ਟੈਕਸਾਸ ‘ਚ  ਸਕੂਲ ਦੇ ਪ੍ਰਿੰਸੀਪਲ ਨੂੰ  ਸਾਬਕਾ ਵਿਦਿਆਰਥੀ ਨੇ ਮਾਰੀ ਗੋਲੀ

479
Share

ਫਰਿਜ਼ਨੋ, 3 ਅਕਤੂਬਰ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਟੈਕਸਾਸ ਦੇ ਹਿਊਸਟਨ ਵਿੱਚ ਇੱਕ ਪਬਲਿਕ ਚਾਰਟਰ ਸਕੂਲ ਦੇ ਇੱਕ ਸਾਬਕਾ ਵਿਦਿਆਰਥੀ ਨੇ ਸ਼ੁੱਕਰਵਾਰ ਨੂੰ ਕੈਂਪਸ ਦੇ ਪ੍ਰਿੰਸੀਪਲ ਨੂੰ ਸਵੇਰੇ 11:45 ਦੇ ਕਰੀਬ ਰਾਈਫਲ ਨਾਲ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ।
ਇਸ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਹਿਊਸਟਨ ਦੇ ਪੁਲਿਸ ਮੁਖੀ ਟਰੌਏ ਫਿਨਰ ਨੇ ਦੱਸਿਆ ਕਿ 25 ਸਾਲਾਂ ਦੇ ਇੱਕ ਵਿਅਕਤੀ ਜੋ ਕਿ ਸਕੂਲ ਦਾ ਸਾਬਕਾ ਵਿਦਿਆਰਥੀ ਸੀ , ਨੇ ਯੇਸ ਪ੍ਰੈਪ ਸਾਊਥਵੈਸਟ ਸੈਕੰਡਰੀ ਵਿਖੇ ਇੱਕ ਬੰਦ ਕੀਤੇ ਕੱਚ ਦੇ ਦਰਵਾਜ਼ੇ ਰਾਹੀਂ ਪ੍ਰਿੰਸੀਪਲ ਨੂੰ ਗੋਲੀ ਮਾਰੀ, ਜਦਕਿ ਇਸ ਗੋਲੀਬਾਰੀ ਵਿੱਚ  ਕਿਸੇ ਵੀ ਵਿਦਿਆਰਥੀ ਨੂੰ ਸੱਟ ਨਹੀਂ ਲੱਗੀ। ਪੁਲਿਸ ਨੇ ਸ਼ੁਰੂ ਵਿੱਚ ਜ਼ਖਮੀ ਦੀ ਪਛਾਣ ਇੱਕ ਸਕੂਲ ਕਰਮਚਾਰੀ ਵਜੋਂ ਕੀਤੀ ਸੀ, ਪਰ ਬਾਅਦ ਵਿੱਚ ਯੈਸ ਪ੍ਰੈਪ ਚਾਰਟਰ ਸਿਸਟਮ ਦੇ ਇੱਕ ਬਿਆਨ ਨੇ ਉਸਦੀ ਪਛਾਣ ਪ੍ਰਿੰਸੀਪਲ ਐਰਿਕ ਐਸਪਿਨੋਜ਼ਾ ਵਜੋਂ ਕੀਤੀ। ਅਧਿਕਾਰੀਆਂ ਅਨੁਸਾਰ ਪ੍ਰਿੰਸੀਪਲ ਨੂੰ ਗੋਲੀ ਲੱਗਣ ਕਾਰਨ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ।
ਪੁਲਿਸ ਨੇ ਗੋਲੀ ਚਲਾਉਣ ਵਾਲੇ ਦਾ ਨਾਮ ਨਹੀਂ ਦੱਸਿਆ ਪਰ ਕਿਹਾ ਕਿ ਉਸ ਦੀ ਪਛਾਣ ਇੱਕ ਸਾਬਕਾ ਵਿਦਿਆਰਥੀ ਵਜੋਂ ਹੋਈ । ਪੁਲਿਸ ਨੇ ਦੱਸਿਆ ਕਿ ਇਸ ਗੋਲੀਬਾਰੀ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਜਦਕਿ ਹਮਲਾ ਕਰਨ ਵਾਲੇ ਨੇ ਪੁਲਿਸ ਨੂੰ ਆਤਮ ਸਮਰਪਣ ਕਰ ਦਿੱਤਾ ਸੀ। ਇਸ ਹਾਦਸੇ ਨਾਲ ਸਕੂਲ ਵਿੱਚ ਪੜ੍ਹਦੇ ਬੱਚਿਆਂ ਦੇ ਮਾਪਿਆਂ ਵਿੱਚ ਸਹਿਮ ਪੈਦਾ ਹੋ ਗਿਆ ਹੈ।

Share