਾ ਸੇਨ ਦਾ ਕਤਲ ਉਸ ਵੇਲੇ ਹੋਇਆ, ਜਦੋਂ ਉਹ ਟੈਕਸਾਸ ਸੂਬੇ ਦੇ ਪਲਾਨੋ ਸ਼ਹਿਰ ਵਿੱਚ ਸਥਿਤ ਆਪਣੇ ਘਰ ਤੋਂ ਕੁਝ ਦੂਰ ਚਿਸ਼ਹੋਮ ਪਾਰਕ ਵਿੱਚ ਜੌਗਿੰਗ ਕਰ ਰਹੀ ਸੀ। ਉਹ ਇੱਕ ਫਾਰਮਾ ਕੰਪਨੀ ਵਿੱਚ ਰਿਸਰਚਰ ਸੀ। ਸਥਾਨਕ ਭਾਰਤੀ ਭਾਈਚਾਰੇ ਵਿੱਚ ਉਸ ਦੀ ਇੱਕ ਡਾਂਸਰ ਅਤੇ ਸਿੰਗਰ ਵਜੋਂ ਕਾਫ਼ੀ ਪਛਾਣ ਸੀ। ਇਸ ਕਤਲ ਮਾਮਲੇ ਵਿੱਚ ਪੁਲਿਸ ਨੇ 29 ਸਾਲਾ ਬਾਕਾਰੀ ਐਬਿਓਨਾ ਮੋਂਕ੍ਰੀਫ਼ ਨਾਮਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਮੁਤਾਬਕ ਬਾਕਾਰੀ ਨੂੰ ਪਹਿਲਾਂ ਵੀ ਚੋਰੀ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਜਿਸ ਸਮੇਂ ਸ਼ਰਮਿਸ਼ਠਾ ਸੇਨ ਦਾ ਕਤਲ ਹੋਇਆ, ਉਸ ਤੋਂ ਕੁਝ ਦੇਰ ਪਹਿਲਾਂ ਇੱਕ ਨਜ਼ਦੀਕੀ ਘਰ ਵਿੱਚ ਚੋਰੀ ਦੀ ਕੋਸ਼ਿਸ਼ ਵੀ ਹੋਈ ਸੀ। ਪੁਲਿਸ ਨੂੰ ਇੱਕ ਸੀਸੀਟੀਵੀ ਫੁਟੇਜ ਵੀ ਮਿਲੀ ਹੈ। ਹੁਣ ਇਹ ਪਤਾ ਲਾਉਣ ਦਾ ਯਤਨ ਕੀਤਾ ਜਾ ਰਿਹਾ ਹੈ ਕਿ ਜਿਸ ਦੋਸ਼ੀ ਨੇ ਚੋਰੀ ਦੀ ਕੋਸ਼ਿਸ਼ ਕੀਤੀ ਸੀ, ਕਿਤੇ ਉਸੇ ਨੇ ਸ਼ਰਮਿਸ਼ਠਾ ਦਾ ਕਤਲ ਤਾਂ ਨਹੀਂ ਕੀਤਾ।
ਇੱਕ ਪੁਲਿਸ ਅਧਿਕਾਰੀ ਨੇ ਕਿਹਾ ਕਿ ਇਸ ਤਰ•ਾਂ ਦੀ ਘਟਨਾ ਬੇਹੱਦ ਚਿੰਤਾ ਵਾਲੀ ਗੱਲ ਹੈ। ਦੁਬਾਰਾ ਅਜਿਹੀ ਘਟਨਾ ਨਾ ਵਾਪਰੇ, ਇਸ ਦੇ ਲਈ ਜ਼ਰੂਰੀ ਕਦਮ ਚੁੱਕੇ ਜਾਣਗੇ। ਸ਼ਰਮਿਸ਼ਠਾ ਸੇਨ ਦੇ ਭਰਾ ਸੁਮਿਤ ਨੇ ਕਿਹਾ ਕਿ ਉਹ ਬਹੁਤ ਚੰਗੇ ਸੁਭਾਅ ਦੀ ਮਾਲਕਣ ਸੀ। ਕਿਸੇ ਨਾਲ ਵੀ ਬੜੀ ਛੇਤੀ ਘੁਲਮਿਲ ਜਾਂਦੀ ਸੀ। ਸ਼ਰਮਿਸ਼ਠਾ ਆਪਣੇ ਪਿੱਛੇ ਪਤੀ ਤੇ ਦੋ ਬੇਟੇ ਛੱਡ ਗਈ ਹੈ। ਜਿੱਥੇ ਉਸ ਦਾ ਕਤਲ ਹੋਇਆ, ਉਸ ਥਾਂ ‘ਤੇ ਸਥਾਨਕ ਲੋਕਾਂ ਨੇ ਫੁੱਲ ਰੱਖ ਕੇ ਸ਼ਰਮਿਸ਼ਠਾ ਨੂੰ ਸ਼ਰਧਾਂਜਲੀ ਦਿੱਤੀ।


Share