ਟੈਕਸਾਸ ਵਿੱਚ ਪ੍ਰਵਾਸੀਆਂ ਨੂੰ ਲਿਜਾ ਰਹੀ ਵੈਨ ਹੋਈ ਹਾਦਸਾਗ੍ਰਸਤ; ਘੱਟੋ-ਘੱਟ 10 ਲੋਕਾਂ ਦੀ ਮੌਤ

455
Share

ਫਰਿਜ਼ਨੋ, 5 ਅਗਸਤ (ਮਾਛੀਕੇ/ਧਾਲੀਆਂ/ਪੰਜਾਬ ਮੇਲ)-ਅਮਰੀਕਾ ਦੇ ਟੈਕਸਾਸ ਵਿੱਚ ਤਕਰੀਬਨ  29 ਪ੍ਰਵਾਸੀਆਂ ਨੂੰ ਲੈ ਕੇ ਜਾ ਰਹੀ ਇੱਕ ਓਵਰਲੋਡ ਵੈਨ ਬੁੱਧਵਾਰ ਨੂੰ ਦੱਖਣੀ ਟੈਕਸਾਸ ਦੀ ਸੜਕ ‘ਤੇ ਦੁਰਘਟਨਾ ਗ੍ਰਸਤ ਹੋ ਗਈ, ਜਿਸ ਕਾਰਨ ਡਰਾਈਵਰ ਸਮੇਤ ਘੱਟੋ ਘੱਟ 10 ਲੋਕਾਂ ਦੀ ਮੌਤ ਹੋ ਗਈ ਅਤੇ 20 ਹੋਰ ਜ਼ਖਮੀ ਹੋ ਗਏ। ਪੁਲਿਸ ਦੁਆਰਾ ਇਹ ਮੰਨਿਆ ਜਾ ਰਿਹਾ ਹੈ ਕਿ ਇਹ ਵੈਨ ਸੰਭਾਵਿਤ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਲਿਜਾ ਰਹੀ ਸੀ। ਅਧਿਕਾਰੀਆਂ ਅਨੁਸਾਰ ਇਹ ਹਾਦਸਾ ਯੂ ਐਸ 281, ਟੈਕਸਾਸ ਦੇ ਐਨਸੀਨੋ ਵਿੱਚ, ਮੈਕਲੇਨ ਦੇ ਉੱਤਰ ਵਿੱਚ ਲਗਭਗ 50 ਮੀਲ ਉੱਤਰ ਵਿੱਚ
ਸ਼ਾਮ 4 ਵਜੇ ਦੇ ਬਾਅਦ ਵਾਪਰਿਆ। ਟੈਕਸਾਸ ਡਿਪਾਰਟਮੈਂਟ ਆਫ਼ ਪਬਲਿਕ ਸੇਫਟੀ ਅਨੁਸਾਰ 15 ਯਾਤਰੀਆਂ ਦੀ ਸਮਰੱਥਾ ਵਾਲੀ ਵੈਨ ਤੇਜ਼ ਰਫ਼ਤਾਰ ਨਾਲ ਚੱਲ ਰਹੀ ਸੀ ਜਦੋਂ ਡਰਾਈਵਰ ਨੇ ਹਾਈਵੇਅ ਤੋਂ  ਰੂਟ 281 ‘ਤੇ ਘੁੰਮਣ ਦੀ ਕੋਸ਼ਿਸ਼ ਕੀਤੀ ਅਤੇ ਇਸ ਦੌਰਾਨ ਵੈਨ ਦਾ ਕੰਟਰੋਲ ਵਿਗੜ ਗਿਆ ਅਤੇ ਖੰਭੇ ਨਾਲ ਟਕਰਾ ਕੇ ਹਾਦਸੇ ਦਾ ਸ਼ਿਕਾਰ ਹੋ ਗਈ। ਪੁਲਿਸ ਅਨੁਸਾਰ ਵੈਨ ਵਿੱਚ ਸਵਾਰ 30 ਲੋਕਾਂ ਦੀ ਪਛਾਣ ਫਿਲਹਾਲ ਗੁਪਤ ਰੱਖੀ ਗਈ ਹੈ। ਅਧਿਕਾਰੀਆਂ ਅਨੁਸਾਰ ਗੈਰਕਾਨੂੰਨੀ ਢੰਗ ਨਾਲ ਸਰਹੱਦ ਪਾਰ ਕਰਨ ਵਾਲੇ ਪ੍ਰਵਾਸੀਆਂ ਦੁਆਰਾ ਪੈਸੇ ਦੇ ਕੇ ਵਾਹਨਾਂ ਰਾਹੀਂ ਅਮਰੀਕਾ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰਦਿਆਂ ਹੋਣ ਵਾਲੇ ਹਾਦਸਿਆਂ ਵਿੱਚ ਵਾਧਾ ਹੋ ਰਿਹਾ ਹੈ। ਇਸ ਕੋਸ਼ਿਸ਼ ਦੌਰਾਨ ਲਾਪਰਵਾਹੀ, ਤੇਜ ਗਤੀ ਨਾਲ ਗੱਡੀ ਚਲਾਉਂਦਿਆਂ ਇਹ ਹਾਦਸੇ ਵਾਪਰਦੇ ਹਨ।

Share