ਟੈਕਸਾਸ ਦੇ ਡਾਕਟਰ ‘ਤੇ ਆਪਣੇ ਪਰਿਵਾਰ ਲਈ ਕੋਰੋਨਾਂ ਵਾਇਰਸ ਦੇ ਟੀਕੇ ਦੀਆਂ ਖੁਰਾਕਾਂ ਚੋਰੀ ਕਰਨ ਦਾ ਲੱਗਾ ਦੋਸ਼ 

438
Share

ਫਰਿਜ਼ਨੋ (ਕੈਲੀਫੋਰਨੀਆਂ), 23  ਜਨਵਰੀ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ/(ਪੰਜਾਬ ਮੇਲ)- ਅਮਰੀਕੀ ਸੂਬੇ ਟੈਕਸਾਸ ਦੇ ਇੱਕ ਡਾਕਟਰ ‘ਤੇ ਕੋਰੋਨਾਂ ਵਾਇਰਸ ਦੇ ਟੀਕਿਆਂ ਦੀਆਂ ਖੁਰਾਕਾਂ ਨੂੰ ਚੋਰੀ ਕਰਨ ਦਾ ਦੋਸ਼ ਲੱਗਿਆ ਹੈ। ਹੈਰਿਸ ਕਾਉਂਟੀ ਦੇ ਜ਼ਿਲ੍ਹਾ ਅਟਾਰਨੀ ਕਿਮ ਓਗ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ  ਕਾਉਂਟੀ ਦੇ ਪਬਲਿਕ ਹੈਲਥ ਸਿਸਟਮ ਨਾਲ ਕੰਮ ਕਰਨ ਵਾਲੇ ਡਾਕਟਰ ਹਸਨ ਗੋਕਲ ‘ਤੇ 29 ਦਸੰਬਰ ਨੂੰ ਹੰਬਲ ਟੀਕਾਕਰਨ ਸਾਈਟ ਤੇ ਕੰਮ ਕਰਨ ਦੌਰਾਨ ਕੋਰੋਨਾਂ ਟੀਕੇ ਦੀਆਂ 9 ਖੁਰਾਕਾਂ ਨੂੰ ਚੋਰੀ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਟੀਕਿਆਂ ਨੂੰ ਚੋਰੀ ਕਰਨ ਦੇ ਇੱਕ ਹਫ਼ਤੇ ਬਾਅਦ, ਗੋਕਲ ਨੇ ਆਪਣੇ ਇੱਕ ਸਹਿ ਕਰਮਚਾਰੀ ਨੂੰ ਚੋਰੀ ਦੀ ਇਸ ਘਟਨਾ ਬਾਰੇ ਦੱਸਿਆ , ਜਿਸ ਨੇ ਇਸ ਬਾਰੇ ਆਪਣੇ ਸੁਪਰਵਾਈਜ਼ਰਾਂ ਨੂੰ ਸ਼ਿਕਾਇਤ ਕੀਤੀ। ਜਿਸ ਕਰਕੇ
ਡਾਕਟਰ ਗੋਕਲ  ਦੀ ਇਸ ਹਰਕਤ ਨਾਲ ਬਾਅਦ ਵਿੱਚ ਉਸਨੂੰ ਨੌਕਰੀ ਤੋਂ ਹਟਾ ਦਿੱਤਾ ਗਿਆ। ਓਗ ਨੇ ਦੱਸਿਆ ਕਿ  ਗੋਕਲ ਨੇ ਟੀਕੇ ਦੀਆਂ ਖੁਰਾਕਾਂ ਨੂੰ ਜਰੂਰਤਮੰਦਾਂ ਨੂੰ ਦੇਣ ਦੀ ਬਜਾਏ ਆਪਣੇ ਪਰਿਵਾਰ ਅਤੇ ਦੋਸਤਾਂ ਨੂੰ ਦੇਣ ਲਈ ਚੋਰੀ ਕੀਤਾ ਜੋ ਕਿ ਗੈਰਕਾਨੂੰਨੀ ਹੈ ਅਤੇ ਇਸ ਦੋਸ਼ ਲਈ ਗੋਕਲ ਨੂੰ ਕਾਨੂੰਨ ਅਧੀਨ ਜਵਾਬਦੇਹ ਠਹਿਰਾਇਆ ਜਾਵੇਗਾ। ਜਦਕਿ ਗੋਕਲ ਦੇ ਵਕੀਲ ਪੌਲ ਡੋਇਲ ਨੇ ਡਾਕਟਰ ਦਾ ਬਚਾਅ ਕਰਦਿਆਂ ਕਿਹਾ ਕਿ ਇਹ ਟੀਕਾ ਕਿਸੇ ਵੀ ਸਮੇਂ ਖਤਮ ਹੋ ਸਕਦਾ ਸੀ। ਇਸ ਮਾਮਲੇ ਨਾਲ ਜੁੜੇ ਅਧਿਕਾਰੀਆਂ ਅਨੁਸਾਰ ਕੋਰੋਨਾਂ ਵਾਇਰਸ ਦੇ ਟੀਕਿਆਂ ਦੀ ਚੋਰੀ ਦੇ ਦੋਸ਼ ਦਾ ਸਾਹਮਣਾ ਕਰ ਰਹੇ ਡਾਕਟਰ ਹਸਨ ਗੋਕਲ ਨੂੰ ਜੇਲ੍ਹ ਦੀ ਸਜਾ ਦੇ ਨਾਲ  4,000 ਡਾਲਰ ਤੱਕ ਦਾ ਜ਼ੁਰਮਾਨਾ ਵੀ ਹੋ ਸਕਦਾ ਹੈ।

Share